ਡਿਪਟੀ ਮੇਅਰ ਕੁਲਜੀਤ ਬੇਦੀ ਵੱਲੋਂ ਮੁੱਖ ਸਕੱਤਰ ਸਮੇਤ ਵੱਖ-ਵੱਖ ਵਿਭਾਗਾਂ ਨੂੰ ਕਾਨੂੰਨੀ ਨੋਟਿਸ ਜਾਰੀ

ਤਿੰਨ ਹਫ਼ਤਿਆਂ ਵਿੱਚ ਕਾਰਵਾਈ ਨਾ ਹੋਣ ’ਤੇ ਉੱਚ ਅਦਾਲਤ ਦਾ ਬੂਹਾ ਖੜਕਾਉਣ ਦੀ ਚਿਤਾਵਨੀ

ਬਾਬਾ ਬੰਦਾ ਸਿੰਘ ਬਹਾਦਰ ਏਸੀ ਬੱਸ ਅੱਡਾ ਅਤੇ ਵੰਨ-ਵੇਅ ਸੜਕ ਨੂੰ ਫੌਰੀ ਚਾਲੂ ਕਰਨ ਦੀ ਮੰਗ

ਨਬਜ਼-ਏ-ਪੰਜਾਬ, ਮੁਹਾਲੀ, 11 ਜੁਲਾਈ:
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇੱਥੋਂ ਦੇ ਬਾਬਾ ਬੰਦਾ ਸਿੰਘ ਬਹਾਦਰ ਬੱਸ ਅੱਡਾ ਅਤੇ ਨਾਲ ਲੱਗਦੀ ਵੰਨ-ਵੇਅ ਸੜਕ ਨੂੰ ਚਾਲੂ ਕਰਵਾਉਣ ਲਈ ਮੁੱਖ ਸਕੱਤਰ ਸਮੇਤ ਪ੍ਰਮੁੱਖ ਸਕੱਤਰ ਹਾਊਸਿੰਗ, ਪ੍ਰਮੁੱਖ ਸਕੱਤਰ ਟਰਾਂਸਪੋਰਟ, ਡੀਸੀ ਮੁਹਾਲੀ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਉਨ੍ਹਾਂ ਕਿਹਾ ਕਿ ਜੇ ਤਿੰਨ ਹਫ਼ਤਿਆਂ ਵਿੱਚ ਬੱਸ ਅੱਡਾ ਅਤੇ ਵੰਨ-ਵੇਅ ਸੜਕ ਨੂੰ ਚਾਲੂ ਨਾ ਕੀਤਾ ਤਾਂ ਉਹ ਇਨਸਾਫ਼ ਲਈ ਉੱਚ ਅਦਾਲਤ ਦਾ ਬੂਹਾ ਖੜਕਾਉਣਗੇ।
ਕੁਲਜੀਤ ਬੇਦੀ ਨੇ ਆਪਣੇ ਵਕੀਲਾਂ ਰੰਜੀਵਨ ਸਿੰਘ ਅਤੇ ਰਿਸ਼ਮ ਰਾਗ ਸਿੰਘ ਰਾਹੀਂ ਭੇਜੇ ਕਾਨੂੰਨੀ ਨੋਟਿਸ ਵਿੱਚ ਕਿਹਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਬੱਸ ਅੱਡੇ ਦੇ ਨਾਲ ਲੱਗਦੀ ਸੜਕ ਦਾ ਅੱਧਾ ਹਿੱਸਾ ਬੱਸ ਅੱਡਾ ਬਣਾਉਣ ਵਾਲੀ ਕੰਪਨੀ ਵੱਲੋਂ ਆਪਣੇ ਕਬਜ਼ੇ ਵਿੱਚ ਲਿਆ ਪ੍ਰੰਤੂ ਬੱਸ ਅੱਡੇ ਦਾ ਕੰਮ ਅੱਧ ਵਿਚਾਲੇ ਛੱਡ ਕੇ ਕੰਪਨੀ ਭੱਜ ਗਈ ਲੇਕਿਨ ਬਾਅਦ ਵਿੱਚ ਕੰਪਨੀ ਜਾਂ ਸਰਕਾਰ ਨੇ ਸੜਕ ਦਾ ਬਾਕੀ ਹਿੱਸਾ ਚਾਲੂ ਨਹੀਂ ਕੀਤਾ ਗਿਆ। ਜਿਸ ਕਾਰਨ ਬੰਦ ਕੀਤੀ ਸੜਕ ਧਸਣੀ ਸ਼ੁਰੂ ਹੋ ਗਈ ਹੈ, ਇਸ ਨਾਲ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸਾਲ 2016 ਵਿੱਚ ਜਲਦਬਾਜ਼ੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜੀ ਬੱਸ ਟਰਮੀਨਲ ਦਾ ਉਦਘਾਟਨ ਕਰਕੇ ਇਸ ਪ੍ਰਾਜੈਕਟ ਨੂੰ ਅਕਾਲੀ ਸਰਕਾਰ ਦੀ ਪ੍ਰਾਪਤੀ ਵਜੋਂ ਗਿਣਵਾਇਆ ਗਿਆ ਸੀ ਪਰ ਬਾਅਦ ਵਿੱਚ ਬੱਸ ਅੱਡਾ ਚਾਲੂ ਨਹੀਂ ਹੋ ਸਕਿਆ ਜਦੋਂਕਿ ਚੰਗਾ ਭਲਾ ਚਲਦਾ ਫੇਜ਼-8 ਦਾ ਪੁਰਾਣਾ ਅੰਤਰਰਾਜੀ ਬੱਸ ਅੱਡਾ ਵੀ ਬੰਦ ਕਰ ਦਿੱਤਾ। ਜਿਸ ਕਾਰਨ ਸਵਾਰੀਆਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ।
ਡਿਪਟੀ ਮੇਅਰ ਨੇ ਦੱਸਿਆ ਕਿ ਇਹ ਮੁਹਾਲੀ ਦਾ ਐਂਟਰੀ ਪੁਆਇੰਟ ਹੈ ਅਤੇ ਫਲਾਈ ਓਵਰ ’ਤੇ ਚੜ੍ਹਨ ਅਤੇ ਉੱਤਰਨ ਉਪਰੰਤ ਲੋਕ ਇੱਥੋਂ ਹੀ ਸ਼ਹਿਰ ਵਿੱਚ ਦਾਖ਼ਲ ਹੁੰਦੇ ਹਨ, ਕਈ ਵਾਰ ਲੰਮੇ ਜਾਮ ਲੱਗਣ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲ ਹੁੰਦੀ ਹੈ। ਬੱਸ ਅੱਡਾ ਅਤੇ ਸੜਕ ਚਾਲੂ ਕਰਨ ਲਈ ਅਨੇਕਾਂ ਵਾਰ ਵੱਖ-ਵੱਖ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਲੇਕਿਨ ਹੁਣ ਤੱਕ ਮਸਲਾ ਹੱਲ ਨਹੀਂ ਹੋਇਆ। ਉਨ੍ਹਾਂ ਅੰਤਰਰਾਜੀ ਬੱਸ ਟਰਮੀਨਲ ਦਾ ਇਹ ਵੱਕਾਰੀ ਪ੍ਰਾਜੈਕਟ 2009 ਵਿੱਚ ਸ਼ੁਰੂ ਕੀਤਾ ਸੀ ਅਤੇ ਉਸ ਸਮੇਂ ਦੀ ਸਰਕਾਰ ਵੱਲੋਂ ਜੂਨ 2011 ਤੱਕ ਪੂਰਾ ਕਰਨ ਲਈ ਕਿਹਾ ਗਿਆ ਸੀ। ਸੱਤ ਏਕੜ ਵਿੱਚ ਫੈਲਿਆ, ਅੰਤਰਰਾਜੀ ਬੱਸ ਟਰਮੀਨਲ ਵਿੱਚ ਦੁਕਾਨਾਂ ਅਤੇ ਦਫ਼ਤਰੀ ਥਾਵਾਂ, ਮਲਟੀਪਲੈਕਸ, ਪੰਜ ਤਾਰਾ ਹੋਟਲ, ਤਿੰਨ ਬਹੁ-ਮੰਜ਼ਲਾਂ ਟਾਵਰ ਅਤੇ ਛੱਤ ’ਤੇ ਹੈਲੀਪੈਡ ਬਣਨਾ ਸੀ ਪ੍ਰੰਤੂ 13 ਸਾਲ ਬੀਤ ਜਾਣ ਦੇ ਬਾਵਜੂਦ ਇਹ ਸੜਕ ਅਤੇ ਬੱਸ ਅੱਡਾ ਸਹੀ ਤਰੀਕੇ ਨਾਲ ਚਾਲੂ ਨਹੀਂ ਹੋ ਸਕਿਆ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…