Nabaz-e-punjab.com

ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਬੇੜਾ ਕਰਨ ਲਈ ਸਬ ਡਿਵੀਜ਼ਨ ’ਤੇ ਲਗਾਏ ਜਾਣਗੇ ਸ਼ਿਕਾਇਤ ਨਿਵਾਰਨ ਕੈਂਪ: ਭੁੱਲਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੁਲਾਈ:
ਮੁਹਾਲੀ ਦੇ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਪਹਿਲਕਦਮੀ ਕਰਦਿਆਂ ਲੋਕਾਂ ਦੇ ਘਰਾਂ ਨੇੜੇ ਪੀੜਤਾਂ ਦੀ ਗੱਲ ਸੁਣਨ ਦਾ ਬੀੜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੀਆਂ ਦਰਖ਼ਾਸਤਾਂ ਦੇ ਨਿਬੇੜੇ ਲਈ ਜ਼ਿਲ੍ਹਾ ਪੱਧਰ ’ਤੇ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ 20 ਜੁਲਾਈ ਨੂੰ ਸਬ-ਡਿਵੀਜ਼ਨ ਪੱਧਰ ’ਤੇ ਸ਼ਿਕਾਇਤ ਨਿਵਾਰਨ ਕੈਂਪ ਲਗਾਏ ਜਾਣਗੇ।
ਸ੍ਰੀ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਦੇ ਨੋਟਿਸ ਵਿੱਚ ਆਇਆ ਸੀ ਕਿ ਜ਼ਿਲ੍ਹੇ ਵਿੱਚ ਕਾਫ਼ੀ ਗਿਣਤੀ ਵਿੱਚ ਸ਼ਿਕਾਇਤਾਂ ਵੱਖ-ਵੱਖ ਅਧਿਕਾਰੀਆਂ ਕੋਲ ਅਤੇ ਯੂਨਿਟਾਂ ਵਿੱਚ ਲਮਕ ਵਿੱਚ ਪਈਆਂ ਹਨ। ਜਿਨ੍ਹਾਂ ’ਚੋਂ ਕਾਫ਼ੀ ਸ਼ਿਕਾਇਤਾਂ ਤਾਂ ਪਿਛਲੇ ਸਾਲਾਂ ਤੋਂ ਪੈਂਡਿੰਗ ਚੱਲ ਰਹੀਆਂ ਹਨ। ਆਮ ਲੋਕਾਂ ਵੱਲੋਂ ਅਕਸਰ ਆਪਣੀਆਂ ਪੈਂਡਿੰਗ ਸ਼ਿਕਾਇਤਾਂ ਦੇ ਜਲਦੀ ਨਿਪਟਾਰੇ ਸਬੰਧੀ ਉੱਚ ਅਧਿਕਾਰੀਆਂ ਕੋਲ ਪਹੁੰਚ ਕੀਤੀ ਜਾਂਦੀ ਹੈ ਅਤੇ ਕਈ ਵਾਰ ਆਮ ਪਬਲਿਕ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਐਸਐਸਪੀ ਨੇ ਦੱਸਿਆ ਕਿ ਲੋਕਾਂ ਦੀਆਂ ਇਨ੍ਹਾਂ ਸਮੱਸਿਆਵਾਂ ਦੇ ਮੱਦੇਨਜ਼ਰ ਪਿਛਲੇ ਸਮੇਂ ਤੋਂ ਲਮਕ ਰਹੀਆਂ ਦਰਖਾਸਤਾਂ ਦੇ ਵੱਧ ਤੋਂ ਵੱਧ ਨਿਪਟਾਰੇ ਹਿੱਤ ਸਬ-ਡਿਵੀਜ਼ਨ ਪੱਧਰੀ ਸ਼ਿਕਾਇਤ ਨਿਵਾਰਨ ਕੈਂਪ 20 ਜੁਲਾਈ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਵੱਖ-ਵੱਖ ਥਾਵਾਂ ’ਤੇ ਲਾਏ ਜਾ ਰਹੇ ਹਨ। ਇਸ ਲਈ ਸਬੰਧਤ ਸਬ-ਡਿਵੀਜ਼ਨ ਦੀਆਂ ਸਾਰੀਆਂ ਲੰਬਿਤ ਦਰਖਾਸਤਾਂ ਵਾਲੀਆਂ ਸਬੰਧਤ ਧਿਰਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਜੋ ਉਹ ਨਿਸ਼ਚਿਤ ਮਿਤੀ ਅਤੇ ਸਥਾਨ ’ਤੇ ਸਮੇਂ ਸਿਰ ਸਮੇਤ ਗਵਾਹ ਅਤੇ ਦਸਤਾਵੇਜ਼ ਲੈ ਕੇ ਹਾਜ਼ਰ ਹੋ ਸਕਣ। ਇਨ੍ਹਾਂ ਕੈਂਪਾਂ ਦੌਰਾਨ ਗਜ਼ਟਿਡ ਅਫ਼ਸਰ/ਮੁੱਖ ਅਫ਼ਸਰ ਆਪੋ-ਆਪਣੇ ਵੱਖਰੇ-ਵੱਖਰੇ ਟੇਬਲਾਂ ’ਤੇ ਸਬੰਧਤ ਧਿਰਾਂ ਦੀ ਸੁਣਵਾਈ ਕਰਨਗੇ।
ਸ੍ਰੀ ਭੁੱਲਰ ਨੇ ਦੱਸਿਆ ਕਿ ਸਬ ਡਿਵੀਜ਼ਨ ਸਿਟੀ-1 ਮੁਹਾਲੀ ਵਿੱਚ ਕਮਿਊਨਿਟੀ ਸੈਂਟਰ ਸੈਕਟਰ-71 ਵਿੱਚ ਸ਼ਿਕਾਇਤ ਨਿਵਾਰਣ ਕੈਂਪ ਲਗਾ ਕੇ ਏਐਸਪੀ ਸਿਟੀ-1, ਥਾਣਾ ਫੇਜ਼-1, ਥਾਣਾ ਮਟੌਰ, ਥਾਣਾ ਨਵਾਂ ਗਰਾਓਂ ਅਤੇ ਸਬ ਡਿਵੀਜ਼ਨ ਸਿਟੀ-2 ਮੁਹਾਲੀ ਵਿੱਚ ਇੰਨਡੋਰ ਸਟੇਡੀਅਮ ਨੇੜੇ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸ਼ਿਕਾਇਤ ਨਿਵਾਰਣ ਕੈਂਪ ਦੌਰਾਨ ਡੀਐਸਪੀ ਸਿਟੀ-2, ਥਾਣਾ ਫੇਜ਼-8, ਥਾਣਾ ਫੇਜ਼-11 ਅਤੇ ਥਾਣਾ ਸੋਹਾਣਾ ਵਿੱਚ ਪੈਂਡਿੰਗ ਪਈਆਂ ਦਰਖਾਸਤਾਂ ਵਿਚਾਰੀਆਂ ਜਾਣਗੀਆਂ। ਇਸੇ ਤਰ੍ਹਾਂ ਸਬ-ਡਿਵੀਜ਼ਨ ਖਰੜ ਦੇ ਗਰੈਸ ਟੋਨ ਰਿਜ਼ੋਰਟ ਵਿੱਚ ਸ਼ਿਕਾਇਤ ਨਿਵਾਰਣ ਕੈਂਪ ਲਗਾ ਕੇ ਖਾਨਪੁਰ ਦਫ਼ਤਰ ਡੀਐਸਪੀ ਖਰੜ, ਥਾਣਾ ਸਦਰ ਖਰੜ, ਥਾਣਾ ਸਿਟੀ ਖਰੜ, ਥਾਣਾ ਘੜੰੂਆਂ, ਥਾਣਾ ਬਲੌਂਗੀ ਅਤੇ ਫਤਹਿਗੜ੍ਹ ਰਿਜ਼ੋਰਟ (ਕੁਰਾਲੀ-ਸਿਸਵਾਂ ਰੋਡ) ਵਿੱਚ ਥਾਣਾ ਸਦਰ ਕੁਰਾਲੀ, ਥਾਣਾ ਮਾਜਰੀ, ਥਾਣਾ ਮੁੱਲਾਂਪੁਰ ਅਤੇ ਥਾਣਾ ਸਿਟੀ ਕੁਰਾਲੀ ਵਿੱਚ ਪੈਂਡਿੰਗ ਪਈਆਂ ਦਰਖਾਸਤਾਂ ਵਿਚਾਰੀਆਂ ਜਾਣਗੀਆਂ।
ਇਸੇ ਤਰ੍ਹਾਂ ਸਬ ਡਿਵੀਜ਼ਨ ਡੇਰਾਬੱਸੀ ਵਿੱਚ ਓਕੇਜਨ ਰਿਜ਼ੋਰਟ ਪਟਿਆਲਾ ਰੋਡ ਜ਼ੀਰਕਪੁਰ ਵਿੱਚ ਥਾਣਾ ਜ਼ੀਰਕਪੁਰ ਤੇ ਥਾਣਾ ਢਕੌਲੀ ਅਤੇ ਕੰਟਰੀ ਸਾਈਡ ਰਿਜ਼ੋਰਟ ਧਨੌਨੀ ਰੋਡ ਡੇਰਾਬੱਸੀ ਵਿੱਚ ਡੀਐਸਪੀ ਦਫ਼ਤਰ ਡੇਰਾਬੱਸੀ, ਥਾਣਾ ਡੇਰਾਬੱਸੀ, ਥਾਣਾ ਲਾਲੜੂ ਅਤੇ ਥਾਣਾ ਹੰਡੇਸਰਾ ਵਿੱਚ ਪੈਂਡਿੰਗ ਪਈਆਂ ਦਰਖਾਸਤਾਂ ਵਿਚਾਰੀਆਂ ਜਾਣਗੀਆਂ। ਜ਼ਿਲ੍ਹਾ ਪੁਲੀਸ ਮੁਖੀ ਨੇ ਸਬੰਧਤ ਧਿਰਾਂ, ਜਿਨ੍ਹਾਂ ਦੀਆਂ ਦਰਖਾਸਤਾਂ ਸਬ ਡਿਵੀਜ਼ਨਾਂ ਦੇ ਡੀਐਸਪੀ ਅਤੇ ਥਾਣਿਆਂ ਵਿੱਚ ਪੈਂਡਿੰਗ ਹਨ, ਨੂੰ ਅਪੀਲ ਕੀਤੀ ਕਿ ਉਹ ਆਪਣੇ ਸਬੰਧਤ ਸਥਾਨ ’ਤੇ ਗਵਾਹ/ਦਸਤਾਵੇਜ਼ ਲੈ ਕੇ ਸਮੇਂ ਸਿਰ ਹਾਜ਼ਰ ਹੋ ਕੇ ਇਸ ਮੌਕੇ ਦਾ ਫਾਇਦਾ ਉਠਾਉਣ ਤਾਂ ਜੋ ਵੱਧ ਤੋਂ ਵੱਧ ਲੰਬਿਤ ਮਾਮਲਿਆਂ ਦਾ ਨਿਪਟਾਰਾ ਕੀਤਾ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…