nabaz-e-punjab.com

ਅਸ਼ਟਾਮ ਫਰੋਸ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਮਹਿਲਾ ਖ਼ਿਲਾਫ਼ ਕੇਸ ਦਰਜ

ਸਰਕਾਰੀ ਹਸਪਤਾਲ ਵਿੱਚ ਮੈਡੀਕਲ ਬੋਰਡ ਵੱਲੋਂ ਅੱਜ ਕੀਤਾ ਜਾਵੇਗਾ ਪੋਸਟ ਮਾਰਟਮ

ਨਬਜ਼-ਏ-ਪੰਜਾਬ, ਮੁਹਾਲੀ, 5 ਮਈ:
ਮੁਹਾਲੀ ਤਹਿਸੀਲ ਵਿੱਚ ਅਸ਼ਟਾਮ ਫਰੋਸ ਦਾ ਕੰਮ ਵਾਲੇ ਨਵਚੇਤਨ ਸਿੰਘ ਰਾਣਾ (60) ਨੇ ਖ਼ੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਕੋਲੋਂ ਮਿਲੇ ਖ਼ੁਦਕੁਸ਼ੀ ਨੋਟ ਨੂੰ ਆਧਾਰ ਬਣਾ ਕੇ ਪੁਲੀਸ ਨੇ ਇਸ ਸਬੰਧੀ ਸੋਹਾਣਾ ਥਾਣੇ ਵਿੱਚ ਇੱਕ ਮਹਿਲਾ ਖ਼ਿਲਾਫ਼ ਧਾਰਾ 306 ਅਧੀਨ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਣਾ ਕੋਲੋਂ ਮਿਲੇ ਖ਼ੁਦਕੁਸ਼ੀ ਨੋਟ ਵਿੱਚ ਇੱਕ ਮਹਿਲਾ ਦਾ ਜ਼ਿਕਰ ਕੀਤਾ ਗਿਆ ਹੈ। ਜਿਸ ਵਿੱਚ ਰਾਣਾ ਨੇ ਲਿਖਿਆ ਹੈ ਕਿ ਇਸ ਮਹਿਲਾ ਕਰਕੇ ਆਤਮ ਹੱਤਿਆ ਕਰ ਰਿਹਾ ਹੈ। ਇਸ ਗੱਲ ਦੀ ਪੁਸ਼ਟੀ ਸੋਹਾਣਾ ਥਾਣੇ ਦੇ ਐਸਐਚਓ ਇੰਸਪੈਕਟਰ ਸਿਮਰਨ ਸਿੰਘ ਨੇ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਨਵਚੇਤਨ ਸਿੰਘ ਰਾਣਾ ਮੁਹਾਲੀ ਵਿੱਚ ਅਸ਼ਟਾਮ ਫਰੋਸ ਦਾ ਕੰਮ ਕਰਦਾ ਹੈ। ਅੱਜ ਸਵੇਰੇ ਕਰੀਬ 9 ਵਜੇ ਘਰੋਂ ਨਾਸ਼ਤਾ ਕਰਨ ਤੋਂ ਬਾਅਦ ਰੋਜ਼ਾਨਾ ਵਾਂਗ ਸੈਕਟਰ-77 ਸਥਿਤ ਆਪਣੇ ਦਫ਼ਤਰ (ਸਾਹਮਣੇ ਗੁਰਦੁਆਰਾ ਅਕਾਲ ਆਸ਼ਰਮ ਸੋਹਾਣਾ) ਆਇਆ ਸੀ ਅਤੇ ਦੋ ਕੁ ਘੰਟਿਆਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਪੁਲੀਸ ਨੂੰ ਸੂਚਨਾ ਮਿਲੀ ਕਿ ਨਵਚੇਤਨ ਰਾਣਾ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ।
ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਅਤੇ ਹੋਰ ਜਾਣਕਾਰ ਮੌਕੇ ’ਤੇ ਪਹੁੰਚ ਗਏ। ਇਸੇ ਦੌਰਾਨ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਅਤੇ ਸੋਹਾਣਾ ਥਾਣੇ ਦੇ ਐਸਐਚਓ ਇੰਸਪੈਕਟਰ ਸਿਮਰਨ ਸਿੰਘ ਵੀ ਪੁਲੀਸ ਫੋਰਸ ਨਾਲ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ।
ਡੀਐਸਪੀ ਬੱਲ ਨੇ ਦੱਸਿਆ ਕਿ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਸ਼ਹਿਰ ਵਿੱਚ ਅਸ਼ਟਾਮ ਫਰੋਸ ਦਾ ਕੰਮ ਕਰਨ ਵਾਲੇ ਨਵਚੇਤਨ ਸਿੰਘ ਰਾਣਾ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਮੁੱਢਲੀ ਜਾਂਚ ਪਾਇਆ ਗਿਆ ਕਿ ਦਫ਼ਤਰ ਵਿੱਚ ਨਵਚੇਤਨ ਰਾਣਾ ਆਪਣੀ ਕੁਰਸੀ ’ਤੇ ਮ੍ਰਿਤਕ ਮਿਲਿਆ। ਉਸ ਦੇ ਗੋਲੀ ਲੱਗੀ ਹੋਈ ਸੀ ਅਤੇ ਉਹ ਖੂਨ ਨਾਲ ਲੱਥਪੱਥ ਸੀ। ਵਾਰਦਾਤ ਵਾਲੀ ਥਾਂ ਉੱਤੇ ਪੁਲੀਸ ਨੇ ਇੱਕ ਰਿਵਾਲਵਰ ਬਰਾਮਦ ਕੀਤਾ ਹੈ, ਜੋ ਫਰਸ਼ ’ਤੇ ਰਾਣਾ ਦੇ ਪੈਰਾਂ ਵਿੱਚ ਡਿੱਗਿਆ ਹੋਇਆ ਸੀ।
ਡੀਐਸਪੀ ਬੱਲ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਇਹ ਖ਼ੁਦਕੁਸ਼ੀ ਦਾ ਮਾਮਲਾ ਜਾਪਦਾ ਹੈ ਲੇਕਿਨ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਸ ਹਾਦਸੇ ਦੀ ਤੈਅ ਤੱਕ ਜਾਣ ਲਈ ਪੁਲੀਸ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਜਾਂਚ ਪੜਤਾਲ ਕਰ ਰਹੀ ਹੈ। ਪੁਲੀਸ ਨੇ ਰਾਣਾ ਦੇ ਪਰਿਵਾਰਕ ਮੈਂਬਰਾਂ ਦੇ ਵੀ ਬਿਆਨ ਦਰਜ ਕੀਤੇ ਹਨ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਚੈੱਕ ਕੀਤੀਆਂ ਜਾ ਰਹੀਆਂ ਹਨ। ਪੁਲੀਸ ਵੱਲੋਂ ਫੋਰੈਂਸਿਕ ਟੀਮ ਨੂੰ ਵੀ ਮੌਕੇ ’ਤੇ ਸੱਦਿਆ ਗਿਆ ਅਤੇ ਰਿਵਾਲਵਰ ਬਾਰੇ ਵੀ ਪੜਤਾਲ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮ ਨੇ ਵੀ ਘਟਨਾ ਸਥਾਨ ਤੋਂ ਕਈ ਸੈਂਪਲ ਲਏ ਹਨ। ਜਿਨ੍ਹਾਂ ਨੂੰ ਜਾਂਚ ਲਈ ਭੇਜਿਆ ਗਿਆ ਹੈ।
ਸੋਹਾਣਾ ਥਾਣੇ ਦੇ ਐਸਐਚਓ ਇੰਸਪੈਕਟਰ ਸਿਮਰਨ ਸਿੰਘ ਨੇ ਦੱਸਿਆ ਕਿ ਭਲਕੇ 6 ਮਈ ਨੂੰ ਮੁਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਬੋਰਡ ਵੱਲੋਂ ਲਾਸ਼ ਦਾ ਪੋਸਟ ਮਾਰਟਮ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…