ਕਾਂਗਰਸ ਸੰਵਿਧਾਨ ਬਚਾਓ ਰੈਲੀਆਂ ਦੇ ਨਾਂ ’ਤੇ ਲੋਕਾਂ ਨੂੰ ਹੋਰ ਗੁੰਮਰਾਹ ਨਾ ਕਰੇ: ਪੁਰਖਾਲਵੀ

ਨਬਜ਼-ਏ-ਪੰਜਾਬ, ਮੁਹਾਲੀ, 31 ਮਈ:
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਦਲਿਤ ਆਗੂ ਸ਼ਮਸ਼ੇਰ ਸਿੰਘ ਪੁਰਖਾਲਵੀ ਨੇ ਪੰਜਾਬ ਕਾਂਗਰਸ ਵੱਲੋਂ ਸੂਬੇ ਵਿੱਚ ਕੀਤੀਆਂ ਜਾ ਰਹੀਆਂ ਸੰਵਿਧਾਨ ਬਚਾਓ ਰੈਲੀਆਂ ’ਤੇ ਤੰਜ ਕੱਸਦਿਆਂ ਕਿਹਾ ਕਿ ਕਾਂਗਰਸ ਪਾਰਟੀ ਆਪਣੀ ਉੱਜੜਦੀ ਸਿਆਸੀ ਜ਼ਮੀਨ ਬਚਾਉਣ ਲਈ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਨਾਮ ਉੱਤੇ ਦੇਸ਼ ਦੇ ਮਿਹਨਤਕਸ਼ ਕਿਰਤੀ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੋਝਾ ਯਤਨ ਕਰ ਰਹੀ ਹੈ ਜਦਕਿ ਸਚਾਈ ਇਹ ਹੈ ਕਿ ਸਾਲ 1952 ਵਿੱਚ ਹੋਈਆਂ ਆਮ ਪਾਰਲੀਮੈਂਟ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਦਲਿਤਾ ਦੇ ਮਸੀਹਾਂ ਅਤੇ ਸੰਵਿਧਾਨ ਦੇ ਨਿਰਮਾਤਾ ਡਾ. ਬੀਆਰ ਅੰਬੇਡਕਰ ਦੇ ਖ਼ਿਲਾਫ਼ ਆਪਣਾ ਉਮੀਦਵਾਰ ਨਾਰਾਇਣ ਸਦੋਬਾ ਕਾਜਰੋਲਕਰ ਨੂੰ ਮੁੰਬਈ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰ ਕੇ ਸੋਚੀ ਸਮਝੀ ਸਾਜ਼ਿਸ਼ ਤਹਿਤ ਡਾ. ਅੰਬੇਡਕਾਰ ਨੂੰ ਹਰਾਇਆ ਗਿਆ ਸੀ ਅਤੇ ਹੁਣ ਵੋਟ ਬੈਂਕ ਪੱਕਾ ਕਰਨ ਲਈ ਸੰਵਿਧਾਨ ਦੀ ਯਾਦ ਆ ਗਈ।
ਅੱਜ ਇੱਥੇ ਅਕਾਲੀ ਦਲ ਦੇ ਸੀਨੀਅਰ ਆਗੂ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ ਕਾਂਗਰਸ ਦੇ ਦੋਹਰੇ ਚਿਹਰੇ ਅਤੇ ਕਿਰਦਾਰ ਬਾਰੇ ਪੰਜਾਬ ਦੇ ਲੋਕ ਭਲੀ-ਭਾਂਤ ਜਾਣੂ ਹਨ ਅਤੇ ਹੁਣ ਕਾਂਗਰਸ ਦੇ ਕਿਸੇ ਵੀ ਤਰ੍ਹਾਂ ਗੁੰਮਰਾਹਕੁਨ ਪ੍ਰਚਾਰ ਵਿੱਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਅੱਜ ਮੁਹਾਲੀ ਵਿੱਚ ਵੀ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਸੰਵਿਧਾਨ ਬਚਾਓ ਰੈਲੀ ਕੀਤੀ ਗਈ ਹੈ। ਜਿਨ੍ਹਾਂ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨੇ ਬੁਰੀ ਤਰ੍ਹਾਂ ਹਰਾਇਆ ਸੀ ਅਤੇ ਹੁਣ ਕਾਂਗਰਸ ਲੀਡਰਸ਼ਿਪ ਆਪਣੀ ਖੁਸੀ ਹੋਈ ਜ਼ਮੀਨ ਅਤੇ ਆਪਣੀ ਹੋਂਦ ਬਚਾਉਣ ਲਈ ਹੱਥ ਪੱਲੇ ਮਾਰ ਰਹੀ ਹੈ। ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਦਲਿਤਾਂ ਅਤੇ ਸਿੱਖਾਂ ਨਾਲ ਨਾ-ਇਨਸਾਫ਼ੀਆਂ ਕੀਤੀਆਂ ਹਨ।
ਕਾਂਗਰਸ ਨੇ ਹੀ ਸ੍ਰੀ ਦਰਬਾਰ ਸਾਹਿਬ ਨੂੰ ਢਾਹੁਣ ਦੀ ਕੋਸ਼ਿਸ਼ ਕੀਤੀ ਗਈ ਅਤੇ ਦਿੱਲੀ ਵਿੱਚ ਨਵੰਬਰ 1984 ਵਿੱਚ ਮਿੱਥ ਕੇ ਸਿੱਖ ਕਤਲੇਆਮ ਕੀਤਾ ਗਿਆ। ਪੰਜਾਬ ਵਿੱਚ ਕਾਂਗਰਸ ਸਰਕਾਰ ਦੌਰਾਨ ਸਿੱਖ ਨੌਜਵਾਨਾਂ ਨੂੰ ਜਬਰੀ ਘਰੋਂ ਚੁੱਕ ਕੇ ਕਥਿਤ ਝੂਠੇ ਮੁਕਾਬਲਿਆਂ ਵਿੱਚ ਮਾਰਿਆ ਗਿਆ। ਅਜਿਹੇ ਕਈ ਕੇਸ ਮੁਹਾਲੀ ਦੀ ਸੀਬੀਆਈ ਅਦਾਲਤ ਵਿੱਚ ਚੱਲ ਰਹੇ ਹਨ ਅਤੇ ਅੱਜ ਵੀ ਸੀਬੀਆਈ ਅਦਾਲਤ ਨੇ 32 ਸਾਲ ਪੁਰਾਣੇ ਫ਼ਰਜ਼ੀ ਪੁਲੀਸ ਮੁਕਾਬਲੇ ਦੇ ਤਿੰਨ ਦੋਸ਼ੀ ਪੁਲੀਸ ਅਫ਼ਸਰਾਂ ਨੂੰ ਸਜਾ ਸੁਣਾਈ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…