Share on Facebook Share on Twitter Share on Google+ Share on Pinterest Share on Linkedin ਲੱਖਾਂ ਰੁਪਏ ਖ਼ਰਚਣ ਦੇ ਬਾਵਜੂਦ ਮਤਦਾਨ ਦਾ ਟੀਚਾ ਪੂਰਾ ਕਰਨ ਤੋਂ ਖੁੰਝਿਆਂ ਜ਼ਿਲ੍ਹਾ ਪ੍ਰਸ਼ਾਸਨ ਡੇਰਾਬੱਸੀ ’ਚ 66.08 ਫੀਸਦੀ, ਮੁਹਾਲੀ ’ਚ 60.16 ਫੀਸਦੀ ਅਤੇ ਖਰੜ ’ਚ 56.8 ਫੀਸਦੀ ਮਤਦਾਨ ਨਬਜ਼-ਏ-ਪੰਜਾਬ, ਮੁਹਾਲੀ, 2 ਜੂਨ: ਜ਼ਿਲ੍ਹਾ ਪ੍ਰਸ਼ਾਸਨ ਲੱਖਾਂ ਰੁਪਏ ਖ਼ਰਚਣ ਦੇ ਬਾਵਜੂਦ ਮਤਦਾਨ ਦਾ ਟੀਚਾ ਪੂਰਾ ਕਰਨ ਤੋਂ ਖੁੰਝ ਗਿਆ ਹੈ। ਇਹੀ ਨਹੀਂ 85 ਸਾਲ ਦੀ ਵੱਧ ਉਮਰ ਦੇ ਬਜ਼ੁਰਗਾਂ ਨੂੰ ਘਰ ਤੋਂ ਵੋਟ ਪਾਉਣ ਦੀ ਸੁਵਿਧਾ ਮੁਹੱਈਆ ਕਰਵਾਈ ਗਈ ਸੀ ਪ੍ਰੰਤੂ ਸਟਾਫ਼ ਦੀ ਕਥਿਤ ਅਣਗਹਿਲੀ ਕਾਰਨ ਬਹੁਤ ਸਾਰੇ ਬਜ਼ੁਰਗ ਆਪਣੇ ਘਰ ਤੋਂ ਵੋਟ ਨਹੀਂ ਪਾ ਸਕੇ। ਉਨ੍ਹਾਂ ਨੂੰ ਮਤਦਾਨ ਲਈ ਵੀਲ੍ਹ ਚੇਅਰ ’ਤੇ ਪੋਲਿੰਗ ਬੂਥ ’ਤੇ ਆਉਣ ਲਈ ਮਜਬੂਰ ਹੋਣਾ ਪਿਆ। ਸ੍ਰੀ ਆਨੰਦਪੁਰ ਸਾਹਿਬ ਹਲਕੇ ਵਿੱਚ ਆਉਂਦੇ ਮੁਹਾਲੀ ਵਿੱਚ 60.16 ਫੀਸਦੀ ਮਤਦਾਨ ਹੋਇਆ ਹੈ ਅਤੇ ਖਰੜ ਵਿੱਚ ਸਭ ਤੋਂ ਘੱਟ 56 ਫੀਸਦੀ ਮਤਦਾਨ ਹੋਇਆ ਹੈ ਜਦੋਂਕਿ ਪਟਿਆਲਾ ਲੋਕ ਹਲਕੇ ਅਧੀਨ ਆਉਂਦੇ ਡੇਰਾਬੱਸੀ 66.08 ਫੀਸਦੀ ਮਤਦਾਨ ਨਾਲ ਪੂਰੇ ਜ਼ਿਲ੍ਹੇ ’ਚ ਅੱਵਲ ਰਿਹਾ ਹੈ। ਪਿਛਲੀ ਵਾਰ 2019 ਵਿੱਚ ਸਮੁੱਚੇ ਜ਼ਿਲ੍ਹੇ ਵਿੱਚ 63.45 ਫੀਸਦੀ ਵੋਟਾਂ ਪਈਆਂ ਸਨ। ਮੁਹਾਲੀ ਵਿੱਚ 60.10 ਫੀਸਦੀ, ਖਰੜ ਵਿੱਚ 60.63 ਫੀਸਦੀ ਅਤੇ ਡੇਰਾਬੱਸੀ ਵਿੱਚ 69.02 ਫੀਸਦੀ ਮਤਦਾਨ ਹੋਇਆ ਸੀ। ਸਾਲ 2014 ਵਿੱਚ ਮੁਹਾਲੀ ਜ਼ਿਲ੍ਹੇ ਵਿੱਚ 70.17 ਫੀਸਦੀ ਮਤਦਾਨ ਹੋਇਆ ਸੀ। ਮੁਹਾਲੀ ਵਿੱਚ 67.89 ਫੀਸਦੀ, ਖਰੜ ਵਿੱਚ 70 ਅਤੇ ਡੇਰਾਬੱਸੀ ਵਿੱਚ 72.64 ਫੀਸਦੀ ਵੋਟਾਂ ਪਈਆਂ ਸਨ। ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਸਵੀਪ ਟੀਮ ਮੁਹਾਲੀ ਰਾਹੀਂ 70 ਫੀਸਦੀ ਤੋਂ ਪਾਰ 80 ਫੀਸਦੀ ਮਤਦਾਨ ਯਕੀਨੀ ਬਣਾਉਣ ਲਈ ਵੋਟਰਾਂ ਨੂੰ ਵੱਖ-ਵੱਖ ਢੰਗ ਤਰੀਕਿਆਂ ਨਾਲ ਪ੍ਰੇਰਿਤ ਕੀਤਾ ਗਿਆ। ‘‘ਯੂਥ ਚਲਿਆ ਬੂਥ’’ ਚੇਤਨਾ ਮਾਰਚ ਸਮੇਤ ਬਾਈਕ ਰੈਲੀ ਅਤੇ ਪੈਦਲ ਮੈਰਾਥਾਨ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਜ਼ਿਲ੍ਹੇ ਵਿੱਚ 825 ਬੂਥ ਲੈਵਲ ਅਫ਼ਸਰਾਂ ਨੂੰ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਪ੍ਰੇਰਕ ਬਣਾਇਆ ਗਿਆ। ਜਿਹੜੇ ਬੂਥ ਲੈਵਲ ਅਫ਼ਸਰ 70 ਫੀਸਦੀ ਮਤਦਾਤ ਦੇ ਟੀਚੇ ਨੂੰ ਪਾਰ ਕਰਨਗੇ ਅਤੇ ਜੋ ਬੂਥ ਲੈਵਲ ਅਫ਼ਸਰ ਪਿਛਲੀਆਂ ਲੋਕ ਸਭਾ ਚੋਣਾਂ ਤੋਂ 10 ਫੀਸਦੀ ਤੋਂ ਵੱਧ ਵੋਟ ਆਪੋ-ਆਪਣੇ ਬੂਥਾਂ ’ਤੇ ਵਧਾਉਣਗੇ, ਉਨ੍ਹਾਂ ਨੂੰ 5000 ਰੁਪਏ ਪ੍ਰਤੀ ਵਿਅਕਤੀ ਨਗਦ ਪੁਰਸਕਾਰ ਦੇ ਕੇ ਸਨਮਾਨਿਤ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਅੱਤ ਦੀ ਗਰਮੀ ਕਾਰਨ ਇਹ ਸਾਰੇ ਪ੍ਰਬੰਧ ਧਰੇ ਧਰਾਏ ਰਹਿ ਗਏ। ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਮੁਹਾਲੀ, ਖਰੜ ਅਤੇ ਡੇਰਾਬੱਸੀ ਹਲਕਿਆਂ ਵਿੱਚ ਵੋਟਿੰਗ ਦੀ ਸਮੁੱਚੀ ਪ੍ਰਕਿਰਿਆ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਬਿਨਾਂ ਕਿਸੇ ਰੁਕਾਵਟ ਦੇ ਮੁਕੰਮਲ ਹੋਈ ਹੈ। ਵੋਟਰਾਂ ਨੇ ਬਿਨਾਂ ਕਿਸੇ ਡਰ ਅਤੇ ਭੈਅ ਤੋਂ ਵੋਟਾਂ ਪਾਈਆਂ। ਉੁਨ੍ਹਾਂ ਦੱਸਿਆ ਕਿ ਡੇਰਾਬੱਸੀ ਵਿੱਚ ਸਭ ਤੋਂ ਵੱਧ 66.08 ਫੀਸਦੀ ਮਤਦਾਨ ਦਰਜ ਕੀਤਾ ਗਿਆ ਜਦੋਂਕਿ ਮੁਹਾਲੀ ਵਿੱਚ 60.16 ਫੀਸਦੀ ਅਤੇ ਖਰੜ ਵਿੱਚ 56.8 ਫ਼ੀਸਦੀ ਮਤਦਾਨ ਹੋਇਆ। ਡੀਸੀ ਆਸ਼ਿਕਾ ਜੈਨ ਨੇ ਦੱਸਿਆ ਕਿ ਮਤਦਾਨ ਪ੍ਰਕਿਰਿਆ ਮੁਕੰਮਲ ਹੋਣ ਬਾਅਦ ਦੇਰ ਸ਼ਾਮ ਪੋਲਿੰਗ ਪਾਰਟੀਆਂ ਵੱਲੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਅਤੇ ਵੋਟਰ-ਵੈਰੀਫਾਈਡ ਪੇਪਰ ਆਡਿਟ ਟਰੇਲ (ਵੀਵੀ ਪੈਟ) ਮਸ਼ੀਨਾਂ ਜਮ੍ਹਾਂ ਕਰਵਾਈਆਂ ਗਈਆਂ ਹਨ। ਮੁਹਾਲੀ ਅਤੇ ਖਰੜ ਹਲਕਿਆਂ ਨਾਲ ਸਬੰਧਤ ਮਸ਼ੀਨਾਂ ਸਰਕਾਰੀ ਬਹੁ-ਤਕਨੀਕੀ ਪੌਲੀ ਟੈਕਨੀਕਲ ਕਾਲਜ ਖਰੜ ਵਿੱਚ ਸਥਾਪਿਤ ਸਟਰਾਂਗ ਰੂਮਜ਼ ਵਿੱਚ ਪੰਜਾਬ ਪੁਲੀਸ ਅਤੇ ਪੈਰਾ ਮਿਲਟਰੀ ਫੋਰਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਸਮੇਤ ਸੀਸੀਟੀਵੀ ਕੈਮਰਿਆਂ ਦੀ 24 ਘੰਟੇ ਨਿਗਰਾਨੀ ਹੇਠ ਰੱਖੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਇਸ ਦੌਰਾਨ ਵੋਟਾਂ ਦੀ ਗਿਣਤੀ ਲਈ ਗਿਣਤੀ ਕੇਂਦਰਾਂ ਵਿੱਚ ਲੋੜੀਂਦਾ ਕਾਉਂਟਿੰਗ ਸਟਾਫ਼ ਤਾਇਨਾਤ ਕੀਤਾ ਜਾਵੇਗਾ। ਖਰੜ ਅਤੇ ਮੁਹਾਲੀ ਹਲਕਿਆਂ ਦੀ ਗਿਣਤੀ ਸਰਕਾਰੀ ਬਹੁ-ਤਕਨੀਕੀ ਕਾਲਜ ਖਰੜ ਅਤੇ ਪਟਿਆਲਾ ਲੋਕ ਸਭਾ ਹਲਕੇ ਅਧੀਨ ਆਉਂਦੇ ਡੇਰਾਬੱਸੀ ਹਲਕੇ ਦੀਆਂ ਵੋਟਾਂ ਦੀ ਗਿਣਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹੋਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ