ਆਮਦਨ ਤੋਂ ਵੱਧ ਜਾਇਦਾਦ ਮਾਮਲਾ: ਵਿਜੀਲੈਂਸ ਵੱਲੋਂ ਭਾਜਪਾ ਆਗੂ ਬਲਬੀਰ ਸਿੱਧੂ ਤੋਂ 5 ਘੰਟੇ ਪੁੱਛਗਿੱਛ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੂਨ:
ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਮੰਗਲਵਾਰ ਨੂੰ ਤੀਜੀ ਵਾਰ ਮੁਹਾਲੀ ਦੇ ਸੈਕਟਰ-68 ਸਥਿਤ ਵਿਜੀਲੈਂਸ ਬਿਊਰੋ ਦੇ ਮੁੱਖ ਦਫ਼ਤਰ ਵਿੱਚ ਜਾਂਚ ਟੀਮ ਅੱਗੇ ਪੇਸ਼ ਹੋਏ। ਇਸ ਦੌਰਾਨ ਵਿਜੀਲੈਂਸ ਦੀ ਜਾਂਚ ਟੀਮ ਨੇ ਭਾਜਪਾ ਆਗੂ ਕੋਲੋਂ ਲਗਪਗ 5 ਘੰਟੇ ਤੱਕ ਪੁੱਛ ਪੜਤਾਲ ਕੀਤੀ। ਸਿੱਧੂ ਪਹਿਲਾਂ ਹੀ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਜਾਇਦਾਦ ਅਤੇ ਕਾਰੋਬਾਰ ਸਬੰਧੀ ਸਾਰਾ ਰਿਕਾਰਡ ਵਿਜੀਲੈਂਸ ਨੂੰ ਸੌਂਪ ਚੁੱਕੇ ਹਨ।
ਬਲਬੀਰ ਸਿੱਧੂ ’ਤੇ ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ ਹੁੰਦੇ ਮੁਹਾਲੀ, ਰੂਪਨਗਰ, ਬਰਨਾਲਾ ਅਤੇ ਬਠਿੰਡਾ ਜ਼ਿਲ੍ਹਿਆਂ ਸਣੇ ਚੰਡੀਗੜ੍ਹ ਵਿੱਚ ਆਮਦਨ ਤੋਂ ਵੱਧ ਬਹੁ-ਕਰੋੜੀ ਜਾਇਦਾਦਾਂ ਬਣਾਉਣ ਦਾ ਦੋਸ਼ ਹੈ। ਪੰਜਾਬ ਵਿੱਚ ਸਤਾ ਪਰਿਵਰਤਨ ਤੋਂ ਬਾਅਦ ਸਿੱਧੂ ਭਰਾ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸੀ। ਸਰਕਾਰ ਸਿੱਧੂ ਦੇ ਛੋਟੇ ਭਰਾ ਅਤੇ ਪੰਜਾਬ ਵਿੱਚ ਭਾਜਪਾ ਦੇ ਇਕਲੌਤੇ ਮੇਅਰ ਜੀਤੀ ਸਿੱਧੂ ਦੇ ਪੈਰਾਂ ਵਿੱਚ ਵੀ ਕਾਨੂੰਨ ਦੀਆਂ ਬੇੜੀਆਂ ਪਾਉਣ ਦੀ ਤਾਕ ਵਿੱਚ ਹੈ। ਮੇਅਰ ਖ਼ਿਲਾਫ਼ ਵੱਖਰੇ ਤੌਰ ’ਤੇ ਜਾਂਚ ਚੱਲ ਰਹੀ ਹੈ। ਸਰਕਾਰ ਨੇ ਸਿੱਧੂ ਭਰਾਵਾਂ ਖ਼ਿਲਾਫ਼ ਨਵੰਬਰ 2022 ਵਿੱਚ ਹੀ ਉੱਚ ਪੱਧਰੀ ਜਾਂਚ ਨੂੰ ਹਰੀ ਝੰਡੀ ਦੇ ਦਿੱਤੀ ਸੀ। ਵਿਜੀਲੈਂਸ ਅਨੁਸਾਰ ਸਿੱਧੂ ਭਰਾਵਾਂ ਨੇ ਸਿਆਸੀ ਰਸੂਖ਼ ਦੀ ਕਥਿਤ ਦੁਰਵਰਤੋਂ ਕਰਕੇ ਮੁਹਾਲੀ ਸਮੇਤ ਦੂਜੇ ਜ਼ਿਲ੍ਹਿਆਂ ਵਿੱਚ ਜਾਇਦਾਦਾਂ ਬਣਾਈਆਂ ਹਨ। ਵਿਜੀਲੈਂਸ ਟੀਮ ਨੇ ਅੱਜ ਮੁੜ ਉਕਤ ਸਾਰੇ ਤੱਥਾਂ ਬਾਰੇ ਸਿੱਧੂ ਤੋਂ ਪੁੱਛਗਿੱਛ ਕੀਤੀ। ਬੀਤੀ 21 ਅਪਰੈਲ ਨੂੰ ਵੀ ਵਿਜੀਲੈਂਸ ਨੇ ਸਿੱਧੂ ਤੋਂ ਕਰੀਬ 8 ਘੰਟੇ ਅਤੇ ਬੀਤੀ 5 ਜੂਨ ਨੂੰ ਵੀ ਕਰੀਬ 5 ਘੰਟੇ ਤੱਕ ਲੰਮੀ ਪੁੱਛਗਿੱਛ ਕੀਤੀ ਸੀ।
ਜਾਂਚ ਤੋਂ ਬਾਅਦ ਵਿਜੀਲੈਂਸ ਭਵਨ ਤੋਂ ਬਾਹਰ ਆਉਣ ਸਮੇਂ ਮੀਡੀਆ ਨਾਲ ਗੱਲਬਾਤ ਕਰਦਿਆਂ ਬਲਬੀਰ ਸਿੱਧੂ ਨੇ ਦੱਸਿਆ ਕਿ ਵਿਜੀਲੈਂਸ ਦੀ ਜਾਂਚ ਟੀਮ ਨੇ ਉਸ ਤੋਂ ਉਨ੍ਹਾਂ ਦੀਆਂ ਫਰਮਾਂ, ਜ਼ਮੀਨ ਜਾਇਦਾਦ, ਬੈਂਕਾਂ ਦੇ ਲੈਣ-ਦੇਣ ਅਤੇ ਹੋਰ ਸਬੰਧਤ ਦਸਤਾਵੇਜ ਮੰਗੇ ਗਏ ਸਨ ਅਤੇ ਅੱਜ ਉਹ ਵਿਜੀਲੈਂਸ ਨੂੰ ਇਹ ਦਸਤਾਵੇਜ਼ ਦੇ ਕੇ ਆਏ ਹਨ। ਜਿਸ ਦੀ ਵਿਜੀਲੈਂਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਸਿੱਧੂ ਨੇ ਕਿਹਾ ਕਿ ਉਸ ਦੀ ਜਾਇਦਾਦ ਤੇ ਕਾਰੋਬਾਰ ਸਬੰਧੀ ਸਾਰਾ ਕੁੱਝ ਰਿਕਾਰਡ ’ਤੇ ਹੈ। ਉਹ 6 ਵਾਰ ਚੋਣ ਲੜ ਚੁੱਕੇ ਹਨ ਅਤੇ ਚੋਣਾਂ ਦੌਰਾਨ ਉਸ ਵੱਲੋਂ ਰਿਟਰਨਿੰਗ ਅਫ਼ਸਰ ਨੂੰ ਦਿੱਤੇ ਤਸਦੀਕਸ਼ੁਦਾ ਹਲਫ਼ਨਾਮੇ ਵਿੱਚ ਆਪਣੀ ਆਮਦਨ ਅਤੇ ਜਾਇਦਾਦ ਦਾ ਪੂਰਾ ਵੇਰਵਾ ਦਿੱਤਾ ਜਾਂਦਾ ਰਿਹਾ ਹੈ। ਵਿਜੀਲੈਂਸ ਜਦੋਂ ਮਰਜ਼ੀ ਚਾਹੇ ਸਬੰਧਤ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਪੜਤਾਲ ਕਰ ਸਕਦੀ ਹੈ ਕਿਉਂਕਿ ਉਨ੍ਹਾਂ ਹਲਫ਼ਨਾਮੇ ਵਿੱਚ ਕੋਈ ਵੀ ਗੱਲ ਲੁਕਾ ਛੁਪਾ ਕੇ ਨਹੀਂ ਰੱਖੀ ਗਈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਆਮ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੀ ਥਾਂ ਲੋਕਾਂ ਦਾ ਧਿਆਨ ਭਟਕਾਉਣ ਲਈ ਵਿਜੀਲੈਂਸ ਦਾ ਸਹਾਰਾ ਲੈ ਕੇ ਵਿਰੋਧੀਆਂ ਨੂੰ ਬਦਨਾਮ ਅਤੇ ਬਿਨਾਂ ਵਜ੍ਹਾਂ ਤੰਗ ਪ੍ਰੇਸ਼ਾਨ ਕਰ ਰਹੀ ਹੈ। ਵਿਜੀਲੈਂਸ ਵੱਲੋਂ ਕਈ ਕਈ ਘੰਟੇ ਬਿਠਾ ਕੇ ਪੁੱਛਗਿੱਛ ਦੇ ਨਾਂ ’ਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਇਹ ਸਾਰਾ ਕੁੱਝ ਸਿਆਸਤ ਤੋਂ ਪ੍ਰੇਰਿਤ ਹੈ। ਸ੍ਰੀ ਸਿੱਧੂ ਨੇ ਆਪਣੀ ਜਾਇਦਾਦਾਂ ਅਤੇ ਕਾਰੋਬਾਰ ਦੇ ਵੇਰਵੇ ਦਿੰਦਿਆਂ ਕਿਹਾ ਕਿ ਉਹ ਕਾਫ਼ੀ ਸਮੇਂ ਤੋਂ ਖੇਤੀਬਾੜੀ ਅਤੇ ਹੋਰ ਗੈਸ ਸਪਲਾਈ ਦਾ ਕਾਰੋਬਾਰ ਕਰਦੇ ਆ ਰਹੇ ਹਨ। ਮੁਹਾਲੀ ਤੇ ਕੁਰਾਲੀ ਵਿੱਚ ਉਸ ਦੀਆਂ ਦੋ ਗੈਸ ਏਜੰਸੀਆਂ ਹਨ ਅਤੇ ਲਾਂਡਰਾਂ-ਸਰਹਿੰਦ ਰੋਡ ’ਤੇ ਮੈਰੇਜ ਪੈਲੇਸ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਸੱਚ ਲੋਕਾਂ ਦੇ ਸਾਹਮਣੇ ਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਹਫ਼ਤਾ ਮਨਾਇਆ

ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਹਫ਼ਤਾ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 13 ਮਈ…