ਸਰਕਾਰੀ ਅਣਦੇਖੀ: ਡਿਪਟੀ ਮੇਅਰ ਕੁਲਜੀਤ ਬੇਦੀ ਨੇ ਲਖਨੌਰ ਚੋਅ ਦੀ ਸਫ਼ਾਈ ਦਾ ਬੀੜਾ ਚੁੱਕਿਆ

ਜ਼ਿਲ੍ਹਾ ਪ੍ਰਸ਼ਾਸਨ ਤੇ ਡਰੇਨੇਜ ਵਿਭਾਗ ਦੀ ਅਣਗਹਿਲੀ ਕਾਰਨ ਆਪਣੇ ਖਰਚੇ ’ਤੇ ਸਫ਼ਾਈ ਸ਼ੁਰੂ ਕਰਵਾਈ

ਨਬਜ਼-ਏ-ਪੰਜਾਬ, ਮੁਹਾਲੀ, 3 ਜੁਲਾਈ:
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅੱਜ ਪ੍ਰਸ਼ਾਸਨਿਕ ਬੇਰੁਖੀ ਅਤੇ ਡਰੇਨੇਜ ਵਿਭਾਗ ਦੀ ਲਾਪਰਵਾਹੀ ਦੇ ਖ਼ਿਲਾਫ਼ ਖ਼ੁਦ ਮੋਰਚਾ ਸੰਭਾਲਦਿਆਂ ਲਖਨੌਰ ਚੋਅ ਦੀ ਸਫਾਈ ਮੁਹਿੰਮ ਦਾ ਆਗਾਜ਼ ਕੀਤਾ। ਹੈਰਾਨੀ ਦੀ ਗੱਲ ਇਹ ਹੈ ਕਿ ਨਾ ਤਾਂ ਨਗਰ ਨਿਗਮ ਨੇ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਕੰਮ ਵਿੱਚ ਕੋਈ ਸਹਿਯੋਗ ਦਿੱਤਾ। ਨਤੀਜੇ ਵਜੋਂ ਡਿਪਟੀ ਮੇਅਰ ਨੇ ਆਪਣੀ ਜੇਬ ’ਚੋਂ ਖਰਚ ਕਰਕੇ ਜੇਸੀਬੀ ਮਸ਼ੀਨਾਂ ਦੀ ਵਰਤੋਂ ਕਰਦਿਆਂ ਸਫਾਈ ਕਾਰਜ ਸ਼ੁਰੂ ਕਰਵਾਇਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਫੇਜ਼-3, ਫੇਜ਼-4, ਫੇਜ਼-5, ਫੇਜ਼-3ਬੀ2, ਸੈਕਟਰ-71 ਅਤੇ ਮਟੌਰ ਸਮੇਤ ਕਈ ਇਲਾਕਿਆਂ ਦਾ ਬਰਸਾਤੀ ਪਾਣੀ ਲਖਨੌਰ ਚੋਅ ਰਾਹੀਂ ਨਿਕਾਸ ਹੁੰਦਾ ਹੈ। ਪਰ ਲਖਨੌਰ ਚੋਅ ਵਿੱਚ ਕਈ ਦਿਨਾਂ ਤੋਂ ਸਫ਼ਾਈ ਨਾ ਹੋਣ ਕਾਰਨ ਇਹ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਅਤੇ ਬਰਸਾਤੀ ਪਾਣੀ ਵਾਪਸ ਉਲਟ ਕੇ ਘਰਾਂ ਵਿੱਚ ਦਾਖਲ ਹੋ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਲਗਾਤਾਰ ਸ਼ਿਕਾਇਤਾਂ ਦੇ ਬਾਵਜੂਦ ਅਤੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਰੂਪ ਵਿੱਚ ਅਗਾਹ ਕਰਨ ਸਹਿਤ ਨਿੱਜੀ ਤੌਰ ’ਤੇ ਮਿਲਣ ਦੇ ਬਾਵਜੂਦ ਵੀ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ, ‘‘ਪਿਛਲੇ 15 ਦਿਨਾਂ ਤੋਂ ਅਸੀਂ ਡਰੇਨੇਜ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਫਾਈ ਦੀ ਮੰਗ ਕਰ ਰਹੇ ਹਾਂ, ਪਰ ਕਿਸੇ ਨੇ ਹੱਲ ਨਹੀਂ ਕੱਢਿਆ। ਸਿਰਫ਼ ਅੱਧੇ ਘੰਟੇ ਦੀ ਬਰਸਾਤ ਨਾਲ ਘਰਾਂ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਲੋਕ ਬਹੁਤ ਪ੍ਰੇਸ਼ਾਨ ਹਨ।’’ ਡਿਪਟੀ ਮੇਅਰ ਨੇ ਕਿਹਾ ਕਿ ਲੋਕਾਂ ਦੀ ਤਕਲੀਫ਼ ਦੇ ਆਧਾਰ ‘ਤੇ ਅੱਜ ਉਹਨਾਂ ਨੇ ਖੁਦ ਹੀ ਜੇਸੀਬੀ ਮਸ਼ੀਨਾਂ ਲਗਾ ਕੇ ਸਫਾਈ ਦੀ ਪ੍ਰਕਿਰਿਆ ਸ਼ੁਰੂ ਕਰਵਾਈ ਹੈ ਤਾਂ ਜੋ ਬਰਸਾਤੀ ਪਾਣੀ ਦੇ ਨਿਕਾਸ ਨੂੰ ਸੁਚੱਜਾ ਬਣਾਇਆ ਜਾ ਸਕੇ ਅਤੇ ਲੋਕਾਂ ਨੂੰ ਹੋਰ ਨੁਕਸਾਨ ਤੋਂ ਬਚਾਇਆ ਜਾ ਸਕੇ।
ਕੁਲਜੀਤ ਬੇਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਫਾਈ ਡਰੇਨੇਜ ਵਿਭਾਗ ਦੇ ਅਧੀਨ ਹੁੰਦੀ ਹੈ, ਪਰ ਜਦੋਂ ਪ੍ਰਸ਼ਾਸਨ ਆਪਣਾ ਕੰਮ ਨਾ ਕਰੇ ਤਾਂ ਲੋਕ-ਚੁਣੇ ਨੁਮਾਇੰਦਿਆਂ ਨੂੰ ਹੀ ਮੈਦਾਨ ਵਿੱਚ ਉਤਰਨਾ ਪੈਂਦਾ ਹੈ। ਬੇਦੀ ਨੇ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਬਰਸਾਤੀ ਪਾਣੀ ਅਤੇ ਸਫ਼ਾਈ ਦੀ ਸਮੱਸਿਆ ਨੂੰ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਇਸ ਨਾਲ ਗੰਭੀਰ ਸਿਹਤ ਸਬੰਧੀ ਖਤਰਿਆਂ ਦਾ ਸਾਹਮਣਾ ਵੀ ਮੁਹਾਲੀ ਵਾਸੀਆਂ ਨੂੰ ਕਰਨਾ ਪੈ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…