Share on Facebook Share on Twitter Share on Google+ Share on Pinterest Share on Linkedin ਸਹਿਕਾਰੀ ਮਿਲਕ ਪਲਾਂਟ ਵਿੱਚ ਘਪਲਿਆਂ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ: ਰਾਜੇਵਾਲ ਸਹਿਕਾਰੀ ਸਭਾਵਾਂ ਪੰਜਾਬ ਦੇ ਰਜਿਸਟਰਾਰ ਨੂੰ ਦਿੱਤਾ ਮੰਗ ਪੱਤਰ ਨਬਜ਼-ਏ-ਪੰਜਾਬ, ਮੁਹਾਲੀ, 31 ਜੁਲਾਈ: ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਮੰਗ ਕੀਤੀ ਕਿ ਸਹਿਕਾਰੀ ਮਿਲਕ ਪਲਾਂਟ ਵਿੱਚ ਹੋਏ ਘਪਲਿਆਂ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀਆਂ ਜਾਣ। ਇਸ ਸਬੰਧੀ ਯੂਨੀਅਨ ਵਲੋੱ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਰਜਿਸਟਰਾਰ ਨੂੰ ਦਿੱਤੇ ਗਏ ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਸਹਿਕਾਰੀ ਮਿਲਕ ਪਲਾਂਟ ਵਿੱਚ ਵੱਡੇ ਪੱਧਰ ’ਤੇ ਘਪਲੇ ਹੋਏ ਹਨ ਅਤੇ ਮਿਲਕਫੈੱਡ ਦਾ ਇਹ ਇਤਿਹਾਸ ਬਣ ਚੱਲਿਆ ਹੈ ਕਿ ਜਿਸ ਵੀ ਅਧਿਕਾਰੀ ਨੇ ਜਿੰਨਾ ਵੱਡਾ ਘਪਲਾ ਕੀਤਾ, ਉਸ ਨੂੰ ਉਨ੍ਹਾਂ ਹੀ ਵੱਡਾ ਇਨਾਮ ਦੇ ਕੇ, ਹੋਰ ਵਧੀਆ ਪਲਾਂਟ ਵਿੱਚ ਲਗਾਇਆ ਗਿਆ ਤਾਂ ਜੋ ਉਹ ਨਵੀਂ ਜਗ੍ਹਾ ਜਾ ਕੇ ਇੱਕ ਹੋਰ ਵਧੀਆ ਪਲਾਂਟ ਦਾ ਭੱਠਾ ਬਿਠਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਘਪਲਿਆਂ ਕਾਰਨ ਪੰਜਾਬ ਦੇ ਜ਼ਿਆਦਾਤਰ ਮਿਲਕ ਪਲਾਂਟ ਵੱਡੇ ਘਾਟੇ ਵਿੱਚ ਹਨ। ਇਨ੍ਹਾਂ ਵਿੱਚ ਗੁਰਦਾਸਪੁਰ 65 ਕਰੋੜ, ਬਠਿੰਡਾ 15.5 ਕਰੋੜ, ਸੰਗਰੂਰ 49 ਕਰੋੜ, ਫਾਜ਼ਿਲਕਾ 11 ਕਰੋੜ, ਫਰੀਦਕੋਟ 10 ਕਰੋੜ, ਜਲੰਧਰ 2.5 ਕਰੋੜ, ਹੁਸ਼ਿਆਰਪੁਰ 7 ਕਰੋੜ, ਪਟਿਆਲਾ 9.5 ਕਰੋੜ, ਬਸੀ ਪਠਾਣਾ 25 ਕਰੋੜ ਰੁਪਏ ਦੇ ਘਾਟੇ ਵਿੰਚ ਹਨ ਅਤੇ ਸਿਰਫ ਮੁਹਾਲੀ, ਲੁਧਿਆਣਾ ਅਤੇ ਅੰਮ੍ਰਿਤਸਰ ਹੀ ਮੁਨਾਫ਼ੇ ਵਿੱਚ ਹਨ। ਪੱਤਰ ਵਿੱਚ ਕਿਹਾ ਗਿਆ ਹੈ ਕਿ ਮੁਹਾਲੀ ਪਲਾਂਟ ਵਿੱਚ ਸੈਪ ਸਾਫ਼ਟਵੇਅਰ ਗਾਇਬ ਕਰਕੇ 10 ਤੋੱ 12 ਕਰੋੜ ਦਾ ਘਪਲਾ ਕੀਤਾ ਗਿਆ। ਇਸ ਸੰਬੰਧੀ ਕਾਰਵਾਈ ਜਾਣ ਬੁੱਝ ਕੇ ਲਮਕਾਈ ਗਈ ਤਾਂ ਜੋ ਮਾਮਲਾ ਅਦਾਲਤ ਵਿੱਚ ਚਲਾ ਜਾਵੇ। ਹੁਣ ਮਾਮਲਾ ਅਦਾਲਤ ਵਿੱਚ ਹੈ। ਉਹਨਾਂ ਲਿਖਿਆ ਹੈ ਕਿ ਮੁਹਾਲੀ ਪਲਾਂਟ ਦੀਆਂ 83000 ਟਰੇਆਂ ਪਲਾਂਟ ਵਿੱਚ ਵਾਪਸ ਹੀ ਨਹੀਂ ਆਈਆਂ, ਇਸ ਘਪਲੇ ਦਾ 1.68 ਕਰੋੜ ਦਾ ਲੇਖਾ ਹੋਇਆ ਪਰ ਇਨ੍ਹਾਂ ਟਰੇਆਂ ਵਿੱਚ 5 ਕਰੋੜ ਦਾ ਦੁੱਧ ਵੀ ਗਾਇਬ ਹੋਇਆ, ਉਸਦਾ ਕੋਈ ਲੇਖਾ ਨਹੀਂ ਹੈ। ਘਪਲੇ ਲਈ ਜ਼ਿੰਮੇਵਾਰ ਜੀ. ਐਮ. ਨੂੰ ਇਨਾਮ ਵਿੱਚ ਉਸ ਦੇ ਘਰ ਜਲੰਧਰ ਤਾਇਨਾਤ ਕਰ ਦਿੱਤਾ। ਚੰਡੀਗੜ੍ਹ ਵਿੱਚ 1.50 ਕਰੋੜ ਦਾ ਡਿਸਟਰੀਬਿਊਟਰਾਂ ਨਾਲ ਮਿਲ ਕੇ ਘਪਲਾ ਹੋ ਗਿਆ। ਘਪਲੇ ਦੇ ਜ਼ਿੰਮੇਵਾਰ ਨੂੰ ਮਿਲਕਫ਼ੈਡ ਵਿੱਚ ਮਾਰਕੀਟਿੰਗ ਦਾ ਮੁਖੀ ਲਾ ਦਿੱਤਾ ਗਿਆ। ਪੱਤਰ ਵਿੱਚ ਕਿਹਾ ਗਿਆ ਹੈ ਕਿ ਮਿਲਕ ਪਲਾਂਟ ਲੁਧਿਆਣਾ ਵਿੱਚ 74 ਲੱਖ ਦਾ ਸਟਾਕ ਵਿੱਚ ਵਾਈਟ ਬਟਰ ਗਾਇਬ ਹੋ ਗਿਆ। ਇਸ ਦੇ ਜ਼ਿੰਮੇਵਾਰ ਪ੍ਰੋਡਕਸ਼ਨ ਮੈਨੇਜਰ ਨੂੰ ਮੁਹਾਲੀ ਦੇ ਵੱਡੇ ਪਲਾਂਟ ਵਿੱਚ ਲਾ ਦਿੱਤਾ, ਜਿਸ ਨੂੰ ਬਾਅਦ ਵਿੱਚ ਸੀਬੀਆਈ.ਨੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ। ਇਸੇ ਤਰ੍ਹਾਂ ਮੁਹਾਲੀ ਦੇ ਪ੍ਰੋਕਿਓਰਮੈਂਟ ਮੈਨੇਜਰ ਸ੍ਰੀ ਸ੍ਰੀਵਾਸਤਵਾ ਨੂੰ ਵਿਜੀਲੈਂਸ ਨੇ ਰੰਗੇ ਹੱਥੀਂ 50000 ਰੁਪੈ ਰਿਸ਼ਵਤ ਲੈਂਦੇ ਗ੍ਰਿਫ਼ਤਾਰ ਕੀਤਾ। ਪੱਤਰ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਅਧਿਕਾਰੀ ਤੁਰੰਤ ਬਰਖ਼ਾਸਤ ਕਰਨੇ ਚਾਹੀਦੇ ਸਨ, ਪਰ ਕੋਈ ਕਾਰਵਾਈ ਨਹੀਂ। ਇਸੇ ਲੜੀ ਵਿੱਚ ਹੁਣੇ ਹੀ ਜਲੰਧਰ ਵਿੱਚ ਡਿਸਟਰੀਬਿਊਟਰਾਂ ਨਾਲ ਮਿਲ ਕੇ 30 ਲੱਖ ਦੀਆਂ ਦੁੱਧ ਦੀਆਂ ਵਸਤਾਂ ਦਾ ਘਪਲਾ ਹੋਇਆ ਹੈ। ਹੁਸ਼ਿਆਰਪੁਰ ਵੀ ਕਿਸੇ ਤੋਂ ਘੱਟ ਨਹੀਂ, ਇਥੇ ਵੀ 4 ਕਰੋੜ ਦਾ ਘਪਲਾ ਹੋਇਆ ਹੈ। ਗੁਰਦਾਸਪੁਰ ਵਿੱਚ ਵੀ 29 ਕੁ ਲੱਖ ਦਾ ਘਪਲਾ ਸਾਹਮਣੇ ਆਇਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਲੁਧਿਆਣਾ ਦੇ ਜਨਰਲ ਮੈਨੇਜਰ ਸੁਰਜੀਤ ਸਿੰਘ ਨੇ ਸਾਲ 2013-14 ਵਿੱਚ ਟਰਾਂਸਪੋਰਟਰਾਂ ਨੂੰ 1.11 ਕਰੋੜ ਦਾ ਵਿੱਤੀ ਲਾਭ ਦਿੱਤਾ ਅਤੇ ਫਿਰ ਇੱਕ ਜਾਅਲੀ ਕਾਗਜ਼ ਤਿਆਰ ਕਰਕੇ ਟਰਾਂਸਪੋਰਟਰਾਂ ਤੋਂ ਵਸੂਲਣਯੋਗ ਰਕਮ ਨੂੰ ਘਟਾ ਕੇ 37 ਲੱਖ ਰੁਪਏ ਦੀ ਵਸੂਲੀ ਵੀ ਕਰ ਲਈ। ਇਸ ਰਕਮ ’ਚੋਂ 20 ਲੱਖ ਰੁਪਏ ਟਰਾਂਸਪੋਰਟਰਾਂ ਤੋਂ ਵਸੂਲ ਕੀਤੇ ਗਏ, ਜੋ ਸਿੱਧਾ ਸਿੱਧਾ ਰਿਕਾਰਡ ਵਿੱਚ ਲਈ ਰਿਸ਼ਵਤ ਦਾ ਕੇਸ ਬਣਦਾ ਹੈ। ਪੱਤਰ ਅਨੁਸਾਰ ਇਸ ਅਧਿਕਾਰੀ ਤੋਂ ਸੰਯੁਕਤ ਰਜਿਸਟਰਾਰ ਪਟਿਆਲਾ ਵੱਲੋੱ ਵੀ ਵਿਆਜ ਸਮੇਤ ਵਸੂਲੀ ਕਰਨ ਦੇ ਵੀ ਹੁਕਮ ਹੋਏ ਅਤੇ ਵਸੂਲੀ ਲਈ ਨਿਯਮਾਂ ਅਨੁਸਾਰ ਲੁਧਿਆਣਾ ਦੇ ਬੋਰਡ ਆਫ ਡਾਇਰੈਕਟਰਜ਼ ਨੇ ਵੀ ਮਤਾ ਪਾਸ ਕੀਤਾ। ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਘਪਲਾ ਹਾਈ ਕੋਰਟ ਵਿੱਚ ਜਾਣ ਕਾਰਨ 10 ਸਾਲ ਬੀਤਣ ਤੋਂ ਬਾਅਦ ਇਸ ਅਧਿਕਾਰੀ ਨੂੰ ਚਾਰਜਸ਼ੀਟ ਕੀਤਾ ਗਿਆ। ਇਸ ਅਧਿਕਾਰੀ ਵਿਰੁੱਧ ਅਨੇਕਾਂ ਦੋਸ਼ਾਂ ਦੇ ਬਾਵਜੂਦ ਪਟਿਆਲੇ ਜਨਰਲ ਮੈਨੇਜਰ ਲਾ ਦਿੱਤਾ ਗਿਆ। ਪੱਤਰ ਵਿੱਚ ਕਿਹਾ ਗਿਆ ਹੈ ਕਿ ਮਿਲਕਫੈੱਡ ਅਤੇ ਦੁੱਧ ਉਤਪਾਦਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਨ੍ਹਾਂ ਸਾਰੇ ਘਪਲਿਆਂ ਦੀ ਸਮਾਂਬੱਧ ਜਾਂਚ ਕਰਕੇ ਦੋਸ਼ੀ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ। ਇਸਦੇ ਨਾਲ ਹੀ ਸਾਰੇ ਮਿਲਕ ਪਲਾਂਟਾਂ, ਸ਼ੂਗਰ ਮਿੱਲਾਂ ਅਤੇ ਹੋਰ ਅਦਾਰਿਆਂ ਦੀ ਤੁਰੰਤ ਜਾਂਚ ਆਰੰਭ ਕੀਤੀ ਜਾਵੇ। ਪੱਤਰ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਕਿਸਾਨ ਜਥੇਬੰਦੀਆਂ ਮਜ਼ਬੂਰੀਵੱਸ ਮੋਰਚਾ ਲਾਉਣ ਤੋੱ ਵੀ ਪਿੱਛੇ ਨਹੀਂ ਹਟਣਗੀਆਂ। ਰਾਜੇਵਾਲ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਦੇ ਰਜਿਸਟ੍ਰਾਰ ਪੰਜਾਬ ਵਿੱਚ ਬਣੀ ਕਿਸੇ ਵੀ ਸਹਿਕਾਰੀ ਸਭਾ ਦੇ ਕਸਟੋਡੀਅਨ ਹਨ। ਉਨ੍ਹਾਂ ਦਾ ਕੰਮ ਕੇਵਲ ਸਭਾਵਾਂ ਰਜਿਸਟਰ ਕਰਨਾ ਹੀ ਨਹੀਂ ਹੈ ਬਲਕਿ ਉਨ੍ਹਾਂ ਨੇ ਸਭਾਵਾਂ ਦੇ ਕੰਮਕਾਰ ਉੱਤੇ ਨਿਗਾਹ ਵੀ ਰੱਖਣੀ ਹੁੰਦੀ ਹੈ ਅਤੇ ਗਲਤ ਕਰਨ ਵਾਲੇ ਖਾਸਕਰ ਗਬਨ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਜ਼ਾਵਾਂ ਵੀ ਦੇਣੀਆਂ ਹੁੰਦੀਆਂ ਹਨ। ਇਹ ਸਿਰਫ਼ ਉਨ੍ਹਾਂ ਦਾ ਅਧਿਕਾਰ ਖੇਤਰ ਹੀ ਨਹੀਂ, ਜ਼ਿੰਮੇਵਾਰੀ ਵੀ ਹੈ ਇਸ ਲਈ ਯੂਨੀਅਨ ਵੱਲੋਂ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ, ਸਕੱਤਰ ਪਰਮਦੀਪ ਸਿੰਘ ਬੈਦਵਾਨ, ਯੂਨੀਅਨ ਆਗੂ ਕਿਰਪਾਲ ਸਿੰਘ ਸਿਆਉ, ਤੇਜਿੰਦਰ ਸਿੰਘ ਪੂਨੀਆ, ਬਲਦੀਪ ਸਿੰਘ, ਹਰਮਨ ਸਿੰਘ ਸਹੇੜੀ, ਸੁਖਦੇਵ ਸਿੰਘ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ