Nabaz-e-punjab.com

ਲਾਇਸੈਂਸ ਰੱਦ ਹੋਣ ਤੋਂ ਬਾਅਦ ਪ੍ਰਦੀਪ ਗੋਇਲ ਆਪਣੇ ਸਾਲੇ ਦੇ ਨਾਂ ’ਤੇ ਚਲਾ ਰਿਹਾ ਸੀ ਨਸ਼ੀਲੀ ਦਵਾਈਆਂ ਵੇਚਣ ਦਾ ਗੋਰਖਧੰਦਾ

ਪੰਜਾਬ ਪੁਲੀਸ ਵੱਲੋਂ ਮੈਡੀਕਲ ਨਸ਼ਾ ਤਸਕਰ ਗ੍ਰਿਫ਼ਤਾਰ, ਵੱਡੀ ਮਾਤਰਾ ਵਿੱਚ ਮੈਡੀਕਲ ਨਸ਼ੇ ਦਾ ਜ਼ਖ਼ੀਰਾ ਬਰਾਮਦ

ਮੁਹਾਲੀ ਵਿੱਚ ਐਸਟੀਐਫ਼ ਦੀ ਮੁਖੀ ਗੁਰਪ੍ਰੀਤ ਕੌਰ ਦਿਓ ਨੇ ਕੀਤਾ ਖੁਲਾਸਾ, ਮੁਲਜ਼ਮਾਂ ਕੋਲੋਂ 10 ਲੱਖ ਤੋਂ ਵੱਧ ਗੋਲੀਆਂ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੁਲਾਈ:
ਪੰਜਾਬ ਪੁਲੀਸ ਅਤੇ ਐਸਟੀਐਫ਼ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਗ੍ਰਿਫ਼ਤਾਰ ਮੈਡੀਕਲ ਨਸ਼ਾ ਤਸਕਰ ਪ੍ਰਦੀਪ ਗੋਇਲ ਵਾਸੀ ਲੁਧਿਆਣਾ ਮੌਜੂਦਾ ਸਮੇਂ ਵਿੱਚ ਆਪਣੇ ਸਾਲੇ ਦੇ ਡਰੱਗ ਲਾਇਸੈਂਸ ’ਤੇ ਨਸ਼ੀਲੀ ਦਵਾਈਆਂ ਵੇਚਣ ਦਾ ਗੋਰਖਧੰਦਾ ਚਲਾ ਰਿਹਾ ਸੀ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਐਸਟੀਐਫ਼ ਦੀ ਮੁਖੀ ਏਡੀਜੀਪੀ ਗੁਰਪ੍ਰੀਤ ਕੌਰ ਦਿਓ ਨੇ ਕੀਤਾ। ਉਹ ਪਿੰਡੀ ਗਲੀ ਲੁਧਿਆਣਾ ਵਿੱਚ ਪਲਾਟੀਨਮ ਹੈਲਥ ਕੇਅਰ ਨਾਂ ਹੇਠ ਮੈਡੀਕਲ ਸਟੋਰ ਚਲਾਉਂਦਾ ਸੀ। ਉਸ ਦੇ ਘਰ ਦੀ ਤਲਾਸ਼ੀ ਦੌਰਾਨ ਪੁਲੀਸ ਨੂੰ 20,500 ਗੋਲੀਆਂ ਬਰਾਮਦ ਹੋਈਆਂ ਹਨ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਪਿਛਲੇ ਕਾਫ਼ੀ ਸਮੇਂ ਤੋਂ ਪਾਬੰਦੀਸ਼ੁਦਾ ਦਵਾਈਆਂ ਦੀ ਸਪਲਾਈ ਦਾ ਧੰਦਾ ਵੱਡੇ ਪੱਧਰ ’ਤੇ ਕਰ ਰਿਹਾ ਸੀ। ਉਸ ਨੇ ਸਾਲ 2007 ਵਿੱਚ ਏਪੀ ਮੈਡੀਕਲ ਸਟੋਰ, ਟੱਕਰ ਕੰਪਲੈਕਸ, ਪਿੰਡੀ ਗਲੀ, ਲੁਧਿਆਣਾ ਦੇ ਪਤੇ ’ਤੇ ਥੋਕ ਡਰੱਗ ਲਾਇਸੈਂਸ ਲਿਆ ਸੀ। ਜਿਸ ਨੇ ਆਮ ਦਵਾਈਆਂ ਦੀ ਆੜ ਵਿੱਚ ਨਸ਼ੀਲੀ ਦਵਾਈਆਂ ਵੇਚਣ ਦਾ ਧੰਦਾ ਵੀ ਸ਼ੁਰੂ ਕਰ ਲਿਆ। ਇਸ ਮਗਰੋਂ ਡਰੱਗ ਇੰਸਪੈਕਟਰ ਵੱਲੋਂ ਅਚਨਚੇਤ ਛਾਪੇਮਾਰੀ ਦੌਰਾਨ ਮੁਲਜ਼ਮ ਦੀ ਦੁਕਾਨ ’ਚੋਂ ਪਾਬੰਦੀ ਸ਼ੁਦਾ ਦਵਾਈਆਂ ਬਰਾਮਦ ਹੋਣ ਕਰਕੇ ਉਸ ਦਾ ਲਾਇਸੈਂਸ 21 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਲੇਕਿਨ ਬਾਅਦ ਵਿੱਚ 2011 ਵਿੱਚ ਉਸ ਨੇ ਆਪਣੀ ਇਸੇ ਫਰਮ ਦਾ ਨਾਮ ਬਦਲ ਕੇ ਜੈ ਮਾਂ ਰੱਖ ਲਿਆ ਅਤੇ ਨਵਾਂ ਲਾਇਲੈਂਸ ਲੈ ਲਿਆ। ਪਰ ਉਹ ਫਿਰ ਵੀ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਇਆ। ਪਿਛਲੇ ਸਾਲ ਫਿਰ ਡਰੱਗ ਇੰਸਪੈਕਟਰ ਦੀ ਚੈਕਿੰਗ ਦੌਰਾਨ ਗੋਇਲ ਕੋਲੋਂ 7 ਲੱਖ ਪਾਬੰਦੀਸ਼ੁਦਾ ਗੋਲੀਆਂ ਦੀ ਬਰਾਮਦ ਕੀਤੀਆਂ ਗਈਆਂ ਅਤੇ ਸਿਹਤ ਵਿਭਾਗ ਨੇ ਉਸ ਦਾ ਡਰੱਗ ਲਾਇਸੈਂਸ ਰੱਦ ਕਰ ਦਿੱਤਾ ਗਿਆ।
ਸ੍ਰੀਮਤੀ ਦਿਓ ਨੇ ਦੱਸਿਆ ਕਿ ਇਸ ਉਪਰੰਤ ਮੁਲਜ਼ਮ ਨੇ ਆਪਣੀ ਨਵੀਂ ਫਰਮ ਪਲਾਟੀਨਮ ਹੈਲਥ ਕੇਅਰ ਆਪਣੇ ਸਾਲੇ ਸੰਦੀਪ ਗਰਗ ਵਾਸੀ ਸੋਲਨ ਦੇ ਨਾਮ ’ਤੇ ਕੈਮਿਸਟ ਦਾ ਲਾਇਸੈਂਸ ਲੈ ਕੇ ਖੋਲ੍ਹ ਲਈ। ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਉਸ ਵੱਲੋਂ ਪੰਜਾਬ ਭਰ ਵਿੱਚ ਕਰੀਬ 70 ਲੱਖ ਗੋਲੀਆਂ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ, ਫਗਵਾੜਾ, ਹੁਸ਼ਿਆਰਪੁਰ ਅਤੇ ਬਠਿੰਡਾ ਆਦਿ ਸ਼ਹਿਰਾਂ ਵਿੱਚ ਪਿਛਲੇ 10 ਮਹੀਨਿਆਂ ਵਿੱਚ ਸਪਲਾਈ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਬਠਿੰਡਾ ਪੁਲੀਸ ਵੱਲੋਂ ਇਕ ਨਸ਼ਾ ਤਸਕਰ ਸੁਨੀਲ ਕੁਮਾਰ ਉਰਫ਼ ਸੋਨੂ ਵਾਸੀ ਮੌੜ ਮੰਡੀ ਦੀ ਗ੍ਰਿਫ਼ਤਾਰੀ ਦੌਰਾਨ ਕੀਤੀ ਪੱੁਛਗਿੱਛ ਦੇ ਆਧਾਰ ’ਤੇ ਮੁਲਜ਼ਮ ਕੈਮਿਸਟ ਪ੍ਰਦੀਪ ਗੋਇਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੋਨੂੰ ਕੋਲੋਂ ਉਸ ਦੀ ਕਾਰ ’ਚੋਂ 1.56 ਲੱਖ ਗੋਲੀਆਂ ਬਰਾਮਦ ਕੀਤੀਆਂ ਸਨ। ਸੋਨੂੰ ਦੇ ਕਬੂਲਨਾਮੇ ਅਨੁਸਾਰ ਕਿ ਪਾਬੰਦੀਸ਼ੁਦਾ ਗੋਲੀਆਂ ਦਾ ਵੱਡਾ ਜ਼ਖ਼ੀਰਾ ਮੌੜ ਮੰਡੀ ਆਧਾਰਿਤ ਦਿੱਲੀ-ਪੰਜਾਬ ਟਰਾਂਸਪੋਰਟ ਕੰਪਨੀ ਦੇ ਗੋਦਾਮ ਵਿੱਚ ਪਿਆ ਹੈ। ਜਿੱਥੋਂ ਪੁਲਿਸ ਨੇ 9,11,400 ਟਰੈਮਾਡੋਲ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਸੋਨੂੰ ਨੇ ਹੀ ਇਹ ਖੁਲਾਸਾ ਕੀਤਾ ਸੀ ਕਿ ਇਹ ਮਾਲ ਪ੍ਰਦੀਪ ਗੋਇਲ ਤੋਂ ਪ੍ਰਾਪਤ ਕੀਤਾ ਸੀ।
(ਬਾਕਸ ਆਈਟਮ)
ਐਸਟੀਐਫ਼ ਵੱਲੋਂ ਬੀਤੀ 14 ਜੁਲਾਈ ਤੱਕ 33,591 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਕੀਤਾ ਗਿਆ ਹੈ ਅਤੇ 759.662 ਕਿੱਲੋਗ੍ਰਾਮ ਹੈਰੋਇਨ ਅਤੇ 17.881 ਕਿੱਲੋਗਰਾਮ ਸਮੈਕ ਬਰਾਮਦ ਕੀਤੀ ਗਈ ਹੈ। ਐਸਟੀਐਫ਼ ਮੁਖੀ ਦੱਸਿਆ ਕਿ 97986.416 ਕਿੱਲੋਗ੍ਰਾਮ ਅਫ਼ੀਮ, 296.039 ਕਿੱਲੋਗ੍ਰਾਮ ਭੁੱਕੀ, 296.039 ਕਿੱਲੋਗ੍ਰਾਮ ਚਰਸ, 5474.671 ਕਿੱਲੋਗ੍ਰਾਮ ਗਾਂਜਾ, 755.126 ਕਿੱਲੋਗ੍ਰਾਮ ਭੰਗ, 0.726 ਕਿੱਲੋਗ੍ਰਾਮ ਕੋਕੇਨ, 10.06 ਕਿੱਲੋਗ੍ਰਾਮ ਬਰਫ਼, 344.884 ਕਿੱਲੋਗ੍ਰਾਮ ਨਸ਼ੀਲਾ ਪਾਊਡਰ, 117008 ਨਸ਼ੀਲੇ ਟੀਕੇ ਅਤੇ 16203651 ਨਸ਼ੀਲੀਆਂ ਗੋਲੀਆਂ/ਕੈਪਸੂਲ ਜ਼ਬਤ ਕੀਤੇ ਗਏ ਹਨ। ਉਨ੍ਹਾਂ ਨਸ਼ਾ ਸਪਲਾਈ ਚੇਨ ਨੂੰ ਤੋੜਨ ਦੇ ਨਤੀਜੇ ਵਜੋਂ ਹੁਣ ਤੱਕ 27666 ਕੇਸ ਦਰਜ ਕੀਤੇ ਗਏ ਹਨ।
(ਬਾਕਸ ਆਈਟਮ)
ਏਡੀਜੀਪੀ ਗੁਰਪ੍ਰੀਤ ਕੌਰ ਦਿਓ ਨੇ ਦੱਸਿਆ ਕਿ ਕੈਦੀ ਨਸ਼ਾ ਤਸਕਰਾਂ ਉੱਤੇ ਸਖ਼ਤ ਨਜ਼ਰ ਰੱਖਣ ਲਈ ਐਸਟੀਐਫ਼ ਵੱਲੋਂ ਜੇਲ੍ਹ ਵਿਭਾਗ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ ਹੈ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਸਹਿਯੋਗ ਨਾਲ ਸਰਹੱਦੀ ਜ਼ਿਲਿਆਂ ਵਿੱਚ ਸਾਂਝੇ ਆਪਰੇਸ਼ਨ ਚਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਵਿਸ਼ੇਸ਼ ਟਾਸਕ ਫੋਰਸ, ਜ਼ਿਲਾ ਪੁਲੀਸ ਅਤੇ ਹੋਰਨਾਂ ਏਜੰਸੀਆਂ ਨਾਲ ਨਜ਼ਦੀਕੀ ਤਾਲਮੇਲ ਜ਼ਰੀਏ ਕੰਮ ਕਰ ਰਹੀ ਹੈ ਤਾਂ ਜੋ ਪੰਜਾਬ ’ਚੋਂ ਨਸ਼ਿਆਂ ਦੀ ਇਸ ਸਮੱਸਿਆ ਨੂੰ ਜੜੋਂ ਖ਼ਤਮ ਕੀਤਾ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…