Share on Facebook Share on Twitter Share on Google+ Share on Pinterest Share on Linkedin ਹੜ੍ਹਾਂ ਦੇ ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਲਖਨੌਰ ਚੋਅ ਤੇ ਨਿਕਾਸੀ ਨਾਲਿਆਂ ਦੀ ਸਫ਼ਾਈ ਦੀ ਮੰਗ ਉੱਠੀ ਲਖਨੌਰ ਚੋਅ ਦੀ ਸਫ਼ਾਈ ਨਾ ਹੋਣ ’ਤੇ ਡਿਪਟੀ ਮੇਅਰ ਕੁਲਜੀਤ ਬੇਦੀ ਨੇ ਡੀਸੀ ਨੂੰ ਪੱਤਰ ਲਿਖਿਆ ਨਬਜ਼-ਏ-ਪੰਜਾਬ, ਮੁਹਾਲੀ, 19 ਜੂਨ: ਹੜ੍ਹਾਂ ਦੇ ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਮੁਹਾਲੀ ਵਿੱਚ ਲਖਨੌਰ ਚੋਅ ਸਮੇਤ ਐਨ ਚੋਅ, ਪਟਿਆਲਾ ਦੀ ਰਾਓ ਅਤੇ ਹੋਰ ਨਿਕਾਸੀ ਨਾਲਿਆਂ ਦੀ ਸਫ਼ਾਈ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਇਸ ਸਬੰਧੀ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਡੀਸੀ ਮੁਹਾਲੀ ਨੂੰ ਇੱਕ ਪੱਤਰ ਲਿਖ ਕੇ ਲਖਨੌਰ ਚੋਅ ਦੀ ਤੁਰੰਤ ਸਫ਼ਾਈ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਲਖਨੌਰ ਚੋਅ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਫੇਜ਼-7, ਫੇਜ਼-3ਬੀ2, ਫੇਜ਼-4, ਫੇਜ਼-5, ਸੈਕਟਰ-70, ਸੈਕਟਰ-71, ਮਟੌਰ ਅਤੇ ਸਨਅਤੀ ਏਰੀਆ ਵਿੱਚ ਬਰਸਾਤੀ ਪਾਣੀ ਦੀ ਮਾਰ ਪੈਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਹਰੇਕ ਸਾਲ ਬਰਸਾਤੀ ਪਾਣੀ ਦੀ ਸਹੀ ਤਰੀਕੇ ਨਾਲ ਨਿਕਾਸੀ ਨਾ ਹੋਣ ਕਾਰਨ ਮੁਹਾਲੀ ਸਮੇਤ ਆਸਪਾਸ ਪਿੰਡਾਂ ਵਿੱਚ ਤਬਾਹੀ ਮਚਦੀ ਹੈ ਅਤੇ ਲੋਕਾਂ ਦਾ ਕਾਫ਼ੀ ਨੁਕਸਾਨ ਹੁੰਦਾ ਹੈ। ਡਿਪਟੀ ਮੇਅਰ ਨੇ ਕਿਹਾ ਕਿ ਲਖਨੌਰ ਚੋਅ ਵਿੱਚ ਮਿੱਟੀ, ਗਾਦ, ਭੰਗ-ਬੂਟੀਆਂ, ਝਾੜੀਆਂ ਅਤੇ ਕੂੜਾ-ਕਰਕਟ ਜਮ੍ਹਾ ਹੋਣ ਕਾਰਨ ਸਹੀ ਤਰੀਕੇ ਨਾਲ ਪਾਣੀ ਦੀ ਨਿਕਾਸੀ ਨਹੀਂ ਹੁੰਦੀ। ਉਨ੍ਹਾਂ ਡੀਸੀ ਦੇ ਧਿਆਨ ਵਿੱਚ ਲਿਆਂਦਾ ਕਿ ਲਖਨੌਰ ਚੋਅ ਦੇ ਕਈ ਹਿੱਸਿਆਂ ਵਿੱਚ ਨਾਜਾਇਜ਼ ਕਬਜ਼ੇ ਅਤੇ ਗੰਦਗੀ ਵੀ ਪਾਣੀ ਦੀ ਰੁਕਾਵਟ ਦਾ ਕਾਰਨ ਬਣ ਰਹੇ ਹਨ। ਜੇਕਰ ਫੌਰੀ ਤੌਰ ’ਤੇ ਡਰੇਨਜ਼ ਵਿਭਾਗ ਰਾਹੀਂ ਚੋਅ ਦੀ ਪੂਰੀ ਸਫ਼ਾਈ ਨਹੀਂ ਹੋਈ ਤਾਂ ਲਖਨੌਰ ਚੋਅ ਦਾ ਪਾਣੀ ਓਵਰਫ਼ਲੋ ਹੋ ਕੇ ਨੇੜਲੇ ਇਲਾਕਿਆਂ ਵਿੱਚ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ। ਕੁਲਜੀਤ ਬੇਦੀ ਨੇ ਪੱਤਰ ਰਾਹੀਂ ਭਾਰੀ ਬਰਸਾਤਾਂ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਲਖਨੌਰ ਚੋਅ ਦੀ ਸਫ਼ਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਭਲਾਈ ਅਤੇ ਸੁਰੱਖਿਆ ਲਈ ਇਹ ਕਦਮ ਬਹੁਤ ਜ਼ਰੂਰੀ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਸ ਸਬੰਧੀ ਡੀਸੀ ਸਬੰਧਤ ਵਿਭਾਗ ਤੋਂ ਰਿਪੋਰਟ ਤਲਬ ਕਰਕੇ ਕਾਰਵਾਈ ਕਰਵਾਉਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ