nabaz-e-punjab.com

ਚੋਣ ਡਿਊਟੀਆਂ ’ਤੇ ਤਾਇਨਾਤ ਅਧਿਆਪਕਾਂ ਦੀ ਤਨਖ਼ਾਹ ਨਾਲ ਮੋਬਾਈਲ ਭੱਤੇ ਜਾਰੀ ਕਰਨ ਦੀ ਮੰਗ

ਖ਼ਜ਼ਾਨਾ ਅਫ਼ਸਰਾਂ ਅਤੇ ਸਕੂਲ ਮੁਖੀਆਂ ਵਿਚਾਲੇ ਭੰਬਲਭੂਸਾ ਦੂਰ ਕਰੇ ਸਿੱਖਿਆ ਵਿਭਾਗ: ਡੀਟੀਐੱਫ਼

ਨਬਜ਼-ਏ-ਪੰਜਾਬ, ਮੁਹਾਲੀ, 24 ਮਈ:
ਪੰਜਾਬ ਸਰਕਾਰ ਵੱਲੋਂ ਅੱਤ ਦੀ ਪੈ ਰਹੀ ਗਰਮੀ ਦੇ ਚੱਲਦਿਆਂ ਬੀਤੀ 21 ਮਈ ਤੋਂ 30 ਜੂਨ ਤੱਕ ਸਰਕਾਰੀ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਦੇ ਐਲਾਨ ਨਾਲ ਸਕੂਲ ਮੁਖੀਆਂ ਅਤੇ ਖ਼ਜ਼ਾਨਾ ਅਫ਼ਸਰਾਂ ਵਿੱਚ ਮਈ ਮਹੀਨੇ ਦੇ ਮੋਬਾਈਲ ਭੱਤੇ ਸਬੰਧੀ ਦੁਬਿਧਾ ਖੜ੍ਹੀ ਹੋ ਗਈ ਹੈ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀਟੀਐਫ਼) ਨੇ ਮਈ ਮਹੀਨੇ ਦੀ ਤਨਖ਼ਾਹ ਮੋਬਾਈਲ ਭੱਤੇ ਸਮੇਤ ਰਿਲੀਜ਼ ਕਰਨ ਦੀ ਗੁਹਾਰ ਲਗਾਈ ਹੈ। ਅੱਜ ਇੱਥੇ ਡੀਟੀਐੱਫ਼ ਦੇ ਸੂਬਾ ਮੀਤ ਪ੍ਰਧਾਨ ਗੁਰਪਿਆਰ ਸਿੰਘ ਕੋਟਲੀ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ, ਰੌਸ਼ਨ ਲਾਲ, ਸ਼ਿਵ ਸ਼ੰਕਰ, ਡਾ. ਹਰਿੰਦਰ ਸਿੰਘ, ਗੁਰਸ਼ਰਨ ਸਿੰਘ ਅਤੇ ਪ੍ਰੇਮ ਰਾਣੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਛੁੱਟੀਆਂ ਸਬੰਧੀ ਪੱਤਰ ਵਿੱਚ ਜਿਹੜੇ ਅਧਿਆਪਕ ਚੋਣ ਡਿਊਟੀ ਅਤੇ ਚੋਣ ਵਿਵਸਥਾ ਸਬੰਧੀ ਡਿਊਟੀਆਂ ’ਤੇ ਹਨ, ਉਨ੍ਹਾਂ ਨੂੰ ਇਹ ਡਿਊਟੀ ਨਿਭਾਉਣ ਲਈ ਪਾਬੰਦ ਕੀਤੇ ਜਾਣ ਕਾਰਨ ਇਹ ਦੁਬਿਧਾ ਬਣੀ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਸਿੱਖਿਆ ਵਿਭਾਗ, ਵਿੱਤ ਵਿਭਾਗ ਅਤੇ ਚੋਣ ਕਮਿਸ਼ਨ ਪੰਜਾਬ ਛੁੱਟੀਆਂ ਦੌਰਾਨ ਚੋਣਾਂ ਸਬੰਧੀ ਡਿਊਟੀ ’ਤੇ ਸੱਦੇ ਜਾ ਰਹੇ ਅਧਿਆਪਕਾਂ ਦੀ ਮਈ ਮਹੀਨੇ ਦੀ ਤਨਖ਼ਾਹ ਨਾਲ ਮੋਬਾਈਲ ਭੱਤੇ ਜ਼ਰੂਰ ਦਿੱਤੇ ਜਾਣ।
ਆਗੂਆਂ ਨੇ ਦੱਸਿਆ ਕਿ ਪੰਜਾਬ ਵਿੱਚ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਹੋਰਨਾਂ ਮੁਲਾਜ਼ਮਾਂ ਵਾਂਗ ਸਰਕਾਰੀ ਸਕੂਲਾਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਅਧਿਆਪਕਾਂ ਦੀਆਂ ਬਤੌਰ ਬੂਥ ਲੈਵਲ ਅਫ਼ਸਰ (ਬੀਐੱਲਓ), ਪ੍ਰਜ਼ਾਇਡਿੰਗ ਅਫ਼ਸਰ (ਪੀਆਰਓ), ਸੁਪਰਵਾਈਜ਼ਰ, ਏਪੀਆਰਓ, ਪੋਲਿੰਗ ਅਫ਼ਸਰ, ਮਾਸਟਰ ਟਰੇਨਰ, ਟਰੇਨਰ, ਸੈਕਟਰ ਅਫ਼ਸਰਾਂ, ਸਟੈਟਿਕ ਸਰਵੈਲੀਐਂਸ ਟੀਮਾਂ, ਡਾਟਾ ਐਂਟਰੀ, ਵੋਟਾਂ ਦੀ ਗਿਣਤੀ ਲਈ ਡਿਊਟੀਆਂ ਲਾਈਆਂ ਗਈਆਂ ਹਨ। ਇਸ ਕਰਕੇ ਹਜ਼ਾਰਾਂ ਅਧਿਆਪਕ ਲਗਾਤਾਰ ਚੋਣ ਡਿਊਟੀਆਂ ਅਤੇ ਚੋਣ ਰਿਹਰਸਲਾਂ ਵਿੱਚ ਰੁੱਝੇ ਹੋਣ ਕਾਰਨ ਤਨਖ਼ਾਹ ਦੇ ਨਾਲ ਮੋਬਾਈਲ ਭੱਤੇ ਵੀ ਹੱਕਦਾਰ ਹਨ।
ਡੀਟੀਐਫ਼ ਦੇ ਆਗੂਆਂ ਨੇ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਚੋਣ ਅਫ਼ਸਰਾਂ ਤੋਂ ਇਹ ਵੀ ਮੰਗ ਕੀਤੀ ਕਿ ਇਹੀ ਦਿਨੀਂ ਅੱਤ ਦੀ ਗਰਮੀ ਪੇ ਰਹੀ ਹੈ। ਲਿਹਾਜ਼ਾ ਚੋਣ ਡਿਊਟੀ ਖ਼ਾਸ ਕਰਕੇ ਵੋਟਾਂ ਵਾਲੇ ਦਿਨ ਪੋਲਿੰਗ ਬੂਥਾਂ ’ਤੇ ਤਾਇਨਾਤ ਅਮਲੇ ਲਈ ਠੰਢੇ ਮਿੱਠੇ ਜਲ ਅਤੇ ਪੱਖੇ ਤੇ ਕੂਲਰਾਂ ਦੀ ਵਿਵਸਥਾ ਕੀਤੀ ਜਾਵੇ ਅਤੇ ਪੋਲਿੰਗ ਬੂਥਾਂ ’ਤੇ ਮੈਡੀਕਲ ਸੁਵਿਧਾ ਪ੍ਰਦਾਨ ਕੀਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…