nabaz-e-punjab.com

ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਮੁਹਾਲੀ ਦੇ ਅੱਠ ਕੈਡਿਟ ਐਨਡੀਏ ਸਮੇਤ ਹੋਰ ਟਰੇਨਿੰਗ ਅਕੈਡਮੀਆਂ ਵਿੱਚ ਸ਼ਾਮਲ

ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੇ ਹੁਣ ਤੱਕ 147 ਕੈਡਿਟ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਬਣੇ

ਰੱਖਿਆ ਸੇਵਾਵਾਂ ਵਿੱਚ ਸ਼ਾਮਲ ਹੋਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਨੂੰ ਨਵੇਂ ਮੌਕੇ ਦੇ ਰਹੀ ਹੈ ਪੰਜਾਬ ਸਰਕਾਰ: ਅਮਨ ਅਰੋੜਾ

ਨਬਜ਼-ਏ-ਪੰਜਾਬ, ਮੁਹਾਲੀ, 4 ਜਨਵਰੀ:
ਇੱਥੋਂ ਦੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਸੈਕਟਰ-77 (ਮੁਹਾਲੀ) ਦੇ ਅੱਠ ਕੈਡਿਟ ਪਿਛਲੇ ਦੋ ਹਫ਼ਤਿਆਂ ਦੌਰਾਨ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ), ਟੈਕਨੀਕਲ ਐਂਟਰੀ ਸਕੀਮ (ਟੀਈਐਸ) ਤਹਿਤ ਕੈਡਿਟ ਟਰੇਨਿੰਗ ਵਿੰਗਜ਼ (ਸੀ.ਟੀ.ਡਬਲਿਊ.) ਅਤੇ ਏਅਰ ਫੋਰਸ ਅਕੈਡਮੀ (ਏਐਫ਼ਏ) ਵਿੱਚ ਸ਼ਾਮਲ ਹੋਏ ਹਨ। ਇਨ੍ਹਾਂ ਅੱਠ ਕੈਡਿਟਾਂ ਦੇ ਸ਼ਾਮਲ ਹੋਣ ਨਾਲ ਇੰਸਟੀਚਿਊਟ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕੁੱਲ 226 ਕੈਡਿਟ ਵੱਖ-ਵੱਖ ਸਰਵਿਸ ਟਰੇਨਿੰਗ ਅਕੈਡਮੀਆਂ ਵਿੱਚ ਸ਼ਾਮਲ ਹੋ ਚੁੱਕੇ ਹਨ। ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਇੰਸਟੀਚਿਊਟ ਦੇ 147 ਸਾਬਕਾ ਕੈਡਿਟ ਰੱਖਿਆ ਸੇਵਾਵਾਂ ਵਿੱਚ ਅਫ਼ਸਰ ਵਜੋਂ ਭਰਤੀ ਹੋਏ ਹਨ। 54.89 ਫੀਸਦੀ ਦੀ ਚੋਣ ਦਰ ਨਾਲ ਇਹ ਇੰਸਟੀਚਿਊਟ ਦੇਸ਼ ਦੀ ਸਭ ਤੋਂ ਸਫਲ ਸੰਸਥਾ ਵਜੋਂ ਉੱਭਰੀ ਹੈ।
ਉਨ੍ਹਾਂ ਦੱਸਿਆ ਕਿ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਵਿੱਚ ਚੁਣੇ ਜਾਣ ਵਾਲੇ ਪੰਜ ਕੈਡਿਟਾਂ ਵਿੱਚ ਤੇਜਿੰਦਰਪਾਲ ਸਿੰਘ, ਅਸ਼ਮਿਤ, ਲਕਸ਼ਯ ਕੁਮਾਰ ਸ਼ਰਮਾ, ਵਿਸ਼ਵਾਸ ਮਿੱਤਲ ਅਤੇ ਮੋਕਸ਼ ਸੈਣੀ ਸ਼ਾਮਲ ਹਨ। ਦੋ ਕੈਡਿਟਾਂ ਸਕਸ਼ਮ ਮਲਿਕ ਅਤੇ ਮਹਿਤਾਬ ਸਿੰਘ ਸਿੱਧੂ ਨੇ ਟੈਕਨੀਕਲ ਐਂਟਰੀ ਸਕੀਮ (ਟੀਈਐਸ) ਤਹਿਤ ਕੈਡਿਟ ਟਰੇਨਿੰਗ ਵਿੰਗਜ਼ ਵਿੱਚ ਸੀਟਾਂ ਹਾਸਲ ਕੀਤੀਆਂ ਹਨ ਜਦੋਂਕਿ ਗੁਰਸ਼ੇਰ ਸਿੰਘ ਚੀਮਾ ਏਅਰ ਫੋਰਸ ਅਕੈਡਮੀ (ਏਐਫ਼ਏ) ਵਿੱਚ ਸ਼ਾਮਲ ਹੋਏ। ਵੱਖ-ਵੱਖ ਅਕੈਡਮੀਆਂ ਵਿੱਚ ਸ਼ਾਮਲ ਹੋਣ ’ਤੇ ਅਮਨ ਅਰੋੜਾ ਨੇ ਇਨ੍ਹਾਂ ਸਾਰੇ ਕੈਡਿਟਾਂ ਨੂੰ ਉਨ੍ਹਾਂ ਦੀ ਸਿਖਲਾਈ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰੱਖਿਆ ਸੇਵਾਵਾਂ ਵਿੱਚ ਸ਼ਾਮਲ ਹੋਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਨੂੰ ਨਵੇਂ ਮੌਕੇ ਦੇ ਰਹੀ ਹੈ।
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੇ ਐਚ.ਚੌਹਾਨ ਨੇ ਕੈਡਿਟਾਂ ਨੂੰ ਆਪਣੇ ਫ਼ਰਜ਼ ’ਤੇ ਖਰਾ ਉੱਤਰਨ, ਪੰਜਾਬ ਦੇ ਯੋਗ ਸਪੂਤ ਅਤੇ ਰਾਸ਼ਟਰ ਦੇ ਸੱਚੇ ਸਿਪਾਹੀ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਇੰਸਟੀਚਿਊਟ ਦੇ ਨਵੇਂ ਕੋਰਸ (14ਵੇਂ ਕੋਰਸ) ਲਈ ਦਾਖ਼ਲਾ ਪ੍ਰੀਖਿਆ 14 ਜਨਵਰੀ ਨੂੰ ਹੋਵੇਗੀ, ਜਿਸ ਲਈ 4100 ਤੋਂ ਵੱਧ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ, ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…