ਸਿੱਖਿਆ ਬੋਰਡ ਵੱਲੋਂ ਪੰਜਾਬ ਵਿੱਚ ਮਿੱਠੇ ਬੋਲਾਂ ਤੇ ਨੈਤਿਕ ਕਦਰਾਂ-ਕੀਮਤਾਂ ਦੀ ਅਲਖ ਜਗਾਉਣ ਦਾ ਹੋਕਾ

ਮਨਜੀਤ ਇੰਦਰਾ, ਬਾਲ ਮੁਕੰਦ ਸ਼ਰਮਾ, ਲੱਖਾ ਲਹਿਰੀ, ਹਰਦੇਵ ਚੌਹਾਨ, ਜਸਵਿੰਦਰ ਸਿੰਘ ਤੇ ਹੋਰ ਸ਼ਖ਼ਸੀਅਤਾਂ ਨੇ ਕੀਤੀ ਚਰਚਾ

ਨਬਜ਼-ਏ-ਪੰਜਾਬ, ਮੁਹਾਲੀ, 18 ਅਪਰੈਲ:
ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਅਤੇ ਪੰਜਾਬੀ ਭਾਸ਼ਾ ਦੇ ਨਿੱਗਰ ਵਿਕਾਸ ਲਈ ਕੀਤੇ ਦਾ ਰਹੇ ਅਣਥੱਕ ਯਤਨਾਂ ਨਾਲ ਹਮਕਦਮ ਹੁੰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇੱਕ ਨਿਵੇਕਲੀ ਪਹਿਲ ਵਜੋਂ ਸਮਾਜ ਦੇ ਆਮ ਵਰਤਾਰੇ ’ਚੋਂ ਪੰਜਾਬੀ ਬੋਲੀ ਦੀ ਮਿਠਾਸ ਅਤੇ ਪੰਜਾਬੀਆਂ ਦੀਆਂ ਨੈਤਿਕ ਕਦਰਾਂ-ਕੀਮਤਾਂ ਦੀ ਪੁਨਰ-ਸੁਰਜੀਤੀ ਲਈ ਉਪਰਾਲੇ ਅਰੰਭੇ ਹਨ। ਇਸੇ ਦਿਸ਼ਾ ਵਿੱਚ ਇੱਕ ਵਿਚਾਰ-ਚਰਚਾ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿੱਚ ਕਰਵਾਈ ਗਈ। ਇਸ ਦੌਰਾਨ ਹੋਰ ਸੰਚਾਰ ਮਾਧਿਅਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਰਾਹੀਂ ਪੰਜਾਬੀ ਵਿਦਿਆਰਥੀਆਂ ਤੇ ਨੌਜਵਾਨੀ ਵਿੱਚ ਸ਼ਾਨਾਂ-ਮੱਤੇ ਇਤਿਹਾਸ ਅਤੇ ਸਭਿਆਚਾਰ ਤੋਂ ਪੇ੍ਰਰਨਾ ਲੈ ਕੇ ਕਿਰਦਾਰਾਂ ਦੀ ਨਵ-ਉਸਾਰੀ ਕੀਤੇ ਜਾਣ ਦੀ ਲੋੜ ਦਾ ਵਿਚਾਰ ਉੱਭਰ ਕੇ ਸਾਹਮਣੇ ਆਇਆ।
ਸਕੂਲ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਗੁਰੂਆਂ-ਪੀਰਾਂ ਦੀ ਵਰੋਸਾਈ ਇਸ ਧਰਤ ਦੀ ਮਾਖਿਓਂ ਮਿੱਠੀ ਬੋਲੀ ਵਿੱਚ ਅੱਪ-ਭਾਸ਼ਾ ਦਾ ਰਲੇਵਾਂ ਸਾਨੂੰ ਇਸ ਪਾਸੇ ਸੁਧਾਰ ਕਰਨ ਵੱਲ ਨਿੱਗਰ ਕਦਮ ਪੁੱਟਣ ਲਈ ਮਜਬੂਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਡ-ਵਡੇਰਿਆਂ ਵੱਲੋਂ ਕਾਇਮ ਕੀਤੇ ਗਏ ਸਭਿਆਚਾਰ ਅਤੇ ਇਖ਼ਲਾਕ ਪੰਜਾਬ ਦੇ ਸਦੀਵੀ ਗੁਣ ਹੋਣ ਦੀ ਮੰਗ ਕਰਦੇ ਹਨ ਅਤੇ ਵਰਤਮਾਨ ਵਿੱਚ ਓਹੀ ਸ਼ਾਨ ਦੀ ਬਹਾਲੀ ਕੀਤੀ ਜਾਣ ਦੀ ਵੱਡੀ ਲੋੜ ਹੈ। ਡਾ. ਅਮਰਪਾਲ ਸਿੰਘ ਨੇ ਨੈਤਿਕ ਸਿੱਖਿਆ ਅਤੇ ਪੰਜਾਬੀ ਭਾਸ਼ਾ ਦੇ ਖੇਤਰਾਂ ਵਿੱਚ ਕੀਤੇ ਜਾ ਰਹੇ ਬੋਰਡ ਦੇ ਕਾਰਜਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਉੱਘੀ ਲੇਖਕਾ, ਸ਼ਾਇਰਾ ਅਤੇ ਸਾਬਕਾ ਪ੍ਰੋਫ਼ੈਸਰ ਸ੍ਰੀਮਤੀ ਮਨਜੀਤ ਇੰਦਰਾ ਨੇ ਪੰਜਾਬੀ ਭਾਸ਼ਾ ਤੇ ਨੈਤਿਕ ਕਦਰਾਂ-ਕੀਮਤਾਂ ਨੂੰ ਲਾਗੂ ਕਰਨ ਦੇ ਨਾਲ-ਨਾਲ ਬੱਚਿਆਂ ਦੇ ਬੌਧਿਕ ਪੱਧਰ ਨੂੰ ਉੱਚਾ ਚੁੱਕਣ ’ਤੇ ਉਚੇਚਾ ਜ਼ੋਰ ਦਿੱਤਾ। ਉਨ੍ਹਾਂ ਆਪਣੀ ਜ਼ਿੰਦਗੀ ਦੇ ਕਈ ਪ੍ਰੇਰਕ ਪ੍ਰਸੰਗ ਵੀ ਸਾਂਝੇ ਕੀਤੇ। ਐਟਰਨਲ ਯੂਨੀਵਰਸਿਟੀ, ਸ੍ਰੀ ਬੜੂ ਸਾਹਿਬ ਦੇ ਵਾਈਸ ਚਾਂਸਲਰ ਡਾ. ਜਸਵਿੰਦਰ ਸਿੰਘ ਨੇ ਬੋਰਡ ਦੀ ਸਿੱਖਿਆ ਦੇ ਖੇਤਰ ਵਿੱਚ ਸ਼ਾਖ਼ ਅਤੇ ਦੇਣ ਤੋਂ ਇਲਾਵਾ ਦਸਤਾਵੇਜ਼ਾਂ ਦੀ ਪ੍ਰਮਾਣਿਕਤਾ ‘ਤੇ ਚਾਨਣਾ ਪਾਉਂਦਿਆਂ ਤਬਦੀਲੀਆਂ ਦੇ ਹਾਣੀ ਬਣਨ ਤੇ ਇਤਿਹਾਸਕ ਸ਼ਾਨ ਕਾਇਮ ਰੱਖਣ ਦਾ ਹੋਕਾ ਦਿੱਤਾ। ਉਨ੍ਹਾਂ ਪੰਜਾਬੀ ਭਾਸ਼ਾ ਤੇ ਨੈਤਿਕ ਕਦਰਾਂ-ਕੀਮਤਾਂ ਸਬੰਧੀ ਅਰੰਭੇ ਕਾਰਜਾਂ ਦੀ ਵਧਾਈ ਦਿੰਦਿਆਂ ਇਨ੍ਹਾਂ ਗੁਣਾਂ ਨੂੰ ਮੁੱਢਲੀ ਸਿੱਖਿਆ ਨੀਤੀ ਵਾਂਗ ਲਾਗੂ ਕੀਤੇ ਜਾਣ ’ਤੇ ਵੀ ਜ਼ੋਰ ਦਿੱਤਾ।
ਪੰਜਾਬ ਰਾਜ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਸਿੱਖਿਆ ਬੋਰਡ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਨੈਤਿਕ ਕਦਰਾਂ-ਕੀਮਤਾਂ ਨੂੰ ਵੱਖ-ਵੱਖ ਸੰਚਾਰ ਮਾਧਿਅਮਾਂ ਰਾਹੀਂ ਪ੍ਰਚਾਰੇ ਜਾਣ ਦਾ ਹੋਕਾ ਦਿੰਦਿਆਂ ਕਿਹਾ ਕਿ ਸਮਾਜਿਕ ਤਬਦੀਲੀਆਂ ਦੇ ਨਾਲ ਇਕਸੁਰ ਹੁੰਦਿਆਂ ਮੁੱਢਲੇ ਗੁਣਾਂ ਦਾ ਘਾਣ ਨਾ ਹੋਣ ਦੇਣਾ ਵਰਤਮਾਨ ਦੀ ਜ਼ਿੰਮੇਵਾਰੀ ਬਣਦੀ ਹੈ। ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਪੰਜਾਬੀ ਭਾਸ਼ਾ ਤੇ ਨੈਤਿਕ ਕਦਰਾਂ-ਕੀਮਤਾਂ ਨੂੰ ਇੱਕ ਸਿੱਕੇ ਦੇ ਦੋ ਪਹਿਲੂ ਦੱਸਦਿਆਂ ਖ਼ਾਲਸਾ ਕਾਲਜ ਵਿੱਚ ਨੈਤਿਕ ਸਿੱਖਿਆ ਨੂੰ ਵਿਸ਼ੇ ਵਜੋਂ ਪੜਾਏ ਜਾਣ ਦੀ ਜਾਣਕਾਰੀ ਸਾਂਝੀ ਕੀਤੀ।
ਵਿਚਾਰ-ਚਰਚਾ ਵਿੱਚ ਕੈਨੇਡਾ ਸਥਿਤ ਸੰਸਥਾ ‘ਜਗਤ ਪੰਜਾਬੀ ਸਭਾ’ ਨੇ ਵੀ ਆਪਣੇ ਮੁਖੀ ਅਜੈਬ ਸਿੰਘ ਚੱਠਾ ਦੇ ਵੀਡੀਓ ਕਲਿੱਪ ਰਾਹੀਂ ਸਵਾਗਤੀ ਸੰਬੋਧਨ ਅਤੇ ਬੋਰਡ ਦੇ ਉਪਰਾਲਿਆਂ ਵਿੱਚ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਚੇਅਰਮੈਨ ਡਾ. ਅਮਰਪਾਲ ਸਿੰਘ ਬਾਲ ਮੁਕੰਦ ਸ਼ਰਮਾ ਦਾ ਸਨਮਾਨ ਵੀ ਕੀਤਾ ਗਿਆ।

ਪੰਜਾਬ ਬੋਰਡ ਦੀ ਸਕੱਤਰ ਸ੍ਰੀਮਤੀ ਪਰਲੀਨ ਕੌਰ ਬਰਾੜ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਡਿਪਟੀ ਸਕੱਤਰ ਅਮਰਜੀਤ ਕੌਰ ਅਤੇ ਪਰਮਿੰਦਰ ਕੌਰ ਇੰਚਾਰਜ ਪੰਜਾਬੀ ਵਿਕਾਸ ਸੈੱਲ ਦੀ ਵਿਸ਼ੇਸ਼ ਭੂਮਿਕਾ ਰਹੀ। ਵਿਚਾਰ-ਚਰਚਾ ਵਿੱਚ ਡਾ. ਲੱਖਾ ਲਹਿਰੀ, ਪ੍ਰੋ. ਹਰਿੰਦਰ ਬਰਾੜ, ਡਾ. ਮਨਪ੍ਰੀਤ ਕੌਰ, ਡਾ. ਗੁਰਪ੍ਰੀਤ ਕੌਰ, ਡਾ. ਅਰਵਿੰਦਰ ਢਿੱਲੋਂ, ਡਾ. ਅਨਰੀਤ ਕੌਰ, ਰਾਜਕਰਨ ਸਿੰਘ ਭੱਟੀ, ਪ੍ਰਿੰਸੀਪਲ ਹਰਕੀਰਤ ਕੌਰ, ਗੁਰਵੀਰ ਸਿੰਘ ਸਰੌਦ, ਅਵਿਨਾਸ਼ ਰਾਣਾ, ਮੁਕੇਸ਼ ਵਰਮਾ, ਡਾ. ਗੁਰਵਿੰਦਰ ਅਮਨ, ਬੇਅੰਤ ਕੌਰ ਸ਼ਾਹੀ, ਰਣਜੀਤ ਸਿੰਘ ਸ਼ਾਹੀ, ਸੁਖਜੀਤ ਸਿੰਘ ਚੀਮਾ, ਅਮਨਦੀਪ ਕੌਰ, ਹਰਦੇਵ ਚੌਹਾਨ ਵੀ ਹਾਜ਼ਰ ਰਹੇ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…