ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਅਤੇ ਸੰਤ ਸੀਚੇਵਾਲ ਵੱਲੋਂ ਪਲਾਸਟਿਕ ਦੀ ਵਰਤੋਂ ਕਰਨੀ ਛੱਡਣ ਦੀ ਅਪੀਲ

ਵਿਸ਼ਵ ਵਾਤਾਵਰਨ ਦਿਵਸ-2025 ਮੌਕੇ ਮੁਹਾਲੀ ਵਿੱਚ ਹੋਇਆ ਸੂਬਾ ਪੱਧਰੀ ਸਮਾਗਮ

ਨਬਜ਼-ਏ-ਪੰਜਾਬ, ਮੁਹਾਲੀ, 5 ਜੂਨ:
ਪੰਜਾਬ ਦੇ ਸਥਾਨਕ ਸਰਕਾਰਾਂ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਅਤੇ ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਲੋਕਾਂ ਨੂੰ ਵਾਤਾਵਰਨ ਦੀ ਸੁਰੱਖਿਆ ਲਈ ਪਲਾਸਟਿਕ ਦੀ ਵਰਤੋਂ ਛੱਡਣ ਅਤੇ ਇਸ ਸਾਲ ਦੇ ਥੀਮ ‘ਬੀਟ ਪਲਾਸਟਿਕ ਪ੍ਰਦੂਸ਼ਣ’ ਦੀ ਪਾਲਣਾ ਕਰਨ ਦਾ ਸੱਦਾ ਦਿੱਤਾ। ਉਹ ਅੱਜ ਇੱਥੇ ਵਿਗਿਆਨ, ਤਕਨਾਲੋਜੀ ਤੇ ਵਾਤਾਵਰਨ ਵਿਭਾਗ ਵੱਲੋਂ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਵਿਖੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਵਿੱਚ ਹਿੱਸਾ ਲੈਣ ਪਹੁੰਚੇ ਸਨ।
ਡਾ. ਰਵਜੋਤ ਸਿੰਘ ਨੇ ਲੋਕਾਂ ਨੂੰ ਦਰਪੇਸ਼ ਵਾਤਾਵਰਨ ਚੁਨੌਤੀਆਂ ’ਤੇ ਚਿੰਤਾ ਪ੍ਰਗਟ ਕਰਦਿਆਂ ਸੂਬਾ ਸਰਕਾਰ ਵੱਲੋਂ ਪੰਜਾਬ ਨੂੰ ਸਾਫ਼-ਸੁਥਰਾ ਅਤੇ ਸਵੱਛ ਵਾਤਾਵਰਨ ਵਾਲੇ ਸਭ ਤੋਂ ਸਿਹਤਮੰਦ ਰਾਜਾਂ ’ਚੋਂ ਮੋਹਰੀ ਸੂਬਾ ਬਣਾਉਣ ਲਈ ਸਮਾਂਬੱਧ ਢੰਗ ਨਾਲ ਇਸ ਮਸਲੇ ਨੂੰ ਹੱਲ ਕਰਨ ਲਈ ਕੀਤੇ ਜਾ ਰਹੇ ਕਾਰਜਾਂ ’ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਵਾਤਾਵਰਨ ਤੇ ਹਾਨੀਕਾਰਕ ਪ੍ਰਭਾਵਾਂ ਕਾਰਨ ਪਹਿਲਾਂ ਹੀ ਸੂਬੇ ਵਿੱਚ ਸਿੰਗਲ-ਯੂਜ਼ ਪਲਾਸਟਿਕ ’ਤੇ ਪਾਬੰਦੀ ਲਗਾਈ ਹੋਈ ਹੈ ਅਤੇ ਹੁਣ ਇਸਦੇ ਨਿਰਮਾਣ, ਆਯਾਤ, ਸਟਾਕਿੰਗ, ਵੰਡ, ਵਿਕਰੀ ਅਤੇ ਵਰਤੋਂ ’ਤੇ ਵੀ ਪਾਬੰਦੀ ਲਗਾਈ ਗਈ ਹੈ। ਸਬੰਧਤ ਵਿਭਾਗਾਂ/ਏਜੰਸੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਪਲਾਸਟਿਕ ਰਹਿਤ ਅਤੇ ਵਾਤਾਵਰਨ ਅਨੁਕੂਲ ਵਿਕਲਪਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ। ਉਨ੍ਹਾਂ ਲੋਕਾਂ ਨੂੰ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਕੇ ਆਪਣੇ ਆਲੇ-ਦੁਆਲੇ ਅਤੇ ਵਾਤਾਵਰਨ ਦੇ ਸੁਧਾਰ ਲਈ ਆਪਣੇ ਪੱਧਰ ’ਤੇ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਕੈਬਨਿਟ ਮੰਤਰੀ ਨੇ ਪੰਜਾਬ ਵਿੱਚ ਪੌਦੇ ਲਗਾਉਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕਰਦਿਆਂ ਪੌਦੇ ਵੰਡੇ ਅਤੇ ਲੋਕਾਂ ਨੂੰ ਇਸ ਮੁਹਿੰਮ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਅੱਜ ਸਾਲ 2025 ਦੇ ਸ਼ਹੀਦ ਭਗਤ ਸਿੰਘ ਸਾਲਾਨਾ ਵਾਤਾਵਰਨ ਪੁਰਸਕਾਰ ਚਾਰ ਸੰਸਥਾਵਾਂ ਨੂੰ ਦਿੱਤੇ ਗਏ। ਜਿਨ੍ਹਾਂ ਵਿੱਚ ਗਰਾਮ ਪੰਚਾਇਤ ਪਿੰਡ ਜੰਗੀਰਾਣਾ (ਬਠਿੰਡਾ), ਸਰਕਾਰੀ ਹਾਈ ਸਕੂਲ ਮਲਕੋਂ (ਮਾਨਸਾ), ਗਰੀਨ ਪਲੈਨੇਟ ਸੁਸਾਇਟੀ ਜ਼ੀਰਕਪੁਰ ਅਤੇ ਨਟਰਾਜ ਵੂਲਟੈਕਸ ਲਿਮਟਿਡ ਅੰਮ੍ਰਿਤਸਰ ਸ਼ਾਮਲ ਹਨ। ਇਨ੍ਹਾਂ ਨੂੰ 1-1 ਲੱਖ ਰੁਪਏ ਦਾ ਨਗਦ ਇਨਾਮ, ਪ੍ਰਸ਼ੰਸਾ ਸਰਟੀਫਿਕੇਟ ਅਤੇ ਚਾਂਦੀ ਦੀ ਪਲੇਟ (ਯਾਦਗਾਰੀ-ਚਿੰਨ੍ਹ) ਦਿੱਤਾ ਗਿਆ। ਇਸ ਤੋਂ ਇਲਾਵਾ ਪੰਜਾਬ ਦੇ 8 ਜ਼ਮੀਨੀ ਪੱਧਰ ਦੇ ਨਵੀਨਤਾਕਾਰਾਂ (ਇੰਨੋਵੇਟਰਾਂ) ਨੂੰ ਵੀ ਸਨਮਾਨਿਤ ਕੀਤਾ ਗਿਆ। ਸੰਗਰੂਰ, ਪਟਿਆਲਾ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਜ਼ਿਲ੍ਹਾ ਕੋਆਰਡੀਨੇਟਰਾਂ ਨੂੰ ਵੀ ਰਾਸ਼ਟਰੀ ਈਕੋ-ਰਚਨਾਤਮਕਤਾ ਅਤੇ ਨਵੀਨਤਾ ਹੈਕਾਥੌਨ ਵਿੱਚ ਭਾਰਤ ਵਿੱਚ ਸਭ ਤੋਂ ਵਧੀਆ ਜ਼ਿਲ੍ਹਿਆਂ ਦਾ ਪੁਰਸਕਾਰ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਟ ਖਾਲਸਾ, ਅੰਮ੍ਰਿਤਸਰ ਨੂੰ ਵੀ ‘ਵਿਪਰੋ ਅਰਥੀਅਨ ਐਵਾਰਡ-2024’ ਜਿੱਤਣ ਲਈ ਸਨਮਾਨਿਤ ਕੀਤਾ ਗਿਆ। ਮੰਤਰੀ ਨੇ ਸਾਇੰਸ ਤੇ ਤਕਨਾਲੋਜੀ ਕੌਂਸਲ ਵੱਲੋਂ ਤਿਆਰ ਕੀਤੇ ਗਏ ਜ਼ਮੀਨੀ ਪੱਧਰ ਦੇ ਨਵੀਨਤਾਕਾਰਾਂ ਦੀ ਸਹੂਲਤ ਲਈ ਇੱਕ ਕਿਤਾਬਚਾ ਵੀ ਜਾਰੀ ਕੀਤਾ।
ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਵਾਤਾਵਰਨ ਦੇ ਵਿਗਾੜ ਦੇ ਵਿਸ਼ਵ-ਵਿਆਪੀ ਰੁਝਾਨਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀ ਧਰਤੀ ਨੂੰ ਵਾਤਾਵਰਨ ਦੇ ਮਾੜੇ ਪ੍ਰਭਾਵਾਂ ਕਾਰਨ ਆਉਣ ਵਾਲੀਆਂ ਚੁਨੌਤੀਆਂ ਤੋਂ ਬਚਾ ਸਕੀਏ। ਉਨ੍ਹਾਂ ਕਾਲੀ ਵੇਈਂ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਜੋ ਕਦੇ ਪ੍ਰਦੂਸ਼ਿਤ ਜਲ ਸਰੋਤ ਲਈ ਜਾਣੀ ਜਾਂਦੀ ਸੀ, ਹੁਣ ਪਾਣੀ ਦਾ ਇੱਕ ਪਵਿੱਤਰ ਸਰੋਤ ਹੈ। ਉਨ੍ਹਾਂ ਕਿਹਾ ਕਿ ਜਦੋਂ ਲੁਧਿਆਣਾ ਵਿੱਚ ਬੁੱਢਾ ਨਾਲਾ ਦੀ ਸਫ਼ਾਈ ਸ਼ੁਰੂ ਕੀਤੀ ਗਈ, ਤਾਂ ਬਹੁਤ ਸਾਰੀਆਂ ਰੁਕਾਵਟਾਂ ਆਈਆਂ ਪਰ ਹੁਣ 12 ਪਿੰਡਾਂ ਅਤੇ ਤਿੰਨ ਕਲੋਨੀਆਂ ਵਾਲੇ ਹਿੱਸੇ ਦੀ ਸਫ਼ਾਈ ਨੇ ਬਾਕੀ ਹਿੱਸੇ ਲਈ ਵੀ ਰਸਤਾ ਦਿਖਾਇਆ ਹੈ। ਆਉਣ ਵਾਲੇ ਦਿਨਾਂ ਵਿੱਚ ਬੁੱਢੇ ਨਾਲੇ ਵਿੱਚ ਵਗਦਾ ਪਾਣੀ ਸਾਫ਼ ਹੋਵੇਗਾ, ਇਹ ਉਨ੍ਹਾਂ ਦਾ ਦ੍ਰਿੜ ਵਿਸ਼ਵਾਸ ਹੈ।

ਇਸ ਮੌਕੇ ਸਾਇੰਸ ਤੇ ਤਕਨਾਲੋਜੀ ਤੇ ਵਾਤਾਵਰਨ ਵਿਭਾਗ ਦੀ ਸਕੱਤਰ ਪ੍ਰਿਅੰਕ ਭਾਰਤੀ, ਵਿਸ਼ੇਸ਼ ਸਕੱਤਰ ਮਨੀਸ਼ ਕੁਮਾਰ, ਮੁਹਾਲੀ ਨਿਗਮ ਦੇ ਕਮਿਸ਼ਨਰ ਪਰਮਿੰਦਰ ਪਾਲ ਸਿੰਘ, ਕਾਰਜਕਾਰੀ ਨਿਰਦੇਸ਼ਕ ਪ੍ਰਿਤਪਾਲ ਸਿੰਘ, ਪੰਜਾਬ ਬਾਇਓਟੈਕਨਾਲੋਜੀ ਦੇ ਸੀਈਓ ਡਾ. ਅਜੀਤ ਦੁਆ, ਮੇਂਬਰ ਸਕੱਤਰ ਜੀ.ਐਸ. ਮਜੀਠੀਆ ਸਮੇਤ ਵਾਤਾਵਰਨ ਪ੍ਰੇਮੀ ਅਤੇ ਉਦਯੋਗਾਂ ਅਤੇ ਸਮਾਜਿਕ ਸੰਗਠਨਾਂ ਦੇ ਨੁਮਾਇੰਦੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…