108 ਐਂਬੂਲੈਂਸ ਕਰਮਚਾਰੀਆਂ ਦਾ ਮਰਨ ਵਰਤ ਨੌਵੇਂ ਦਿਨ ’ਚ ਦਾਖ਼ਲ, ਇਕ ਦੀ ਹਾਲਤ ਗੰਭੀਰ

ਨਬਜ਼-ਏ-ਪੰਜਾਬ, ਮੁਹਾਲੀ, 28 ਦਸੰਬਰ:
108 ਐਂਬੂਲੈਂਸ ਐਂਪਲਾਈਜ ਯੂਨੀਅਨ ਦੇ ਸੂਬਾ ਪ੍ਰਧਾਨ ਅਮਨਦੀਪ ਸਿੰਘ ਦੀ ਅਗਵਾਈ ਹੇਠ ਸਮੂਹ ਕਰਮਚਾਰੀ ਪਾਇਲਟ ਅਤੇ ਈਐਮਟੀ ਦਾ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਹੱਡ ਚੀਰਵੀਂ ਠੰਢ ਵਿੱਚ ਸ਼ੁਰੂ ਕੀਤਾ ਮਰਨ ਵਰਤ ਅੱਜ ਨੌਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਭੁੱਖੇ ਪੇਟ ਧਰਨੇ ’ਤੇ ਬੈਠੇ ਇੱਕ ਧਰਨਾਕਾਰੀ ਹਰਮੀਤ ਸਿੰਘ ਦੀ ਅਚਾਨਕ ਹਾਲਤ ਵਿਗੜ ਗਈ। ਉਸ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਗੁਰਜੀਤ ਸਿੰਘ, ਬਲਜਿੰਦਰ ਸਿੰਘ, ਹਰਮੀਤ ਸਿੰਘ, ਬਲਵਿੰਦਰ ਗੁਰੂ ਅਤੇ ਸ਼ਰਨਜੀਤ ਕੌਰ ਮਰਨ ਵਰਤ ’ਤੇ ਬੈਠੇ ਹਨ।
ਸੂਬਾ ਪ੍ਰਧਾਨ ਅਮਨਦੀਪ ਸਿੰਘ, ਜੋਗਾ ਸਿੰਘ, ਸੁਖਰਾਜ ਸਿੰਘ, ਗੁਰਪ੍ਰੀਤ ਸਿੰਘ, ਅਰਵਿੰਦ ਚੌਹਾਨ, ਸਾਗਰ ਅਰੋੜਾ, ਸੁਰਿੰਦਰ ਸ਼ਰਮਾ, ਜਸਦੀਪ ਚੀਮਾ ਨੇ ਕਿਹਾ ਕਿ 108 ਐਂਬੂਲੈਂਸ ਸਟਾਫ਼ ਦੀ ਤਨਖ਼ਾਹ ਵਿੱਚ ਸਾਲਾਨਾ ਵਾਧਾ, ਐਂਬੂਲੈਂਸਾਂ ਦਾ ਸਹੀ ਰੱਖ-ਰਖਾਓ ਅਤੇ ਮਰੀਜ਼ਾਂ ਲਈ ਐਂਬੂਲੈਂਸ ਵਿੱਚ ਵਰਤੀ ਜਾਂਦੀ ਜੀਵਨ ਰੱਖਿਆ ਪ੍ਰਣਾਲੀ ਦਾ ਪੂਰਾ ਸਾਜੋ-ਸਮਾਨ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਾਈਵੇਟ ਕੰਪਨੀ ਨਾ ਤਾਂ ਐਂਬੂਲੈਂਸਾਂ ਦਾ ਰੱਖ ਰਖਾਓ ਕਰ ਰਹੀ ਹੈ ਅਤੇ ਮੁਲਾਜ਼ਮ ਮੰਗਾਂ ਦਾ ਨਿਪਟਾਰਾ ਕਰਨ ਦੀ ਥਾਂ ਘਰ ਬੈਠੇ ਜਾਂ ਹੋਰ ਗੱਡੀ ’ਤੇ ਤਾਇਨਾਤ ਸਟਾਫ਼ ਦੀਆਂ ਕਥਿਤ ਫ਼ਰਜ਼ੀ ਹਾਜ਼ਰੀਆਂ ਲਗਾ ਕੇ ਸਰਕਾਰ ਤੋਂ ਖੜੀਆ ਗੱਡੀਆਂ ਦੇ ਕਲੇਮ ਹਾਸਲ ਕੀਤੇ ਜਾ ਰਹੇ ਹਨ। ਇਸ ਨਾਲ ਜਿੱਥੇ ਵਿਰੋਧ ਕਰਨ ਵਾਲੇ ਕਰਮਚਾਰੀਆਂ ਦਾ ਮਨੋਬਲ ਡਿੱਗ ਰਿਹਾ ਹੈ, ਉੱਥੇ ਸਰਕਾਰੀ ਖ਼ਜ਼ਾਨੇ ਨੂੰ ਵੀ ਖੋਰਾ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਗਾਂ ਦਾ ਮੁੱਦਾ ਚੁੱਕਣ ਵਾਲੇ ਸਟਾਫ਼ ਨੂੰ ਬਰਖ਼ਾਸਤ ਕਰਕੇ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਪ੍ਰੰਤੂ ਅਫ਼ਸੋਸ ਇਸ ਗੱਲ ਦਾ ਹੈ ਕਿ ਕਈ ਜ਼ਿਲ੍ਹਿਆਂ ਦੇ ਡਿਪਟੀ ਮੈਡੀਕਲ ਕਮਿਸ਼ਨਰ ਨਿੱਜੀ ਕੰਪਨੀ ਦਾ ਬਚਾਅ ਕਰਨ ਵਿੱਚ ਲੱਗੇ ਹੋਏ ਹਨ।
ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਐਂਬੂਲੈਂਸ ਸਟਾਫ਼ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਗਈਆਂ ਅਤੇ ਕੰਪਨੀ ਖ਼ਿਲਾਫ਼ ਧੋਖਾਧੜੀ ਦਾ ਪਰਚਾ ਦਰਜ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਕਰੀਬ 1500 ਸਾਥੀ ਆਪਣੇ ਪਰਿਵਾਰਾਂ ਸਮੇਤ ਮੁੱਖ ਮੰਤਰੀ ਨੂੰ ਐਂਬੂਲੈਂਸ ਦੀਆਂ ਚਾਬੀਆਂ ਸੌਂਪ ਕੇ ਸੂਬਾ ਪੱਧਰ ’ਤੇ ਜਨ ਅੰਦੋਲਨ ਸ਼ੁਰੂ ਕਰਨਗੇ ਅਤੇ ਹਾਈ ਕੋਰਟ ਅਤੇ ਸੀਬੀਆਈ ਦਾ ਬੂਹਾ ਖੜਕਾਇਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…