ਨਿਰਪੱਖ ਤੇ ਪਾਰਦਰਸ਼ੀ ਚੋਣਾਂ ਲਈ ਸਹਾਈ ਸਿੱਧ ਹੋਵੇਗੀ ‘ਸੀ-ਵਿਜੀਲ ਐਪ’: ਜ਼ਿਲ੍ਹਾ ਚੋਣ ਅਫ਼ਸਰ

ਨਬਜ਼-ਏ-ਪੰਜਾਬ, ਮੁਹਾਲੀ, 19 ਮਾਰਚ:
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਕਿਹਾ ਕਿ ‘ਸੀ ਵਿਜਿਲ ਐਪ’ ਲੋਕ ਸਭਾ ਚੋਣਾਂ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਇੱਕ ਮਹੱਤਵਪੂਰਨ ਵਸੀਲਾ ਸਿੱਧ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਐਪ ਭਾਰਤ ਦੇ ਮੁੱਖ ਚੋਣ ਕਮਿਸ਼ਨ ਵੱਲੋਂ 2019 ਦੀਆਂ ਆਮ ਚੋਣਾਂ ਵਿੱਚ ਸਫਲਤਾਪੂਰਵਕ ਪਹਿਲੀ ਵਾਰ ਵਰਤੀ ਗਈ ਸੀ।
ਅੱਜ ਇੱਥੇ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਇਹ ਐਪ ਤਕਨੀਕੀ ਮੁਹਾਰਤ/ਜਾਣਕਾਰੀ ਰੱਖਣ ਵਾਲੇ ਨੌਜਵਾਨ/ਵਸਨੀਕਾਂ ਦੀ ਚੋਣ ਅਮਲ ਵਿੱਚ ਭਾਗੀਦਾਰੀ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ, ਚੋਣਾਂ ਨਾਲ ਸਬੰਧਤ ਕੰਮਾਂ ਨੂੰ ਸਰਲ ਬਣਾਉਣ ਅਤੇ ਇਸ ਦੇ ਕੰਮਕਾਜ ਨੂੰ ਬਦਲਦੇ ਸਮੇਂ ਦੇ ਨਾਲ ਤਾਲਮੇਲ ਬਿਠਾਉਣ ਦੇ ਵਰਤੋਂ ਵਿੱਚ ਲਿਆਂਦੇ ਹੋਰ ਨਵੇਂ ਤਰੀਕਿਆਂ ’ਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਸੀ ਵਿਜਿਲ ਆਟੋ ਲੋਕੇਸ਼ਨ ਡੇਟਾ ਦੇ ਨਾਲ ਲਾਈਵ ਫੋਟੋ/ਵੀਡੀਓ ਰੱਖਣ ਵਾਲਾ ਹੋਣ ਕਾਰਨ, ਆਦਰਸ਼ ਚੋਣ ਜ਼ਾਬਤੇ/ਖ਼ਰਚ ਦੀ ਉਲੰਘਣਾ ਦੇ ਸਬੂਤ ਆਧਾਰਿਤ ਪ੍ਰਮਾਣ ਪ੍ਰਦਾਨ ਕਰਦਾ ਹੈ।
ਸ੍ਰੀਮਤੀ ਜੈਨ ਨੇ ਦੱਸਿਆ ਕਿ ਕੋਈ ਵੀ ਨਾਗਰਿਕ ਚੋਣ ਅਮਲ ਦੌਰਾਨ ਇਸ ਐਪ ਰਾਹੀਂ ਸ਼ਿਕਾਇਤ ਦਰਜ ਕਰਵਾ ਸਕਦਾ ਹੈ, ਜਿਸ ਦੀ ਫਲਾਇੰਗ ਸਕੁਐਡ ਵੱਲੋਂ ਅੱਗੇ ਜਾਂਚ ਕੀਤੀ ਜਾਵੇਗੀ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਵੱਲੋਂ ਜਾਂਚ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਿਕਾਇਤ ਦਰਜ ਹੁੰਦੇ ਹੀ ਇਸ ’ਤੇ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਅਤੇ 100 ਮਿੰਟਾਂ ਵਿੱਚ ਇਸ ਦਾ ਨਿਪਟਾਰਾ ਕੀਤਾ ਜਾਵੇਗਾ। ਜੇਕਰ ਸ਼ਿਕਾਇਤਕਰਤਾ ਪਛਾਣ ਨਹੀਂ ਦੱਸਣੀ ਚਾਹੁੰਦਾ ਤਾਂ ਉਸ ਦਾ ਨਾਂ ਗੁਪਤ ਰੱਖਿਆ ਜਾਵੇਗਾ। ਇਹ ਚੋਣ ਕਮਿਸ਼ਨ ਦੀ ਇੱਕ ਇਤਿਹਾਸਕ ਪਹਿਲਕਦਮੀ ਹੈ, ਜਿਸ ਦਾ ਉਦੇਸ਼ ਜ਼ਮੀਨੀ ਪੱਧਰ ’ਤੇ ਲੋਕਤੰਤਰ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਹਰੇਕ ਅਧਿਕਾਰੀ ਨੂੰ ਚੋਣ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ ਤਾਂ ਜੋ ਇਹ ਐਪ ਵੋਟਰਾਂ ਲਈ ਵਰਦਾਨ ਸਾਬਤ ਹੋਵੇ।
ਸ੍ਰੀਮਤੀ ਜੈਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਐਪ ’ਤੇ ਪ੍ਰਾਪਤ ਸ਼ਿਕਾਇਤਾਂ ਦਾ ਜਲਦੀ ਨਿਪਟਾਰਾ ਕਰਨਾ ਯਕੀਨੀ ਬਣਾਉਣ ਲਈ ਲੋੜੀਂਦੀ ਪ੍ਰਣਾਲੀ ਹੁਣ ਤੋਂ ਹੀ ਸਥਾਪਿਤ ਕਰ ਲਈ ਜਾਵੇ ਤਾਂ ਜੋ ਇਸ ਨੂੰ ਸਫ਼ਲ ਬਣਾਇਆ ਜਾ ਸਕੇ। ਚੋਣ ਅਮਲੇ ਨੂੰ ਐਪ ਸਬੰਧੀ ਰਸਮੀ ਸਿਖਲਾਈ ਦਿੱਤੀ ਗਈ ਹੈ। ਇਸ ਤੋਂ ਇਲਾਵਾ ਟੋਲ ਫ੍ਰੀ ਨੰਬਰ 1950 ਅਤੇ ਈ-ਮੇਲ complaintcellmohali੨੦੨੪੦gmail.com ਰਾਹੀਂ ਚੋਣ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਦਰਜ ਕਰਵਾਉਣ ਦੇ ਵਿਕਲਪ ਵੀ ਖੁੱਲ੍ਹੇ ਹਨ। ਸੀ ਵਿਜਿਲ ’ਤੇ ਆਉਣ ਵਾਲੀਆਂ ਸ਼ਿਕਾਇਤਾਂ ’ਤੇ ਕਾਰਵਾਈ ਲਈ ਮੁੱਖ ਮੰਤਰੀ ਦੇ ਫ਼ੀਲਡ ਅਫ਼ਸਰ ਇੰਦਰਪਾਲ ਨੂੰ ਜ਼ਿਲ੍ਹਾ ਨੋਡਲ ਅਫ਼ਸਰ ਲਗਾਇਆ ਗਿਆ ਹੈ ਜਦੋਂਕਿ ਏਡੀਸੀ (ਪੇਂਡੂ ਵਿਕਾਸ) ਸ੍ਰੀਮਤੀ ਸੋਨਮ ਚੌਧਰੀ ਨੂੰ ਨਿਗਰਾਨ ਅਧਿਕਾਰੀ ਲਾਇਆ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…