ਪਿੰਡ ਝੰਜੇੜੀ ਦੀ 191 ਏਕੜ ਸ਼ਾਮਲਾਤ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਭੰਬਲਭੂਸਾ, ਵੱਖੋ-ਵੱਖਰੇ ਦਾਅਵੇ

ਜ਼ਿਲ੍ਹਾ ਪ੍ਰਸ਼ਾਸਨ ਨੇ ਸਵੇਰੇ ਤੜਕੇ ਸਾਢੇ 5 ਵਜੇ ਪੁਲੀਸ ਬਲਾਂ ਤੇ ਦੋ ਡਿਊਟੀ ਮੈਜਿਸਟਰੇਟਾਂ ਦੀ ਹਾਜ਼ਰੀ ਵਿੱਚ ਲਿਆ ਕਬਜ਼ਾ

ਜ਼ਮੀਨ ਦਾ ਕਬਜ਼ਾ ਲੈਣ ਸਮੇਂ ਸੁੱਤੇ ਪਏ ਸੀ ਲੋਕ, ਸੂਚਨਾ ਮਿਲਣ ’ਤੇ ਬਿਨਾਂ ਮੂੰਹ ਧੋਤੇ ਹੋ ਗਏ ਇਕੱਠੇ, ਟੀਮ ਨੂੰ ਵਾਪਸ ਮੋੜਿਆ

ਨਬਜ਼-ਏ-ਪੰਜਾਬ, ਮੁਹਾਲੀ, 3 ਜੂਨ:
ਪੰਜਾਬ ਸਰਕਾਰ ਵੱਲੋਂ ਸ਼ਾਮਲਾਤ (ਪੰਚਾਇਤ) ਜ਼ਮੀਨ ਨੂੰ ਗੈਰ-ਕਾਨੂੰਨੀ ਕਬਜ਼ਿਆਂ ਤੋਂ ਮੁਕਤ ਕਰਨ ਲਈ ਵਿੱਢੀ ਮੁਹਿੰਮ ਦੇ ਤਹਿਤ ਅੱਜ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਲਾਂਡਰਾਂ-ਸਰਹਿੰਦ ਸੜਕ ’ਤੇ ਸਥਿਤ ਪਿੰਡ ਝੰਜੇੜੀ ਵਿੱਚ 191 ਏਕੜ ਬਹੁ-ਕਰੋੜੀ ਸ਼ਾਮਲਾਟ ਜ਼ਮੀਨ ਦਾ ਕਬਜ਼ਾ ਲੈ ਲਿਆ ਅਤੇ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਜ਼ਮੀਨ ਗਰਾਮ ਪੰਚਾਇਤ ਝੰਜੇੜੀ ਨੂੰ ਸੌਂਪੀ ਗਈ। ਜ਼ਮੀਨ ਦੀ ਬਾਜ਼ਾਰੀ ਕੀਮਤ ਲਗਪਗ 2,000 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।
ਅੱਜ ਇੱਥੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਕਬਜ਼ੇ ਦੀ ਕਾਰਵਾਈ ਅੱਜ ਸਵੇਰੇ ਦੋ ਡਿਊਟੀ ਮੈਜਿਸਟਰੇਟਾਂ ਸ੍ਰੀਮਤੀ ਦਿਵਿਆ ਪੀ ਐਸਡੀਐਮ ਖਰੜ ਅਤੇ ਅਮਿਤ ਗੁਪਤਾ ਐਸਡੀਐਮ ਡੇਰਾਬੱਸੀ ਦੀ ਮੌਜੂਦਗੀ ਵਿੱਚ ਕੀਤੀ ਗਈ। ਇਸ ਕਾਰਵਾਈ ਨੂੰ ਨੇਪਰੇ ਚਾੜ੍ਹਨ ਲਈ ਐਸਪੀ (ਐੱਚ) ਰਮਨਦੀਪ ਸਿੰਘ ਅਤੇ ਐਸਪੀ (ਦਿਹਾਤੀ) ਮਨਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਭਾਰੀ ਗਿਣਤੀ ਵਿੱਚ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ। ਉਧਰ, ਦੂਜੇ ਪਾਸੇ ਭਾਜਪਾ ਆਗੂ ਨਰਿੰਦਰ ਸਿੰਘ ਰਾਣਾ ਅਤੇ ਪਿੰਡ ਵਾਸੀਆਂ ਰਾਮ ਸਿੰਘ, ਹਰਪਾਲ ਸਿੰਘ, ਰਾਜੇਸ਼ ਕੁਮਾਰ, ਜਗਦੀਸ਼, ਜੈਪਾਲ ਅਤੇ ਰਾਜ ਰਾਣਾ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਦਾਅਵੇ ਨੂੰ ਨਕਾਰਦੇ ਹੋਏ ਕਿਹਾ ਕਿ ਅੱਜ ਤੜਕੇ ਸਵੇਰੇ ਸਾਢੇ 5 ਵਜੇ ਹੀ ਅਧਿਕਾਰੀ ਪੁਲੀਸ ਫੋਰਸ ਲੈ ਕੇ ਕਬਜ਼ਾ ਲੈਣ ਪਹੁੰਚ ਗਏ, ਉਸ ਸਮੇਂ ਪਿੰਡ ਵਾਸੀ ਸੁੱਤੇ ਪਏ ਸਨ। ਸੂਚਨਾ ਮਿਲਦੇ ਹੀ ਬਿਨਾਂ ਮੂੰਹ ਧੋਤੇ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਕਾਰਵਾਈ ਦਾ ਵਿਰੋਧ ਕੀਤਾ। ਜਿਸ ਕਾਰਨ ਉਨ੍ਹਾਂ ਨੂੰ ਬੇਰੰਗ ਵਾਪਸ ਪਰਤਣਾ ਪਿਆ।
ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ (ਡੀਡੀਪੀਓ) ਬਲਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਪੰਚਾਇਤੀ ਜ਼ਮੀਨ ਦੇ ਕੁਲੈਕਟਰ ਅਮਰਿੰਦਰ ਸਿੰਘ ਚੌਹਾਨ ਵੱਲੋਂ 25 ਅਪਰੈਲ ਨੂੰ ਹਾਈ ਕੋਰਟ ਦੇ 4 ਫਰਵਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕਬਜ਼ਾ ਵਾਰੰਟ ਜਾਰੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨਾ ਪੰਚਾਇਤ ਵਿਭਾਗ ਦੇ ਪ੍ਰਸ਼ਾਸਕੀ ਸਕੱਤਰ ਅਜੀਤ ਬਾਲਾਜੀ ਜੋਸ਼ੀ ਅਤੇ ਡਾਇਰੈਕਟਰ ਓਮਾ ਸ਼ੰਕਰ ਗੁਪਤਾ ਦੇ ਨਿਰਦੇਸ਼ਾਂ ਹੇਠ ਸੰਭਵ ਹੋਇਆ। ਇਸ ਜ਼ਮੀਨ ’ਤੇ ਲਗਪਗ 105 ਧਿਰਾਂ ਵੱਲੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਜ਼ਮੀਨ ਖਾਲੀ ਹੋਣ ਤੋਂ ਬਾਅਦ ਗਰਾਮ ਪੰਚਾਇਤ ਝੰਜੇੜੀ ਦੇ ਪ੍ਰਸ਼ਾਸਕ ਅਮਿਤ ਕੁਮਾਰ ਨੂੰ ਅਧਿਕਾਰਤ ਕਬਜ਼ਾ ਸੌਂਪ ਦਿੱਤਾ ਗਿਆ।
ਭਾਜਪਾ ਆਗੂ ਨਰਿੰਦਰ ਸਿੰਘ ਰਾਣਾ ਤੇ ਹੋਰਨਾਂ ਪਿੰਡ ਵਾਸੀਆਂ ਨੇ ਕਿਹਾ ਕਿ ਅਧਿਕਾਰੀ ਉੱਚ ਅਦਾਲਤ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਇਹ ਕਾਰਵਾਈ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ 85 ਏਕੜ ਜ਼ਮੀਨ ਦਾ ਕਬਜ਼ਾ ਲੈਣ ਦੇ ਵਰੰਟ ਜਾਰੀ ਕੀਤੇ ਸਨ ਪ੍ਰੰਤੂ ਅਧਿਕਾਰੀਆਂ ਦੇ ਇਸ ਉਲਟ ਜਾ ਕੇ 191 ਦਾ ਕਬਜ਼ਾ ਲੈਣ ਦਾ ਦਾਅਵਾ ਕਰ ਰਹੇ ਹਨ। ਜਦੋਂਕਿ ਉਕਤ ਜ਼ਮੀਨਾਂ ਦੇ ਖ਼ਸਰਾ ਨੰਬਰ ਵੀ ਵੱਖੋ-ਵੱਖਰੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਧੱਕੇਸ਼ਾਹੀ ਖ਼ਿਲਾਫ਼ ਅੱਜ ਸ਼ਾਮ ਨੂੰ ਪਿੰਡ ਵਾਸੀਆਂ ਨੇ ਵਕੀਲਾਂ ਦੇ ਪੈਨਲ ਨਾਲ ਸਲਾਹ-ਮਸ਼ਵਰਾ ਕੀਤਾ। ਉਨ੍ਹਾਂ ਕਿਹਾ ਕਿ ਜਲਦੀ ਹੀ ਉੱਚ ਅਦਾਲਤ ਵਿੱਚ ਪ੍ਰੋਟੈਸਟ ਪਟੀਸ਼ਨ ਦਾਇਰ ਕੀਤੀ ਜਾਵੇਗੀ।

ਡੀਡੀਪੀਓ ਬਲਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਪਿੰਡ ਵਾਸੀ ਝੂਠ ਬੋਲ ਰਹੇ ਹਨ। ਪਿੰਡ ਝੰਜੇੜੀ ਵਿੱਚ 191 ਏਕੜ ਜ਼ਮੀਨ ਦਾ ਕਬਜ਼ਾ ਲੈ ਕੇ ਬੋਰਡ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਿੰਡ ਵਾਸੀ ਨੇ ਸਰਕਾਰੀ ਕਾਰਵਾਈ ਵਿੱਚ ਵਿਘਨ ਪਾਇਆ ਜਾਂ ਬੋਰਡ ਪੁੱਟੇ ਤਾਂ ਉਨ੍ਹਾਂ ਦੀ ਪਛਾਣ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਮਹਿਕਮੀਤ ਸਿੰਘ ਬੀਡੀਪੀਓ ਖਰੜ ਅਤੇ ਗੁਰਵਿੰਦਰ ਕੌਰ ਤਹਿਸੀਲਦਾਰ ਖਰੜ, ਪੰਚਾਇਤ ਵਿਭਾਗ, ਪੁਲੀਸ ਅਤੇ ਮਾਲ ਵਿਭਾਗ ਦਾ ਸਟਾਫ਼ ਹਾਜ਼ਰ ਸੀ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…