ਭਗਵੰਤ ਮਾਨ ਆਪਣੀ ਧੀ ਨੂੰ ਢੋਲ-ਢਮੱਕੇ ਨਾਲ ਲੈ ਕੇ ਪੁੱਜੇ, ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ

ਫੋਰਟਿਸ ਹਸਪਤਾਲ ਮੁਹਾਲੀ ’ਚੋਂ ਡਾ. ਗੁਰਪ੍ਰੀਤ ਕੌਰ ਨੂੰ ਦੁਪਹਿਰ ਇੱਕ ਵਜੇ ਛੁੱਟੀ ਦੇ ਕੇ ਘਰ ਭੇਜਿਆ

ਨਬਜ਼-ਏ-ਪੰਜਾਬ, ਮੁਹਾਲੀ, 29 ਮਾਰਚ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੂੰ ਅੱਜ ਦੁਪਹਿਰ ਕਰੀਬ 1 ਵਜੇ ਮੁਹਾਲੀ ਦੇ ਸੁਪਰ ਸਪੈਸ਼ਲਿਸਟੀ ਫੋਰਟਿਸ ਹਸਪਤਾਲ ’ਚੋਂ ਛੁੱਟੀ ਮਿਲ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਢੋਲ-ਢਮੱਕੇ ਨਾਲ ਆਪਣੀ ਧੀ ਨਿਆਮਤ ਕੌਰ ਮਾਨ ਨੂੰ ਲੈ ਕੇ ਘਰ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਦੀ ਮਾਂ ਅਤੇ ਭੈਣ ਅਤੇ ਸੁਹਰੇ ਪਰਿਵਾਰ ਦੇ ਮੈਂਬਰ ਮੌਜੂਦ ਸਨ। ਜੱਚਾ-ਬੱਚਾ ਦਾ ਘਰ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਹਸਪਤਾਲ ’ਚੋਂ ਛੁੱਟੀ ਮਿਲਣ ਦੀ ਖ਼ਬਰ ਸੁਣਦੇ ਹੀ ਪੰਜਾਬ ਕੈਬਨਿਟ ਦੇ ਕਈ ਮੰਤਰੀ ਅਤੇ ਆਮ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਸਮੇਤ ਮੁੱਖ ਮੰਤਰੀ ਅਤੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।
ਡਾਕਟਰ ਗੁਰਪ੍ਰੀਤ ਕੌਰ ਨੂੰ ਜਣੇਪੇ ਲਈ ਬੁੱਧਵਾਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਖ਼ੁਦ ਆਪਣੇ ਸੋਸ਼ਲ ਮੀਡੀਆ ਪੇਜ ਉੱਤੇ ਇੱਕ ਪੋਸਟ ਅਪਲੋਡ ਕਰਕੇ ਇਹ ਜਾਣਕਾਰੀ ਜਨਤਕ ਕੀਤੀ ਸੀ। ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ। ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ ਅਪਰੇਸ਼ਨ ਰਾਹੀਂ ਬੱਚੇ ਨੂੰ ਜਨਮ ਦਿਵਾਇਆ ਸੀ। ਹਾਲਾਂਕਿ ਸਰਜਰੀ ਹੋਣ ਕਾਰਨ ਅਗਲੇ ਦੋ ਤਿੰਨ ਦਿਨ ਡਾ. ਗੁਰਪ੍ਰੀਤ ਕੌਰ ਅਤੇ ਨੰਨ੍ਹੀ ਪਰੀ ਨੂੰ ਮੈਡੀਕਲ ਟੀਮ ਵੱਲੋਂ ਆਪਣੀ ਨਿਗਰਾਨੀ ਹੇਠ ਰੱਖਣ ਦੀ ਗੱਲ ਕਹੀ ਜਾ ਰਹੀ ਸੀ ਲੇਕਿਨ ਅੱਜ ਦੁਪਹਿਰ ਸਮੇਂ ਡਾਕਟਰਾਂ ਨੇ ਸਾਰੀਆਂ ਰਿਪੋਰਟਾਂ ਅਤੇ ਟੈੱਸਟ ਕਰਨ ਤੋਂ ਬਾਅਦ ਜੱਚਾ-ਬੱਚਾ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਪਰਿਵਾਰ ਨਾਲ ਸਲਾਹ ਮਸ਼ਵਰਾ ਕਰਕੇ ਆਪਣੀ ਨਵਜੰਮੀ ਧੀ ਦਾ ਨਾਂ ਨਿਆਮਤ ਕੌਰ ਮਾਨ ਰੱਖਿਆ ਹੈ। ਮੀਡੀਆ ਦੇ ਰੂਬਰੂ ਹੁੰਦਿਆਂ ਉਨ੍ਹਾਂ ਕਿਹਾ ਕਿ ਅੱਜ ਮੇਰੇ ਪਰਿਵਾਰ, ਮੇਰੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਮੇਰੇ ਲਈ ਬਹੁਤ ਵੱਡਾ ਦਿਨ ਹੈ ਕਿਉਂਕਿ ਅਸੀਂ ਆਪਣੇ ਘਰ ਅਤੇ ਆਪਣੀ ਜ਼ਿੰਦਗੀ ਵਿੱਚ ਇੱਕ ਸਿਹਤਮੰਦ ਬੱਚੇ ਦਾ ਸਵਾਗਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਸਾਰੇ ਰਿਸ਼ਤੇਦਾਰ ਨਵਜੰਮੇ ਬੱਚੇ ਦੇ ਸਵਾਗਤ ਲਈ ਸੀਐਮ ਹਾਊਸ ਮੌਜੂਦ ਸਨ। ਉਨ੍ਹਾਂ ਨੇ ਤੰਦਰੁਸਤ ਬੱਚੇ ਅਤੇ ਮਾਂ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਵੀ ਕੀਤਾ।

‘‘ਆਪਣੀ ਧੀ ਨਿਆਮਤ ਕੌਰ ਮਾਨ ਦੇ ਸਵਾਗਤ ਦੌਰਾਨ ਸੀਐਮ ਮਾਨ ਨੇ ਲੋਕਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ‘‘ਸਿਰਫ਼ ਸਿਹਤਮੰਦ ਬੱਚੇ ਲਈ ਅਰਦਾਸ ਕਰੋ, ਲੜਕਾ-ਲੜਕੀ ਦੋਵੇਂ ਬਰਾਬਰ ਹਨ, ਭਾਵੇਂ ਤੁਹਾਡਾ ਪੁੱਤਰ ਹੋਵੇ ਜਾਂ ਧੀ, ਉਨ੍ਹਾਂ ਨੂੰ ਸਿੱਖਿਅਤ ਕਰੋ, ਉਨ੍ਹਾਂ ਨੂੰ ਆਪਣੇ ਇਤਿਹਾਸ ਅਤੇ ਸੱਭਿਆਚਾਰ ਬਾਰੇ ਪੜ੍ਹਾਓ, ਉਨ੍ਹਾਂ ਨੂੰ ਕਾਬਲ ਬਣਾਓ। ਸਾਡੀਆਂ ਧੀਆਂ ਕਿਸੇ ਨਾਲੋਂ ਘੱਟ ਨਹੀਂ ਹਨ। ਅੱਜ ਮੈਂ ਇੱਕ ਧੀ ਦਾ ਪਿਤਾ ਬਣ ਕੇ ਬਹੁਤ ਖ਼ੁਸ਼ ਹਾਂ’’। ਉਧਰ, ਅਰਵਿੰਦ ਕੇਜਰੀਵਾਲ ਦੀਆਂ ਸੁਭਕਾਮਨਾਵਾਂ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀਆਂ ਇੱਛਾਵਾਂ ਦਾ ਅਰਥ ਉਨ੍ਹਾਂ ਲਈ ਦੁਨੀਆ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਮੇਰੇ ਅਤੇ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਦੌਰਾਨ ਪਿਤਾ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕੀਤਾ ਸੀ।

ਜ਼ਿਕਰਯੋਗ ਹੈ ਕਿ ਬੀਤੀ 26 ਜਨਵਰੀ ਨੂੰ ਲੁਧਿਆਣਾ ਵਿਖੇ ਗਣਤੰਤਰ ਦਿਵਸ ਸਬੰਧੀ ਸੂਬਾ ਪੱਧਰੀ ਸਮਾਗਮ ਦੌਰਾਨ ਤਿਰੰਗਾ ਲਹਿਰਾਉਣ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਆਪਣੇ ਸੰਬੋਧਨ ਵਿੱਚ ਡਾ. ਗੁਰਪ੍ਰੀਤ ਕੌਰ ਦੇ ਗਰਭ ਅਵਸਥਾ ਵਿੱਚ ਹੋਣ ਅਤੇ ਮਾਰਚ ਮਹੀਨੇ ਆਪਣੇ ਘਰ ਖ਼ੁਸ਼ੀ ਆਉਣ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਲਿੰਗ ਟੈੱਸਟ ਨਹੀਂ ਕਰਵਾਇਆ ਅਤੇ ਵਾਹਿਗੁਰੂ ਜੋ ਵੀ ਦਾਤ ਝੋਲੀ ਪਾਉਣਗੇ, ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…