Share on Facebook Share on Twitter Share on Google+ Share on Pinterest Share on Linkedin ਬੱਚੇ ਦੀ ਡੁੱਬਣ ਨਾਲ ਮੌਤ ਦਾ ਮਾਮਲਾ: ਡੀਸੀ ਵੱਲੋਂ ਐਸਡੀਐਮ ਨੂੰ ਜਾਂਚ ਦੇ ਆਦੇਸ਼ ਮਾਸੂਮ ਦੀ ਮੌਤ ਲਈ ਅਣਗਹਿਲੀ ਦੀ ਸੂਰਤ ਵਿੱਚ ਤੈਅ ਕੀਤੀ ਜਾਵੇਗੀ ਜ਼ਿੰਮੇਵਾਰੀ: ਡੀਸੀ ਆਸ਼ਿਕਾ ਜੈਨ ਪੀੜਤ ਪਰਿਵਾਰ ਨੂੰ ਰੈੱਡ ਕਰਾਸ ਤੇ ਮੁੱਖ ਮੰਤਰੀ ਰਾਹਤ ਫੰਡ ’ਚੋਂ ਦਿਵਾਈ ਜਾਵੇਗੀ ਢੁਕਵੀਂ ਰਾਹਤ ਰਾਸ਼ੀ: ਡੀਸੀ ਨਬਜ਼-ਏ-ਪੰਜਾਬ, ਮੁਹਾਲੀ, 26 ਦਸੰਬਰ: ਇੱਥੋਂ ਦੇ ਸੈਕਟਰ-78 ਵਿੱਚ ਉਸਾਰੀ ਅਧੀਨ ਮਕਾਨ ਦੀ ਜ਼ਮੀਨਦੋਜ਼ ਪਾਣੀ ਦੀ ਟੈਂਕੀ ਵਿੱਚ ਡੁੱਬਣ ਨਾਲ ਇੱਕ ਤਿੰਨ ਸਾਲ ਦੇ ਮਾਸੂਮ ਬੱਚੇ ਕ੍ਰਿਸ਼ਨਾ ਪੁੱਤਰ ਨੰਦ ਕਿਸ਼ੋਰ ਦੀ ਹੋਈ ਮੌਤ ਦਾ ਗੰਭੀਰ ਨੋਟਿਸ ਲੈਂਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਐਸਡੀਐਮ ਚੰਦਰਜੋਤੀ ਸਿੰਘ ਨੂੰ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਬੱਚੇ ਦਾ ਪਿਤਾ ਨੰਦ ਕਿਸ਼ੋਰ ਅਤੇ ਮਾਂ ਰੇਖਾ ਰਾਣੀ ਮਕਾਨ ਦੀ ਉਸਾਰੀ ਲਈ ਉੱਥੇ ਹੀ ਮਜ਼ਦੂਰੀ ਕਰਦੇ ਹਨ ਅਤੇ ਦੇਖਭਾਲ ਲਈ ਉੱਥੇ ਹੀ ਰਹਿੰਦੇ ਹਨ। ਬੀਤੀ 23 ਦਸੰਬਰ ਨੂੰ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਕ੍ਰਿਸ਼ਨਾ ਦੀ ਮਾਂ ਅਤੇ ਪਿਉ ਉੱਥੇ ਨਹੀਂ ਸਨ। ਇਸ ਦੌਰਾਨ ਬੱਚਾ ਖੇਡਦੇ ਹੋਏ ਅਚਾਨਕ ਪਾਣੀ ਦੇ ਖੱਡੇ ਵਿੱਚ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਡੀਸੀ ਆਸ਼ਿਕਾ ਜੈਨ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ, ਜਿਸ ਵਿੱਚ ਇੱਕ ਗਰੀਬ ਮਜ਼ਦੂਰ ਦੇ ਇਕਲੌਤੇ ਬੇਟੇ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਬੱਚੇ ਦੀ ਮੌਤ ਲਈ ਵਰਤੀ ਗਈ ਅਣਗਹਿਲੀ ਲਈ ਸਬੰਧਤ ਵਿਅਕਤੀ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਮੀਡੀਆ ਵਿੱਚ ਖ਼ਬਰਾਂ ਪ੍ਰਕਾਸ਼ਿਤ ਹੋਣ ਅਤੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐਸਡੀਐਮ ਚੰਦਰਜੋਤੀ ਸਿੰਘ ਨੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨਾਲ ਮੌਕੇ ਦਾ ਦੌਰਾ ਕਰਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਮਕਾਨ ਮਾਲਕ ਸਮੇਤ ਹੋਰਨਾਂ ਵਿਅਕਤੀਆਂ ਤੋਂ ਪੁੱਛ-ਪੜਤਾਲ ਕੀਤੀ ਗਈ। ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਨੂੰ ਜ਼ਿਲ੍ਹਾ ਰੈੱਡ ਕਰਾਸ ਅਤੇ ਮੁੱਖ ਮੰਤਰੀ ਰਾਹਤ ਫੰਡ ’ਚੋਂ ਢੁਕਵੀਂ ਰਾਹਤ ਰਾਸ਼ੀ ਦਿਵਾਈ ਜਾਵੇਗੀ। ਉਨ੍ਹਾਂ ਮੁਹਾਲੀ ਜ਼ਿਲ੍ਹੇ ਵਿੱਚ ਉਸਾਰੀ ਅਧੀਨ ਮਕਾਨਾਂ ਦੇ ਸਾਰੇ ਮਾਲਕਾਂ/ਉਸਾਰੀ ਠੇਕੇਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਇਸ ਦੁਖਦਾਈ ਘਟਨਾ ਦੇ ਮੱਦੇਨਜ਼ਰ ਉਸਾਰੀ ਵਾਲੀਆਂ ਥਾਵਾਂ ’ਤੇ ਪੂਰੀ ਸਾਵਧਾਨੀ ਵਰਤੀ ਜਾਵੇ ਅਤੇ ਆਪਣੀ ਤੇ ਹੋਰਨਾਂ ਦੀ ਰੱਖਿਆ ਦੇ ਉਪਾਅ ਕੀਤੇ ਜਾਣ। ਉਨ੍ਹਾਂ ਕਿਹਾ ਕਿ ਅਜਿਹੀਆਂ ਟੈਂਕੀਆਂ (ਅੰਡਰ ਗਰਾਉਂਡ ਵਾਟਰ ਟੈਂਕ) ਨੂੰ ਢੱਕ ਕੇ ਰੱਖਣ ਅਤੇ ਮਜ਼ਦੂਰਾਂ ਨੂੰ ਆਪਣੇ ਬੱਚਿਆਂ ਨੂੰ ਖ਼ਤਰੇ ਵਾਲੇ ਸਥਾਨਾਂ ਤੋਂ ਦੂਰ ਰੱਖਣ ਦੀਆਂ ਹਦਾਇਤਾਂ ਸਮੇਤ ਹੋਰ ਜ਼ਰੂਰੀ ਸਾਵਧਾਨੀਆਂ ਵਰਤੀਆਂ ਜਾਣ। ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਮੱਦੇਨਜ਼ਰ ਗਰਾਮ ਪੰਚਾਇਤਾਂ ਅਤੇ ਟਿਊਬਵੈੱਲ ਮਾਲਕਾਂ ਨੂੰ ਵੀ ਇੱਕ ਵਾਰ ਫਿਰ ਆਪਣੇ ਖੇਤਰਾਂ ਵਿੱਚ ਛੱਡੇ ਗਏ ਸਾਰੇ ਬੋਰਵੈੱਲਾਂ ਨੂੰ ਢੱਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਪੰਚਾਇਤਾਂ ਨੂੰ ਪਿੰਡਾਂ ਦੇ ਟੋਭਿਆਂ ਨੇੜੇ ਵੀ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ