nabaz-e-punjab.com

ਵਿਜੀਲੈਂਸ ਬਿਊਰੋ ਵੱਲੋਂ ਏਆਈਜੀ ਮਾਲਵਿੰਦਰ ਸਿੱਧੂ ਮਾਮਲੇ ਵਿੱਚ ਡਰਾਈਵਰ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 20 ਫਰਵਰੀ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲੀਸ ਦੇ ਬਹੁਚਰਚਿਤ ਬਰਖ਼ਾਸਤ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਦੇ ਖ਼ਿਲਾਫ਼ ਵਿਜੀਲੈਂਸ ਬਿਊਰੋ ਉਡਣ ਦਸਤਾ-1, ਮੁਹਾਲੀ ਥਾਣੇ ਵਿੱਚ 30 ਅਕਤੂਬਰ 2023 ਨੂੰ ਦਰਜ ਕੀਤੇ ਗਏ ਮਾਮਲੇ ਵਿੱਚ ਅੱਜ ਖ਼ੁਰਾਕ, ਜਨਤਕ ਵੰਡ ਤੇ ਖਪਤਕਾਰ ਮਾਮਲੇ ਵਿਭਾਗ ਦੇ ਡਰਾਈਵਰ ਕੁਲਦੀਪ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਉਹ ਕਾਫ਼ੀ ਸਮੇਂ ਤੋਂ ਆਪਣੀ ਗ੍ਰਿਫ਼ਤਾਰੀ ਤੋਂ ਬਚਦਾ ਆ ਰਿਹਾ ਸੀ ਅਤੇ ਹੁਣ ਸੁਪਰੀਮ ਕੋਰਟ ਵੱਲੋਂ ਵੀ ਉਸ ਦੀ ਅਗਾਊਂ ਜ਼ਮਾਨਤ ਦੀ ਪਟੀਸ਼ਨ ਖ਼ਾਰਜ ਕੀਤੇ ਜਾਣ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਏਆਈਜੀ ਸਿੱਧੂ ਇਸ ਸਮੇਂ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਹੈ। ਉਸ ’ਤੇ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰਦੇ ਹੋਏ ਕਥਿਤ ਧੋਖਾਧੜੀ, ਬਲੈਕਮੇਲਿੰਗ, ਵਸੂਲੀ ਅਤੇ ਸਰਕਾਰੀ ਮੁਲਾਜ਼ਮਾਂ ਤੋਂ ਰਿਸ਼ਵਤ ਲੈਣ ਦੇ ਗੰਭੀਰ ਦੋਸ਼ ਹਨ। ਸਿੱਧੂ ਦੇ ਇੱਕ ਹੋਰ ਸਹਿਯੋਗੀ ਬਲਬੀਰ ਸਿੰਘ ਆਲਮਪੁਰ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਵਿਜੀਲੈਂਸ ਅਨੁਸਾਰ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਏਆਈਜੀ ਸਿੱਧੂ ਸਰਕਾਰੀ ਮੁਲਾਜ਼ਮਾਂ ਖ਼ਿਲਾਫ਼ ਜਾਣ-ਬੱੁਝ ਕੇ ਝੂਠੀਆਂ ਸ਼ਿਕਾਇਤਾਂ ਦਰਜ ਕਰਵਾਉਂਦਾ ਸੀ ਤਾਂ ਜੋ ਉਨ੍ਹਾਂ ਨੂੰ ਕਥਿਤ ਤੌਰ ’ਤੇ ਬਲੈਕਮੇਲ ਕੀਤਾ ਜਾ ਸਕੇ ਅਤੇ ਸ਼ਿਕਾਇਤ ਖ਼ਾਰਜ ਕਰਨ ਬਦਲੇ ਨਾਜਾਇਜ਼ ਲਾਭ ਲਏ ਜਾਂਦੇ ਸਨ। ਹਾਲਾਂਕਿ 2017 ਤੋਂ ਬਾਅਦ ਉਹ ਕਦੇ ਵੀ ਵਿਜੀਲੈਂਸ ਬਿਊਰੋ ਵਿੱਚ ਏਆਈਜੀ ਜਾਂ ਆਈਜੀ ਦੇ ਅਹੁਦੇ ’ਤੇ ਨਹੀਂ ਰਿਹਾ। ਵਿਜੀਲੈਂਸ ਅਨੁਸਾਰ ਏਆਈਜੀ ਸਿੱਧੂ ਨੇ ਸਰਕਾਰੀ ਅਧਿਆਪਕ ਦੀ ਸਰਵਿਸ ਬੁੱਕ ਦੀ ਫੋਟੋ ਕਾਪੀ ਲੈਣ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਜਪੁਰਾ ਦੇ ਦਫ਼ਤਰ ਵਿੱਚ ਕੰਮ ਕਰਦੇ ਇੱਕ ਡਾਟਾ ਅਪਰੇਟਰ ਨੂੰ ਖ਼ੁਦ ਨੂੰ ਆਈਜੀ ਵਿਜੀਲੈਂਸ ਵਜੋਂ ਪੇਸ਼ ਕੀਤਾ ਸੀ।
ਉਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰ ਦੇ ਪ੍ਰਿੰਸੀਪਲ ਨੂੰ ਲਿਖਤੀ ਦਰਖ਼ਾਸਤ ਤੋਂ ਇਲਾਵਾ ਸਕੂਲ ਦੀ ਈਮੇਲ ਆਈਡੀ ਅਤੇ ਉਪਰੋਕਤ ਮੁਲਜ਼ਮ ਕੁਲਦੀਪ ਸਿੰਘ ਰਾਹੀਂ ਇਕ ਹੋਰ ਅਰਜ਼ੀ ਭੇਜ ਕੇ ਸਕੂਲ ਤੋਂ ਰਿਕਾਰਡ ਹਾਸਲ ਕੀਤਾ। ਸਕੂਲ ’ਚੋਂ ਅਧਿਆਪਕਾਂ ਦੇ ਲਏ ਰਿਕਾਰਡ ਦੀ ਪੜਤਾਲ ਕਰਨ ਲਈ ਉਹ ਜ਼ਿਲ੍ਹਾ ਸਮਾਜ ਭਲਾਈ ਅਫ਼ਸਰ ਪਟਿਆਲਾ ਨੂੰ ਆਪਣੇ ਨਾਲ ਲੈ ਕੇ ਸਕੂਲ ਗਿਆ ਅਤੇ ਪ੍ਰਿੰਸੀਪਲ ਤੋਂ ਦੋ ਪੰਨਿਆਂ ਦੇ ਪ੍ਰੋਫਾਰਮੇ ’ਤੇ ਦਸਤਖ਼ਤ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਪ੍ਰਿੰਸੀਪਲ ਨੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਇੱਕ ਹੋਰ ਮਾਮਲੇ ਵਿੱਚ ਏਆਈਜੀ ਸਿੱਧੂ ਨੇ ਬਲਬੀਰ ਸਿੰਘ ਰਾਹੀਂ ਗੁਰੂਹਰਸਹਾਏ ਵਿਖੇ ਖੇਤੀਬਾੜੀ ਵਿਭਾਗ ਦੇ ਬਲਾਕ ਖੇਤੀਬਾੜੀ ਅਫ਼ਸਰ ਦਾ ਨਿੱਜੀ ਰਿਕਾਰਡ ਵੀ ਹਾਸਲ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਰੱਖਣ ਲਈ ਸਬੰਧਤ ਅਧਿਕਾਰੀ ਖ਼ਿਲਾਫ਼ ਉਸ ਦੇ ਵਿਭਾਗ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ। ਬਾਅਦ ਵਿੱਚ ਸ਼ਿਕਾਇਤ ਵਾਪਸ ਲੈਣ ਦੇ ਇਵਜ਼ ਵਿੱਚ ਅਧਿਕਾਰੀ ਤੋਂ ਤਿੰਨ ਲੱਖ ਰੁਪਏ ਦੀ ਮੰਗ ਕੀਤੀ ਗਈ। ਜਿਸ ’ਚੋਂ ਡੇਢ ਲੱਖ ਰੁਪਏ ਬਲਬੀਰ ਸਿੰਘ ਅਤੇ ਮਲਵਿੰਦਰ ਸਿੱਧੂ ਨੇ ਗੈਰਕਾਨੂੰਨੀ ਤਰੀਕੇ ਨਾਲ ਵਸੂਲ ਕੀਤੇ ਗਏ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…