ਮੁੱਖ ਮੰਤਰੀ ਐਨਓਸੀ ਦੀ ਸ਼ਰਤ ਖ਼ਤਮ ਕਰਨ ਦੇ ਆਪਣੇ ਫ਼ੈਸਲੇ ਨੂੰ ਤੁਰੰਤ ਲਾਗੂ ਕਰਨ: ਆਮ ਆਦਮੀ-ਘਰ ਬਚਾਓ ਮੋਰਚਾ

ਵਕੀਲਾਂ ਦੀ ਜਥੇਬੰਦੀ ਇੰਡੀਅਨ ਐਸੋਸੀਏਸ਼ਨ ਆਫ਼ ਲਾਇਰਜ ਵੱਲੋਂ ਜਨ ਅੰਦੋਲਨ ਸ਼ੁਰੂ ਕਰਨ ਦੀ ਚਿਤਾਵਨੀ

ਨਬਜ਼-ਏ-ਪੰਜਾਬ, ਮੁਹਾਲੀ, 20 ਫਰਵਰੀ:
‘ਆਮ ਆਦਮੀ-ਘਰ ਬਚਾਓ ਮੋਰਚਾ’ ਦੀ ਅਹਿਮ ਮੀਟਿੰਗ ਸੂਬਾ ਕਨਵੀਨਰ ਹਰਮਿੰਦਰ ਸਿੰਘ ਮਾਵੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਥਿਤ ਤੌਰ ’ਤੇ ਗੈਰਕਾਨੂੰਨੀ ਕਲੋਨੀਆਂ, ਛੋਟੇ ਪਲਾਟਾਂ ਅਤੇ ਜ਼ਮੀਨਾਂ ਦੀਆਂ ਇਕ ਕਨਾਲ ਦੀਆਂ ਰਜਿਸਟਰੀਆਂ ਬੰਦ ਕਰਨ ਦੇ ਹੁਕਮ ਤੁਰੰਤ ਵਾਪਸ ਲੈਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਮੰਗ ਕੀਤੀ ਕਿ ਇਸ ਸਬੰਧੀ ਜਲਦੀ ਨੋਟੀਫ਼ਿਕੇਸ਼ਨ ਜਾਰੀ ਕਰਕੇ ਉਪਰੋਕਤ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰਵਾਇਆ ਜਾਵੇਗਾ ਤਾਂ ਜੋ ਆਮ ਲੋਕਾਂ ਨੂੰ ਇਸ ਫ਼ੈਸਲੇ ਦਾ ਲਾਭ ਮਿਲ ਸਕੇ।
ਸ੍ਰੀ ਮਾਵੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮੁਹਾਲੀ ਸਮੇਤ ਪੰਜਾਬ ਭਰ ਵਿੱਚ ਅਜਿਹੀਆਂ ਕਲੋਨੀਆਂ ਵਿੱਚ ਬਿਜਲੀ ਕੁਨੈਕਸ਼ਨ ਲੈਣ ਲਈ ਐਨਓਸੀ ਦੀ ਸ਼ਰਤ ਲਗਾਈ ਹੋਈ ਹੈ। ਜਿਸ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਬਿਜਲੀ ਕੁਨੈਕਸ਼ਨ ਲੈਣ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ ਅਤੇ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ। ਗਰੀਬ ਪਰਿਵਾਰਾਂ ਦੇ ਘਰਾਂ ਵਿੱਚ ਬਿਜਲੀ ਨਾ ਹੋਣ ਕਰਕੇ ਲੱਖਾਂ ਵਿਦਿਆਰਥੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਵੱਲੋਂ ਐਨਓਸੀ ਦੀ ਸ਼ਰਤ ਖ਼ਤਮ ਕਰਨ ਦਾ ਐਲਾਨ ਕੀਤਾ ਗਿਆ ਸੀ ਲੇਕਿਨ ਜੋ ਸਿਰਫ਼ ਐਲਾਨ ਬਣ ਕੇ ਰਹਿ ਗਿਆ ਹੈ।
ਮੋਰਚੇ ਦੇ ਕਾਨੂੰਨੀ ਸਲਾਹਕਾਰ ਸੀਨੀਅਰ ਵਕੀਲ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਆਪ ਸਰਕਾਰ ਹੋਂਦ ਵਿੱਚ ਆਉਂਦਿਆਂ ਹੀ ਕਥਿਤ ਗੈਰ ਕਾਨੂੰਨੀਆਂ ਦੀਆਂ ਰਜਿਸਟਰੀਆਂ ’ਤੇ ਰੋਕ ਲਗਾ ਕੇ ਗਰੀਬ ਲੋਕਾਂ ਨੂੰ ਬੁਨਿਆਦੀ ਹੱਕਾਂ ਤੋਂ ਵਾਂਝਾ ਰੱਖਿਆ ਗਿਆ। ਇਨ੍ਹਾਂ ਕਲੋਨੀਆਂ ਵਿੱਚ ਰਹਿੰਦੇ ਲੋਕਾਂ ਨੇ ਆਪਣੀ ਉਮਰ ਭਰ ਦੀ ਪੂੰਜੀ ਖ਼ਰਚ ਕਰਕੇ ਮਕਾਨਾਂ ਦੀ ਉਸਾਰੀ ਕੀਤੀ ਗਈ ਸੀ ਪ੍ਰੰਤੂ ਸਰਕਾਰ ਵੱਲੋਂ ਰਜਿਸਟਰੀਆਂ ’ਤੇ ਰੋਕ ਲਗਾਉਣ ਤੋਂ ਬਾਅਦ ਪਾਵਰਕੌਮ ਨੇ ਬਿਜਲੀ ਕੁਨੈਕਸ਼ਨ ਦੇਣੇ ਬੰਦ ਕਰ ਦਿੱਤੇ। ਹੁਣ ਜਦੋਂ ਮੁੱਖ ਮੰਤਰੀ ਨੇ ਐਨਓਸੀ ਦੀ ਸ਼ਰਤ ਖ਼ਤਮ ਕਰ ਦਿੱਤੀ ਹੈ ਤਾਂ ਇਸ ਫ਼ੈਸਲੇ ਨੂੰ ਲਾਗੂ ਕਰਕੇ ਗਰੀਬ ਤੇ ਮੱਧ ਵਰਗੀ ਲੋਕਾਂ ਨੂੰ ਵੱਡੀ ਰਾਹਤ ਦੇਣੀ ਚਾਹੀਦੀ ਹੈ।
ਇੰਡੀਅਨ ਐਸੋਸੀਏਸ਼ਨ ਆਫ਼ ਲਾਇਰਜ ਪੰਜਾਬ ਦੇ ਪ੍ਰਧਾਨ ਐਡਵੋਕੇਟ ਜਸਪਾਲ ਸਿੰਘ ਦੱਪਰ ਨੇ ਕਿਹਾ ਕਿ ਵਕੀਲ ਭਾਈਚਾਰੇ ਵੱਲੋਂ ਮੋਰਚੇ ਦੀਆਂ ਸਾਰੀਆਂ ਮੰਗਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। ਜੇਕਰ ਸਰਕਾਰ ਵੱਲੋਂ ਜਲਦੀ ਪਾਬੰਦੀਆਂ ਨਾ ਹਟਾਈਆਂ ਗਈਆਂ ਤਾਂ ਵਕੀਲ ਭਾਈਚਾਰੇ ਵੱਲੋਂ ਸਰਕਾਰ ਖ਼ਿਲਾਫ਼ ਜਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਤਾਰਾ ਸਿੰਘ ਚਾਹਲ, ਨਟਰਾਜਨ ਕੌਸ਼ਲ, ਅਮਰਜੀਤ ਸਿੰਘ ਲੌਂਗੀਆਂ, ਸਨੇਹਪ੍ਰੀਤ ਸਿੰਘ, ਵਿਕਰਮ ਸਿੰਘ, ਹਰਸਿਮਰਨਜੀਤ ਸਿੰਘ, ਬਿਲਾਵਲ ਸਿੰਘ, ਅਜੇ ਸ਼ੰਕਰ, ਯਸ਼ਜੋਤ ਸਿੰਘ ਧਾਲੀਵਾਲ, ਜਸਪਾਲ ਸਿੰਘ ਪੰਨੂ, ਰੋਹਿਤ ਕੁਮਾਰ, ਕਾਰਤਿਕ ਬੈਕਟਰ, ਸਲਮਾਨ ਖਾਨ, ਅਨਮੋਲ, ਐਚਐਸ ਰੱਕੜ, ਪ੍ਰਦੀਪ ਰਾਣਾ, ਜਸਵੰਤ ਸਿੰਘ ਤੂੜ, ਹਰਚੰਦ ਸਿੰਘ ਬਾਠ ਅਤੇ ਜੋਗਾ ਸਿੰਘ ਗਿੱਲ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…