ਮਸ਼ੀਨੀ ਸਫ਼ਾਈ ਦਾ ਉਦਘਾਟਨ ਕਰਕੇ ਵਿਧਾਇਕ ਨੇ ਕੌਂਸਲਰਾਂ ਦੇ ਅਧਿਕਾਰਾਂ ’ਤੇ ਡਾਕਾ ਮਾਰਿਆ: ਜੀਤੀ ਸਿੱਧੂ

ਲੋੜ ਪਈ ਤਾਂ ‘ਆਪ’ ਵਿਧਾਇਕ ਦੇ ਖ਼ਿਲਾਫ਼ ਸੜਕਾਂ ’ਤੇ ਉਤਰਨਗੇ ਕਾਬਜ਼ ਧਿਰ ਦੇ ਕੌਂਸਲਰ ਤੇ ਸ਼ਹਿਰ ਵਾਸੀ

ਨਬਜ਼-ਏ-ਪੰਜਾਬ, ਮੁਹਾਲੀ, 8 ਅਗਸਤ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਅੱਜ ਸਵੇਰ ਤੋਂ ਹੀ ਮਕੈਨੀਕਲ ਸਵੀਪਿੰਗ ਮਸ਼ੀਨਾਂ ਦੀ ਭਾਲ ਕੀਤੀ ਜਾ ਰਹੀ ਸੀ, ਜੋ ਵਿਧਾਇਕ ਕੁਲਵੰਤ ਸਿੰਘ ਦੇ ਦਫ਼ਤਰ ਦੇ ਬਾਹਰ ਖੜੀਆ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮਸ਼ੀਨਾਂ ਨਗਰ ਨਿਗਮ ਨੇ ਖ਼ਰੀਦੀਆਂ ਹਨ ਪ੍ਰੰਤੂ ਵਿਧਾਇਕ ਨੇ ਸਿਆਸੀ ਲਾਹਾ ਖੱਟਣ ਲਈ ਇਨ੍ਹਾਂ ਨੂੰ ਨਗਰ ਨਿਗਮ ਦਫ਼ਤਰ ਪਹੁੰਚਣ ਤੋਂ ਪਹਿਲਾਂ ਹੀ ਆਪਣੇ ਦਫ਼ਤਰ ਲਿਆ ਕੇ ਖੜੀਆਂ ਕਰ ਲਈਆਂ। ਉਨ੍ਹਾਂ ਕਿਹਾ ਕਿ ਇਹ ਮਸ਼ੀਨਾਂ ਨਗਰ ਨਿਗਮ ਦੀ ਪ੍ਰਾਪਰਟੀ ਹਨ, ਇਸ ਸਬੰਧੀ ਨਿਗਮ ਦੇ ਉੱਚ ਅਧਿਕਾਰੀਆਂ ਵੱਲੋਂ ਮੇਅਰ ਅਤੇ ਕੌਂਸਲਰਾਂ ਨੂੰ ਵੀ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ। ਮੇਅਰ ਨੇ ਦੋਸ਼ ਲਾਇਆ ਕਿ ਵਿਧਾਇਕ ਸ਼ਹਿਰ ਦੇ ਵਿਕਾਸ ਕੰਮ ਰੋਕਣ ਲਈ ਅਧਿਕਾਰੀਆਂ ’ਤੇ ਦਬਾਅ ਪਾ ਰਹੇ ਹਨ ਅਤੇ ਨਿਗਮ ਕੰਮਾਂ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਕੀਤੀ ਜਾ ਰਹੀ ਹੈ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਵੱਲੋਂ ਮਸ਼ੀਨੀ ਸਫ਼ਾਈ ਦਾ ਉਦਘਾਟਨ ਕਰਕੇ ਨਗਰ ਨਿਗਮ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਅਧਿਕਾਰਾਂ ’ਤੇ ਸਰਾਸਰ ਡਾਕਾ ਮਾਰਿਆ ਹੈ ਅਤੇ ਨਿਗਮ ਕੰਮ ਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਜਿਹੜੀਆਂ ਮਸ਼ੀਨਾਂ ਦਾ ਉਦਘਾਟਨ ਵਿਧਾਇਕ ਵੱਲੋਂ ਕੀਤਾ ਗਿਆ ਹੈ, ਉਹ ਮਸ਼ੀਨਾਂ ਨਗਰ ਨਿਗਮ ਦੀ ਮਲਕੀਅਤ ਹਨ ਅਤੇ ਇਨ੍ਹਾਂ ਦਾ ਉਦਘਾਟਨ ਵੀ ਨਗਰ ਨਿਗਮ ਦੇ ਦਫ਼ਤਰ ਤੋਂ ਹੀ ਹੋਣਾ ਚਾਹੀਦਾ ਸੀ, ਪ੍ਰੰਤੂ ਸਿਆਸੀ ਲਾਹਾ ਹਾਸਲ ਕਰਨ ਦੀ ਹੋੜ ਵਿੱਚ ਹਲਕਾ ਵਿਧਾਇਕ ਨੇ ਉਦਘਾਟਨ ਤੋਂ ਪਹਿਲਾਂ ਤੱਕ ਅਤੇ ਬਾਅਦ ਵਿੱਚ ਵੀ ਇਹ ਮਸ਼ੀਨਾਂ ਆਪਣੇ ਕਬਜ਼ੇ ਵਿੱਚ ਰੱਖੀਆਂ ਹਨ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸ਼ਹਿਰ ਦੇ 50 ਚੁਣੇ ਹੋਏ ਨੁਮਾਇੰਦੇ ਹਨ ਅਤੇ ਉਹ ਸਾਰੇ ਹੀ ਆਪੋ ਆਪਣੇ ਵਾਰਡਾਂ ਦੇ ਕੰਮਾਂ ਪ੍ਰਤੀ ਵਚਨਬੱਧ ਹਨ ਪ੍ਰੰਤੂ ਵਿਧਾਇਕ ਨੇ ਅੱਜ ਨਿਗਮ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਦੇ ਦਬਾਅ ਵਿੱਚ ਆਏ ਅਧਿਕਾਰੀਆਂ (ਜਿਹੜੇ ਮਸ਼ੀਨਾਂ ਦੇ ਉਦਘਾਟਨ ਮੌਕੇ ਵਿਧਾਇਕ ਦੇ ਨਾਲ ਖੜ੍ਹ ਕੇ ਫੋਟੋਆਂ ਖਿਚਵਾ ਰਹੇ ਸਨ) ਵੱਲੋਂ ਉਨ੍ਹਾਂ ਨੂੰ ਇਨ੍ਹਾਂ ਮਸ਼ੀਨਾਂ ਦੇ ਆਉਣ ਬਾਰੇ ਜਾਣਕਾਰੀ ਤੱਕ ਨਹੀਂ ਦਿੱਤੀ ਗਈ ਅਤੇ ਚੁਪ ਚੁਪੀਤੇ ਵਿਧਾਇਕ ਕੋਲੋਂ ਇਨ੍ਹਾਂ ਮਸ਼ੀਨਾਂ ਦਾ ਉਦਘਾਟਨ ਕਰਵਾ ਦਿੱਤਾ ਗਿਆ। ਉਨ੍ਹਾਂ ਹਲਕਾ ਵਿਧਾਇਕ ਨੂੰ ਚਿਤਾਵਨੀ ਦਿੱਤੀ ਕਿ ਉਹ ਨਿਗਮ ਦੇ ਕੰਮਾਂ ਵਿੱਚ ਬੇਲੋੜੀ ਦਖ਼ਲਅੰਦਾਜੀ ਨਾ ਕਰਨ ਵਰਨਾ ਨਿਗਮ ਦੇ ਕੌਸਲਰ ਸੜਕਾਂ ਤੇ ਉਤਰ ਕੇ ਵਿਧਾਇਕ ਦਾ ਵਿਰੋਧ ਕਰਨ ਅਤੇ ਧਰਨੇ ਦੇਣ ਲਈ ਮਜਬੂਰ ਹੋਣਗੇ। ਉਧਰ, ਵਿਧਾਇਕ ਅਤੇ ‘ਆਪ’ ਕੌਂਸਲਰਾਂ ਨੇ ਮੇਅਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਹਨ। ਆਉਣ ਵਾਲੇ ਦਿਨਾਂ ਵਿੱਚ ਇਹ ਸਿਆਸੀ ਟਕਰਾਓ ਹੋਰ ਭਖਣ ਦੀ ਸੰਭਾਵਨਾ ਹੈ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕੌਂਸਲਰ ਸੁੱਚਾ ਸਿੰਘ ਕਲੌੜ, ਕਮਲਜੀਤ ਸਿੰਘ ਬਨੀ, ਬਲਜੀਤ ਕੌਰ, ਰੁਪਿੰਦਰ ਕੌਰ ਰੀਨਾ, ਇੰਦਰਜੀਤ ਸਿੰਘ ਢਿੱਲੋਂ, ਰਵਿੰਦਰ ਸਿੰਘ ਪੰਜਾਬ ਮੋਟਰ ਵਾਲੇ, ਪਰਮਜੀਤ ਸਿੰਘ ਹੈਪੀ, ਦਵਿੰਦਰ ਕੌਰ ਵਾਲੀਆ, ਨਛੱਤਰ ਸਿੰਘ ਮੁਹਾਲੀ ਪਿੰਡ, ਵਿਨੀਤ ਮਲਿਕ ਸਮੇਤ ਹੋਰ ਮੈਂਬਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…