ਬਾਬਾ ਬੰਦਾ ਸਿੰਘ ਬਹਾਦਰ ਏਸੀ ਬੱਸ ਅੱਡਾ ਵਾਹਨ ਪਾਰਕਿੰਗ ’ਚ ਤਬਦੀਲ

ਬੱਸ ਡਰਾਈਵਰ ਵੇਰਕਾ ਮਿਲਕ ਪਲਾਂਟ ਚੌਕ ਅਤੇ ਸੜਕ ’ਤੇ ਹੀ ਉਤਾਰ ਰਹੇ ਨੇ ਸਵਾਰੀਆਂ

ਬੱਸਾਂ ਦਾ ਮੁਹਾਲੀ ਅੱਡੇ ਵਿੱਚ ਲਿਜਾਉਣ ਲਈ ਡਾਇਰੈਕਟਰ ਨੇ ਸਾਰੇ ਜੀਐਮ ਨੂੰ ਲਿਖਿਆ ਪੱਤਰ

ਨਬਜ਼-ਏ-ਪੰਜਾਬ, ਮੁਹਾਲੀ, 23 ਅਗਸਤ:
ਇੱਥੋਂ ਦੇ ਫੇਜ਼-6 ਸਥਿਤ ਬਾਬਾ ਬੰਦਾ ਸਿੰਘ ਬਹਾਦਰ ਏਸੀ ਬੱਸ ਅੱਡਾ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ। ਇਹ ਬੱਸ ਅੱਡਾ ਵਾਹਨ ਪਾਰਕਿੰਗ ਬਣ ਗਿਆ ਹੈ। ਬੱਸ ਅੱਡੇ ਨੂੰ ਚਲਾਉਣ ਲਈ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਨੂੰ ਕਾਨੂੰਨੀ ਨੋਟਿਸ ਭੇਜਣ ਵਾਲੇ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅੱਜ ਜਦੋਂ ਬੱਸ ਅੱਡੇ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਉੱਥੇ ਬੱਸਾਂ ਦੀ ਥਾਂ ਕਾਰਾਂ ਅਤੇ ਮੋਟਰ ਸਾਈਕਲ ਪਾਰਕਿੰਗ ਕੀਤੇ ਹੋਏ ਸਨ।
ਉਨ੍ਹਾਂ ਨੇ ਖ਼ੁਦ ਰਿਕਾਰਡ ਚੈੱਕ ਕੀਤਾ ਤਾਂ ਪਤਾ ਲੱਗਿਆ ਕਿ ਬੱਸ ਅੱਡੇ ਦੇ ਬਾਹਰ ਸੜਕ ’ਤੇ ਹੀ ਸਵਾਰੀਆਂ ਚੜ੍ਹਾਈਆਂ ਅਤੇ ਉਤਾਰੀਆਂ ਜਾਂਦੀਆਂ ਹਨ ਕਿਉਂਕਿ ਕੋਈ ਵੀ ਬੱਸ ਅੱਡੇ ਵਿੱਚ ਕਾਉਂਟਰ ’ਤੇ ਨਹੀਂ ਜਾਂਦੀ। ਰਿਕਾਰਡ ਮੁਤਾਬਕ ਇੱਥੇ 400 ਬੱਸਾਂ ਆਉਂਦੀਆਂ ਹਨ ਪ੍ਰੰਤੂ ਪਰਚੀਆਂ 250 ਬੱਸਾਂ ਦੀ ਹੀ ਕੱਟੀ ਜਾਂਦੀ ਹੈ। ਦੂਜੀ ਵੱਡੀ ਗੱਲ ਇਹ ਕਿ ਜਿਨ੍ਹਾਂ ਬੱਸਾਂ ਇੱਥੇ ਪਰਚੀ ਕੱਟੀ ਜਾਂਦੀ ਹੈ, ਉਹ ਅੱਡੇ ’ਚੋਂ ਹੋ ਕੇ ਨਹੀਂ ਜਾਂਦੀਆਂ ਸਗੋਂ ਵੇਰਕਾ ਚੌਂਕ ਦੇ ਬਾਹਰ ਹੀ ਸਵਾਰੀਆਂ ਉਤਾਰ ਕੇ ਲੰਘ ਜਾਂਦੀਆਂ ਹਨ। ਇਸ ਦੀ ਵਜ੍ਹਾ ਇਹ ਹੈ ਕਿ ਸੜਕ ਦੇ ਵਿਚਲਾ ਲਾਂਘਾ ਬੰਦ ਕੀਤਾ ਹੋਇਆ ਹੈ।
ਇਸ ਸਬੰਧੀ ਡਿਪਟੀ ਮੇਅਰ ਨੇ ਗਮਾਡਾ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਵੀ ਦਿੱਤਾ ਸੀ। ਇਸ ਲਈ ਜੇਕਰ ਬੱਸ ਚਾਲਕ ਅੱਡੇ ਵਿੱਚ ਆਉਣਾ ਵੀ ਚਾਹੁਣ ਤਾਂ ਉਨ੍ਹਾਂ ਨੂੰ ਦਾਰਾ ਸਟੂਡੀਓ ਵਾਲੇ ਚੌਂਕ ਤੋਂ ਘੁੰਮ ਕੇ ਆਉਣਾ ਪੈਂਦਾ ਹੈ। ਇਸ ਤਰ੍ਹਾਂ ਉਹ ਵੇਰਕਾ ਚੌਂਕ ਦੇ ਬਾਹਰ ਹੀ ਸਵਾਰੀਆਂ ਉਤਾਰ ਦਿੰਦੇ ਹਨ। ਕੁਲਜੀਤ ਬੇਦੀ ਨੇ ਦੱਸਿਆ ਕਿ ਬੱਸ ਅੰਡਾ ਮੁੜ ਪ੍ਰਾਈਵੇਟ ਕੰਪਨੀ ਦੇ ਸਪੁਰਦ ਕੀਤਾ ਗਿਆ ਹੈ, ਇੱਥੇ ਕੰਪਨੀ ਦੇ ਸੁਰੱਖਿਆ ਗਾਰਡ ਹੀ ਪਰਚੀਆਂ ਕੱਟਦੇ ਦਿਖਾਈ ਦਿੰਦੇ ਹਨ। ਉਨ੍ਹਾਂ ਡਾਇਰੈਕਟਰ ਟਰਾਂਸਪੋਰਟ ਨੂੰ ਅਪੀਲ ਕੀਤੀ ਕਿ ਉਹ ਖ਼ੁਦ ਬੱਸ ਅੱਡੇ ਦੀ ਜਾਂਚ ਕਰਨ ਤਾਂ ਜੋ ਉਨ੍ਹਾਂ ਨੂੰ ਸਹੀ ਸਥਿਤੀ ਦਾ ਪਤਾ ਲੱਗ ਸਕੇ ਅਤੇ ਇੱਥੇ ਬੱਸਾਂ ਦਾ ਆਉਣਾ ਅਤੇ ਸਵਾਰੀਆਂ ਨੂੰ ਅੰਦਰ ਉਤਾਰਨਾ-ਚੜ੍ਹਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਬੰਦ ਕੀਤੀ ਸੜਕ ਨੂੰ ਚਾਲੂ ਕਰਨ ਲਈ ਪੰਜਾਬ ਸਰਕਾਰ ਅਤੇ ਗਮਾਡਾ ਨੂੰ ਦਿੱਤੇ ਨੋਟਿਸ ਦਾ ਜਵਾਬ ਨਾ ਦੇਣ ਖ਼ਿਲਾਫ਼ ਉਹ ਜਲਦੀ ਹੀ ਅਦਾਲਤ ਦਾ ਬੂਹਾ ਖੜਕਾਉਣਗੇ।

ਉਧਰ, ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਵੱਲੋਂ ਡਿਪਟੀ ਮੇਅਰ ਨੂੰ ਕਾਨੂੰਨੀ ਨੋਟਿਸ ਦੇ ਭੇਜੇ ਜਵਾਬ ਵਿੱਚ ਦੱਸਿਆ ਕਿ ਵੱਖ-ਵੱਖ ਡਿੱਪੂਆਂ ਦੇ ਜਨਰਲ ਮੈਨੇਜਰਾਂ ਨੂੰ ਪੱਤਰ ਲਿਖ ਕੇ ਸਾਰੀਆਂ ਬੱਸ ਮੁਹਾਲੀ ਅੱਡੇ ਅੰਦਰ ਲਿਜਾਉਣਾ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ ਅਤੇ ਸਵਾਰੀਆਂ ਨੂੰ ਬੱਸ ਅੱਡੇ ਅੰਦਰੋਂ ਚੜ੍ਹਾਉਣ ਅਤੇ ਉਤਾਰਨ ਬਾਰੇ ਕਿਹਾ ਗਿਆ ਹੈ ਤਾਂ ਜੋ ਆਮ ਲੋਕਾਂ ਨੂੰ ਆਵਾਜਾਈ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਮੇਅਰ ਕੁਲਜੀਤ ਬੇਦੀ ਨੇ ਡਾਇਰੈਕਟਰ ਦੀ ਇਸ ਕਾਰਵਾਈ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਬੱਸਾਂ ਦਾ ਅੱਡੇ ਅੰਦਰ ਜਾਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਸਵਾਰੀਆਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…