Nabaz-e-punjab.com

ਮਰੀਜ਼ ਦੀ ਸਿਹਤਯਾਬੀ ਲਈ ਪਰਿਵਾਰਕ ਮੈਂਬਰਾਂ ਦਾ ਜਾਗਰੂਕ ਹੋਣਾ ਅਤਿ ਜ਼ਰੂਰੀ: ਸਿਵਲ ਸਰਜਨ

ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ ‘ਕੇਅਰ ਕੰਪੈਨੀਅਨ ਪ੍ਰੋਗਰਾਮ’ ਦਾ ਲਿਆ ਜਾਇਜ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੁਲਾਈ:
‘ਕੇਅਰ ਕੰਪੈਨੀਅਨ ਪ੍ਰੋਗਰਾਮ’ ਦਾ ਮੁੱਖ ਮੰਤਵ ਮਰੀਜ਼ ਦੀ ਮੁਕੰਮਲ ਤੰਦਰੁਸਤੀ ਅਤੇ ਉਸ ਦੇ ਪਰਿਵਾਰਕ ਜੀਆਂ ਜਾਂ ਸਾਕ-ਸਬੰਧੀਆਂ ਨੂੰ ਮਰੀਜ਼ ਦੀ ਸਹੀ ਦੇਖਭਾਲ ਲਈ ਸਿੱਖਿਅਤ ਕਰਨਾ ਹੈ। ਇੰਝ ਮਰੀਜ਼ ਹਸਪਤਾਲ ਵਿੱਚ ਦਾਖ਼ਲ ਹੋਣ ਦੌਰਾਨ ਅਤੇ ਹਸਪਤਾਲ ’ਚੋਂ ਛੁੱਟੀ ਮਿਲਣ ਉਪਰੰਤ ਛੇਤੀ ਸਿਹਤਯਾਬ ਹੋ ਸਕਦਾ ਹੈ। ਇਹ ਗੱਲ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਅੱਜ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਹਸਪਤਾਲ ਵਿੱਚ ‘ਕੇਅਰ ਕੰਪੈਨੀਅਨ ਪ੍ਰੋਗਰਾਮ’ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਮਗਰੋਂ ਹਸਪਤਾਲ ਵਿੱਚ ਜੇਰੇ ਇਲਾਜ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਜੀਆਂ ਨਾਲ ਗੱਲਬਾਤ ਕਰਦਿਆਂ ਆਖੀ। ਉਨ੍ਹਾਂ ਮੌਕੇ ’ਤੇ ਮੌਜੂਦ ਮੈਡੀਕਲ ਸਟਾਫ਼ ਨੂੰ ਇਸ ਪ੍ਰੋਗਰਾਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਜ਼ਰੂਰੀ ਹਦਾਇਤਾਂ ਵੀ ਦਿੱਤੀਆਂ।
ਸਿਵਲ ਸਰਜਨ ਨੇ ਕਿਹਾ ਕਿ ਇਹ ਪ੍ਰੋਗਰਾਮ ਜ਼ਿਲ੍ਹਾ ਪੱਧਰੀ ਹਸਪਤਾਲ ਦੇ ਮੈਡੀਕਲ ਅਤੇ ਸਰਜੀਕਲ ਵਾਰਡਾਂ ਵਿੱਚ ਦਾਖ਼ਲ ਮਰੀਜ਼ਾਂ ਲਈ ਇਸ ਸਾਲ ਦੇ ਸ਼ੁਰੂ ਵਿੱਚ ਚਾਲੂ ਕੀਤਾ ਗਿਆ ਸੀ। ਜਿਹੜਾ ਇਸ ਵੇਲੇ ਪੂਰੀ ਕਾਮਯਾਬੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਮਰੀਜ਼ ਖ਼ੁਦ ਅਤੇ ਉਸ ਦੇ ਪਰਿਵਾਰਕ ਜੀਅ ਸਾਫ਼-ਸਫ਼ਾਈ, ਦਵਾਈ, ਸਹੀ ਖਾਣ-ਪੀਣ, ਸੁਚੱਜੇ ਸਿਹਤ ਵਿਹਾਰ ਜਿਹੀਆਂ ਛੋਟੀਆਂ-ਛੋਟੀਆਂ ਗੱਲਾਂ ਬਾਰੇ ਜਾਗਰੂਕ ਹੋਣਗੇ ਤਾਂ ਮਰੀਜ਼ ਨੂੰ ਬਹੁਤੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਉਹ ਛੇਤੀ ਠੀਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੇ ਪਰਿਵਾਰਕ ਜੀਆਂ ਜਾਂ ਸਾਕ-ਸਬੰਧੀਆਂ ਲਈ ਲਗਾਤਾਰ ਸਿਖਲਾਈ ਸੈਸ਼ਨ ਕੀਤੇ ਜਾ ਰਹੇ ਹਨ। ਇਸ ਪ੍ਰੋਗਰਾਮ ਦਾ ਮੰਤਵ ਹੈ ਕਿ ਮਰੀਜ਼ ਹਸਪਤਾਲ ’ਚੋਂ ਠੀਕ ਹੋ ਕੇ ਜਾਣ ਅਤੇ ਘਰਾਂ ਵਿਚ ਵੀ ਉਨ੍ਹਾਂ ਦੇ ਪਰਿਵਾਰਕ ਜੀਅ ਮੁਕੰਮਲ ਸਿਹਤਯਾਬੀ ਤਕ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨ। ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਲਾਗ ਜਾਂ ਇਨਫ਼ੈਕਸ਼ਨ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਅਸੀਂ ਨਿੱਜੀ ਸਫ਼ਾਈ ਦੇ ਨਾਲ-ਨਾਲ ਹਸਪਤਾਲ ਦੀ ਸਫ਼ਾਈ ਵਲ ਵੀ ਧਿਆਨ ਦੇ ਕੇ ਲਾਗ ਨੂੰ ਫੈਲਣ ਤੋਂ ਰੋਕ ਸਕਦੇ ਹਾਂ ਅਤੇ ਬਿਮਾਰੀ ਵਿਅਕਤੀ ਦੇ ਠੀਕ ਹੋਣ ਵਿਚ ਮਦਦ ਕਰ ਸਕਦੇ ਹਾਂ।
ਡਾ. ਮਨਜੀਤ ਸਿੰਘ ਨੇ ਕਿਹਾ ਕਿ ਸਾਫ਼-ਸਫ਼ਾਈ ਨਾ ਹੋਣ ’ਤੇ ਜਿੱਥੇ ਮਰੀਜ਼ ਦੀ ਬਿਮਾਰੀ ਵੱਧ ਸਕਦੀ ਹੈ, ਉੱਥੇ ਉਸ ਦੀ ਦੇਖਭਾਲ ਕਰਨ ਵਾਲੇ ਵੀ ਬਿਮਾਰੀ ਦੀ ਲਪੇਟ ਵਿਚ ਆ ਸਕਦੇ ਹਨ। ਹੱਥਾਂ ਦੀ ਸਫ਼ਾਈ ਨਾਲ ਹੀ ਲਾਗ ਤੋਂ ਹੋਣ ਵਾਲੀਆਂ 90 ਫ਼ੀਸਦੀ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੱਥਾਂ ਦੀ ਸਫ਼ਾਈ ਬਹੁਤ ਜ਼ਰੂਰੀ ਹੈ। ਬਿਮਾਰੀ ਵਿਅਕਤੀ ਨੂੰ ਛੂਹਣ ਤੋਂ ਪਹਿਲਾਂ ਅਤੇ ਬਾਅਦ ਵਿਚ ਹੱਥ ਜ਼ਰੂਰ ਧੋਣੇ ਚਾਹੀਦੇ। ਜੇ ਹੱਥਾਂ ਦੇ ਨਹੁੰ ਵਧੇ ਹੋਏ ਹਨ ਤਾਂ ਹੱਥ ਧੋਣ ਦਾ ਕੋਈ ਫਾਇਦਾ ਨਹੀਂ। ਬਿਮਾਰੀ ਵਿਅਕਤੀ ਨੂੰ ਖਾਣਾ ਖਵਾਉਣ ਤੋਂ ਪਹਿਲਾਂ ਹੱਥ ਜ਼ਰੂਰ ਧੋਤੇ ਜਾਣ। ਸਫ਼ਾਈ ਲਈ ਸਾਬਣ, ਤਰਲ ਸਾਬਣ ਵਰਤਿਆ ਜਾ ਸਕਦਾ ਹੈ। ਕੋਸ਼ਿਸ਼ ਇਹ ਹੋਵੇ ਕਿ ਮਰੀਜ਼ ਦੀ ਖ਼ਬਰ-ਸਾਰ ਲੈਣ ਵਾਲਿਆਂ ਨੂੰ ਮਰੀਜ਼ ਦੇ ਕਮਰੇ ਜਾਂ ਵਾਰਡ ਵਿਚ ਨਾ ਜਾਣ ਦਿੱਤਾ ਜਾਵੇ। ਇੰਜ ਲਾਗ ਲੱਗਣ ਦਾ ਡਰ ਹੁੰਦਾ ਹੈ।
ਡਾ. ਮਨਜੀਤ ਸਿੰਘ ਨੇ ਕਿਹਾ ਕਿ ਹਸਪਤਾਲ ਵਿਚ ਬਿਸਤਰੇ ’ਤੇ ਬੈਠ ਕੇ ਨਾ ਖਾਧਾ ਜਾਵੇ। ਹਸਪਤਾਲ ਵਿਚ ਕਿਤੇ ਵੀ ਨਾ ਥੁੱਕਿਆ ਜਾਵੇ। ਜੇ ਮਰੀਜ਼ ਦੇ ਕਿਸੇ ਜ਼ਖ਼ਮ ਦਾ ਇਲਾਜ ਹੋਇਆ ਹੈ ਤਾਂ ਉਸ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾਵੇ। ਜ਼ਖ਼ਮ ’ਤੇ ਵਰਤੀ ਜਾਣ ਵਾਲੀ ਪੱਟੀ ਨੂੰ ਸਾਫ਼ ਅਤੇ ਸੁੱਕਾ ਰਖਿਆ ਜਾਵੇ। ਮਰੀਜ਼ ਦੇ ਘਰ ਜਾਣ ਮਗਰੋਂ ਟਾਂਕਿਆਂ ਨੂੰ ਸਾਫ਼ ਅਤੇ ਸੁੱਕਾ ਰਖਿਆ ਜਾਵੇ। ਡਾਕਟਰ ਦੀ ਸਲਾਹ ਤੋਂ ਬਿਨਾਂ ਤੇਲ ਜਾਂ ਕੋਈ ਹੋਰ ਚੀਜ਼ ਨਾ ਲਗਾਓ। ਅਪਣੀ ਮਰਜ਼ੀ ਨਾਲ ਦਵਾਈ ਬੰਦ ਨਾ ਕਰੋ। ਇਸ ਤੋਂ ਇਲਾਵਾ ਮਰੀਜ਼ ਨੂੰ ਚੰਗੀ ਤੇ ਸਿਹਤਮੰਦ ਖ਼ੁਰਾਕ ਦਿਤੀ ਜਾਵੇ ਅਤੇ ਉਸ ਨੂੰ ਹਲਕੀ-ਫੁਲਕੀ ਕਸਰਤ ਕਰਨ ਲਈ ਵੀ ਕਿਹਾ ਜਾਵੇ। ਇਸ ਮੌਕੇ ਐਸਐਮਓ ਡਾ. ਵਿਜੇ ਭਗਤ, ਸਿਹਤ ਇੰਸਪੈਕਟਰ ਭੁਪਿੰਦਰ ਸਿੰਘ ਸਮੇਤ ਸਟਾਫ਼ ਨਰਸਾਂ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…