Share on Facebook Share on Twitter Share on Google+ Share on Pinterest Share on Linkedin ਪ੍ਰਕਾਸ਼ ਪੁਰਬ ਨੂੰ ਡਿਜੀਟਲ ਮਿਊਜ਼ੀਅਮ-ਕਮ-ਲਾਈਟ ਐਂਡ ਸਾਊਂਡ ਸ਼ੋਅ 7 ਅਕਤੂਬਰ ਤੋਂ: ਡੀਸੀ ਡੀਸੀ ਗਿਰੀਸ਼ ਦਿਆਲਨ ਤੇ ਹੋਰਨਾਂ ਅਧਿਕਾਰੀਆਂ ਨੇ ਖੇਡ ਭਵਨ ਦਾ ਦੌਰਾ ਕਰਕੇ ਲਿਆ ਤਿਆਰੀਆਂ ਤੇ ਪ੍ਰਬੰਧਾਂ ਦਾ ਜਾਇਜ਼ਾ ਪੰਜਾਬ ਭਰ ਵਿੱਚ ਚੱਲਣ ਵਾਲੇ ਇਸ ਸ਼ੋਅ ਦੀ ਸੋਮਵਾਰ ਨੂੰ ਮੁਹਾਲੀ ਤੋਂ ਹੋਵੇਗੀ ਰਸਮੀ ਸ਼ੁਰੂਆਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਕਤੂਬਰ: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਵਿਸ਼ਾਲ ਸਮਾਗਮਾਂ ਮੋਬਾਈਲ ਡਿਜ਼ੀਟਲ ਮਿਊਜੀਅਮ-ਕਮ-ਲਾਈਟ ਐਂਡ ਸਾਊਂਡ ਸ਼ੋਅ 7 ਅਕਤੂਬਰ ਤੋਂ ਇੱਥੋਂ ਦੇ ਖੇਡ ਭਵਨ ਸੈਕਟਰ-78 (ਨੇੜੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ) ਵਿੱਚ ਕਰਵਾਇਆ ਜਾ ਰਿਹਾ ਹੈ। ਸੂਬੇ ਭਰ ਵਿੱਚ ਹੋਣ ਵਾਲੇ ਇਨ੍ਹਾਂ ਲਾਈਟ ਐਂਡ ਸਾਊਂਡ ਸ਼ੋਆਂ ਦੀ ਰਸੀ ਸ਼ੁਰੂਆਤ ਮੁਹਾਲੀ ਤੋਂ ਹੋ ਰਹੀ ਹੈ। ਪਹਿਲੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਅੱਜ ਏਡੀਸੀ (ਵਿਕਾਸ) ਸ੍ਰੀਮਤੀ ਆਸ਼ਿਕਾ ਜੈਨ ਅਤੇ ਐਸਡੀਐਮ ਜਗਦੀਪ ਸਹਿਗਲ ਨਾਲ ਖੇਡ ਭਵਨ ਸੈਕਟਰ-78 ਵਿੱਚ ਹੋਣ ਵਾਲੇ ਸਮਾਗਮਾਂ ਦੇ ਅਗਾਊਂ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਵੱਖ ਵੱਖ ਅਧਿਕਾਰੀਆਂ ਨੂੰ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਡੀਸੀ ਨੇ ਕਿਹਾ ਕਿ 7 ਤੋਂ 9 ਅਕਤੂਬਰ ਤੱਕ ਚੱਲਣ ਵਾਲੇ ਇਸ ਸ਼ੋਅ ਦੇ ਪਹਿਲੇ ਦਿਨ ਡਿਜੀਟਲ ਮਿਊਜ਼ੀਅਮ ਤੇ ਲਾਈਟ ਐਂਡ ਸਾਊਂਡ ਸ਼ੋਅ ਹੋਵੇਗਾ। ਡਿਜੀਟਲ ਮਿਊਜ਼ੀਅਮ ਸਾਰਾ ਦਿਨ ਆਮ ਲੋਕਾਂ ਲਈ ਖੁੱਲ੍ਹਾ ਰਹੇਗਾ, ਜਦੋਂ ਕਿ ਲਾਈਟ ਐਂਡ ਸਾਊਂਡ ਦੇ ਦੋ ਸ਼ੋਅ ਸ਼ਾਮ ਵੇਲੇ ਹੋਣਗੇ। ਦੂਜੇ ਦਿਨ ਸਿਰਫ਼ ਡਿਜੀਟਲ ਮਿਊਜ਼ੀਅਮ ਖੁੱਲ੍ਹੇਗਾ, ਜਦੋਂਕਿ ਤੀਜੇ ਦਿਨ ਡਿਜੀਟਲ ਮਿਊਜ਼ੀਅਮ ਤੇ ਲਾਈਟ ਐਂਡ ਸਾਊਂਡ ਸ਼ੋਅ ਦੋਵੇਂ ਹੋਣਗੇ। ਉਨ੍ਹਾਂ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮਾਗਮ ਲਈ ਲੋੜੀਂਦੇ ਪ੍ਰਬੰਧ ਅਗਾਊਂ ਪੂਰੇ ਕੀਤੇ ਜਾਣ ਅਤੇ ਕਿਸੇ ਵੀ ਤਰ੍ਹਾਂ ਦੀ ਊਣਤਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸ਼ੋਅ ਪੂਰੇ ਸੂਬੇ ਵਿੱਚ ਹੋਣਗੇ, ਜਿਨ੍ਹਾਂ ਦੀ ਸ਼ੁਰੂਆਤ ਮੁਹਾਲੀ ਤੋਂ ਹੋ ਰਹੀ ਹੈ। ਇਸ ਲਈ ਸਮਾਗਮ ਦੀ ਸਫਲਤਾ ਲਈ ਕੋਈ ਕਸਰ ਨਾ ਛੱਡੀ ਜਾਵੇ। ਡੀਸੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਮੋਬਾਈਲ ਡਿਜੀਟਲ ਮਿਊਜੀਅਮ-ਕਮ-ਲਾਈਟ ਐਂਡ ਸਾਊਂਡ ਸ਼ੋਅ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸ਼ੋਅ ਤੇ ਡਿਜੀਟਲ ਮਿਊਜ਼ੀਅਮ ਦੇਖਣ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਪੁਖਤਾਂ ਪ੍ਰਬੰਧ ਕੀਤੇ ਜਾਣ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਇਸ ਲਾਈਟ ਐਂਡ ਸਾਊਂਡ ਸ਼ੋਅ-ਕਮ-ਡਿਜੀਟਲ ਮਿਊਜ਼ੀਅਮ ਬਾਰੇ ਜਾਣਕਾਰੀ ਦੇਣ ਲਈ ਪੇਂਡੂ ਖੇਤਰ ਵਿੱਚ ਮੁਨਾਦੀ ਕਰਵਾਈ ਜਾਵੇ ਤਾਂ ਜੋ ਉਹ ਲੋਕ ਇਹ ਵਿਸ਼ੇਸ਼ ਸੋਅ ਦੇਖਣ ਤੋਂ ਵਾਂਝੇ ਨਾ ਰਹਿ ਸਕਣ। ਇਸ ਮੌਕੇ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਰਾਜੇਸ਼ ਧੀਮਾਨ, ਸਿਵਲ ਸਰਜਨ ਡਾ. ਮਨਜੀਤ ਸਿੰਘ, ਸਹਾਇਕ ਕਮਿਸ਼ਨਰ (ਜਨਰਲ) ਯਸ਼ਪਾਲ ਸ਼ਰਮਾ, ਜ਼ਿਲ੍ਹਾ ਖੇਡ ਅਫ਼ਸਰ ਸੁਰਜੀਤ ਸਿੰਘ, ਪਾਵਰਕੌਮ ਦੇ ਐਸਡੀਓ ਹਰਭਜਨ ਸਿੰਘ ਕੰਗ, ਸਬ ਰਜਿਸਟਰਾਰ ਰਵਿੰਦਰ ਬਾਂਸਲ, ਗਮਾਡਾ ਦੇ ਐਸਡੀਓ ਮਨਦੀਪ ਸਿੰਘ ਅਤੇ ਸ਼ੋਅ ਕਰਵਾ ਰਹੀ ਕੰਪਨੀ ‘ਸੀਐਸ ਡਾਇਰੈਕਟ’ ਦੇ ਨੁਮਾਇੰਦੇ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ