nabaz-e-punjab.com

ਡੀਡੀਪੀਓ ਦੀ ਕੁੱਟਮਾਰ: ਪਿੰਡ ਬਾਕਰਪੁਰ ਤੇ ਨੰਡਿਆਲੀ ਦੇ ਸਰਪੰਚ ਮੁਅੱਤਲ

ਨਬਜ਼-ਏ-ਪੰਜਾਬ, ਮੁਹਾਲੀ, 14 ਮਾਰਚ:
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਅਮਿਤ ਕੁਮਾਰ ਨੇ ਹੁਕਮ ਜਾਰੀ ਕਰਕੇ ਮੁਹਾਲੀ ਨੇੜਲੇ ਪਿੰਡ ਬਾਕਰਪੁਰ ਦੇ ਸਰਪੰਚ ਜਗਤਾਰ ਸਿੰਘ, ਪੰਚ ਰਣਜੀਤ ਸਿੰਘ ਅਤੇ ਨਜ਼ਦੀਕੀ ਪਿੰਡ ਨੰਡਿਆਲੀ ਦੇ ਸਰਪੰਚ ਗੁਰਬਿੰਦਰ ਸਿੰਘ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਮੁਅੱਤਲ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਵਿਅਕਤੀਆਂ ਦੇ ਖ਼ਿਲਾਫ਼ ਇਹ ਕਾਰਵਾਈ ਡੀਡੀਪੀਓ ਵੱਲੋਂ ਡਾਇਰੈਕਟਰ ਨੂੰ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਉਕਤ ਵਿਅਕਤੀਆਂ ’ਤੇ ਸ਼ਿਕਾਇਤ ਕਰਤਾ ਦੀ ਮਾਰਕੁੱਟ ਕਰਨ ਅਤੇ ਗਾਲ੍ਹਾਂ ਕੱਢਣ ਤੇ ਮਾਰਨ ਦੀਆਂ ਧਮਕੀਆਂ ਦੇਣ, ਸਰਕਾਰੀ ਡਿਊਟੀ ਵਿੱਚ ਰੁਕਾਵਟ ਪਾਉਣ ਦੇ ਗੰਭੀਰ ਦੋਸ਼ ਹਨ।
ਡਾਇਰੈਕਟਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸ਼ਿਕਾਇਤ ਸਬੰਧੀ ਰਿਪੋਰਟ ਦੀ ਕਾਪੀ ਪਿੰਡ ਬਾਕਰਪੁਰ ਦੇ ਸਰਪੰਚ ਜਗਤਾਰ ਸਿੰਘ, ਪੰਚ ਰਣਜੀਤ ਸਿੰਘ ਅਤੇ ਪਿੰਡ ਨੰਡਿਆਲੀ ਦੇ ਸਰਪੰਚ ਗੁਰਬਿੰਦਰ ਸਿੰਘ ਨੂੰ ਭੇਜ ਕੇ ਪੰਜਾਬ ਪੰਚਾਇਤੀ ਰਾਜ ਐਕਟ 1994 ਅਧੀਨ ਨੋਟਿਸ ਜਾਰੀ ਕਰਕੇ 15 ਦਿਨਾਂ ਦੇ ਅੰਦਰ ਆਪਣਾ ਸਪੱਸ਼ਟੀਕਰਨ ਪੇਸ਼ ਕਰਨ ਲਈ ਲਿਖਿਆ ਗਿਆ ਸੀ, ਜਿਸਦੇ ਜਵਾਬ ਵਿੱਚ ਦੋਵੇਂ ਸਰਪੰਚਾਂ ਅਤੇ ਪੰਚ ਵੱਲੋਂ ਆਪਣੇ ਵਿਰੁੱਧ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਉਨ੍ਹਾਂ ਨੂੰ ਜਾਰੀ ਨੋਟਿਸ ਦਾਖ਼ਲ ਦਫ਼ਤਰ ਕਰਨ ਦੀ ਗੁਹਾਰ ਲਗਾਈ ਗਈ ਸੀ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 (4) ਦੀ ਧਾਰਾ 2 (ਜੈਡ.ਆਰ) ਅਧੀਨ ਸਰਪੰਚ/ਪੰਚ ਨੂੰ ਆਈਪੀਸੀ ਦੀ ਧਾਰਾ ਵਿੱਚ ਦਿੱਤੀ ਪਰਿਭਾਸ਼ਾ ਤਹਿਤ ਲੋਕ ਸੇਵਕ ਨੋਟੀਫਾਈ ਕੀਤਾ ਹੋਇਆ ਹੈ ਅਤੇ ਅਜਿਹਾ ਹੋਣ ਨਾਲ ਉਸ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਕਿ ਉਹ ਕੋਈ ਅਜਿਹਾ ਕੰਮ ਨਾ ਕਰੇ, ਜੋ ਕਿ ਨਿਯਮਾਂ ਅਨੁਸਾਰ ਸਹੀ ਨਾ ਹੋਵੇ ਅਤੇ ਜਿਸ ਦਾ ਅਸਰ ਆਮ ਲੋਕਾਂ ਵਿੱਚ ਸਹੀ ਨਾ ਪੈਂਦਾ ਹੋਵੇ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਮਿਸਲ ’ਤੇ ਦਰਜ ਦਸਤਾਵੇਜ਼ ਅਤੇ ਡੀਡੀਪੀਓ ਰਾਹੀਂ ਪ੍ਰਾਪਤ ਹੋਈ ਰਿਪੋਰਟ ਅਨੁਸਾਰ ਸਰਪੰਚ ਜਗਤਾਰ ਸਿੰਘ ਅਤੇ ਪੰਚ ਰਣਜੀਤ ਸਿੰਘ ਗਰਾਮ ਪੰਚਾਇਤ ਬਾਕਰਪੁਰ ਅਤੇ ਗੁਰਬਿੰਦਰ ਸਿੰਘ ਸਰਪੰਚ ਗਰਾਮ ਪੰਚਾਇਤ ਨੰਡਿਆਲੀ ਵੱਲੋਂ ਪੰਚਾਇਤ ਅਫ਼ਸਰ ਕੁੱਟਮਾਰ ਅਤੇ ਮਾਰਨ ਦੀਆਂ ਧਮਕੀਆਂ ਦੇਣ, ਸਰਕਾਰੀ ਡਿਊਟੀ ਵਿੱਚ ਰੁਕਾਵਟ ਪਾਉਣ, ਅਧਿਕਾਰੀ ਨੂੰ ਗਾਲ੍ਹਾ ਕੱਢਣ ਦੇ ਦੋਸ਼ ਸਿੱਧ ਹੁੰਦੇ ਹਨ। ਉਪਰੋਕਤ ਤੱਥਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਪੰਚਾਇਤੀ ਰਾਜ ਐਕਟ 1994 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਗਤਾਰ ਸਿੰਘ ਸਰਪੰਚ, ਰਣਜੀਤ ਸਿੰਘ ਪੰਚ ਬਾਕਰਪੁਰ ਅਤੇ ਗੁਰਬਿੰਦਰ ਸਿੰਘ ਸਰਪੰਚ ਗਰਾਮ ਪੰਚਾਇਤ ਨੰਡਿਆਲੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਤੁਰੰਤ ਮੁਅੱਤਲ ਕੀਤਾ ਜਾਂਦਾ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…