Nabaz-e-punjab.com

ਤੰਬਾਕੂ ਵਿਰੋਧੀ ਮੁਹਿੰਮ: 18 ਮਹੀਨਿਆਂ ਵਿੱਚ 1461 ਚਾਲਾਨ, ਲੋਕਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੁਲਾਈ:
ਤੰਬਾਕੂ ਰੋਕਥਾਮ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਜ਼ਿਲ੍ਹਾ ਸਿਹਤ ਵਿਭਾਗ ਨੇ ਪਿਛਲੇ 18 ਮਹੀਨਿਆਂ ਦੌਰਾਨ 1461 ਚਾਲਾਨ ਕੀਤੇ ਹਨ ਅਤੇ 1ਨੱਖ 97 ਹਜ਼ਾਰ 540 ਰੁਪਏ ਜੁਰਮਾਨੇ ਵਜੋਂ ਇਕੱਠੇ ਕੀਤੇ ਹਨ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸਿਗਰਟ ਅਤੇ ਹੋਰ ਤੰਬਾਕੂ ਪਦਾਰਥ ਰੋਕਥਾਮ ਕਾਨੂੰਨ (ਕੋਟਪਾ) ਦੀਆਂ ਵੱਖ-ਵੱਖ ਧਾਰਾਵਾਂ ਹੇਠ ਜਨਵਰੀ 2018 ਤੋਂ ਜੂਨ 2019 ਤੱਕ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਸਿਹਤ ਵਿਭਾਗ ਦਾ ਜ਼ਿਲ੍ਹਾ ਤੰਬਾਕੂ ਵਿਰੋਧੀ ਸੈੱਲ ਜਿਥੇ ਚਾਲਾਨ ਅਤੇ ਜੁਰਮਾਨੇ ਦੀ ਕਾਰਵਾਈ ਕਰ ਰਿਹਾ ਹੈ, ਉੱਥੇ ਨਾਲੋ-ਨਾਲ ਲੋਕਾਂ ਨੂੰ ਤੰਬਾਕੂ ਦੀ ਵਰਤੋਂ ਦੇ ਨੁਕਸਾਨਾਂ ਅਤੇ ਤੰਬਾਕੂ ਵਿਰੋਧੀ ਕਾਨੂੰਨ ਬਾਰੇ ਵੀ ਜਾਗਰੂਕ ਕਰ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਜ਼ਿਲ੍ਹੇ ਵਿਚ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਕਰਨ ਵਾਲਿਆਂ, ਕੋਟਪਾ ਦੀ ਉਲੰਘਣਾ ਕਰਦਿਆਂ ਤੰਬਾਕੂ ਪਦਾਰਥ ਵੇਚਣ ਵਾਲੇ ਦੁਕਾਨਦਾਰਾਂ ਤੇ ਰੇਹੜੀ-ਫੜੀ ਵਾਲਿਆਂ ਵਿਰੁਧ ਕੀਤੀ ਗਈ ਹੈ। ਅਚਨਚੇਤ ਮਾਰੇ ਗਏ ਛਾਪਿਆਂ ਦੌਰਾਨ ਵੇਖਿਆ ਗਿਆ ਕਿ ਕਈ ਕਰਿਆਨਾ ਦੁਕਾਨਾਂ ’ਤੇ ਤੰਬਾਕੂ ਪਦਾਰਥ ਵੇਚੇ ਜਾ ਰਹੇ ਸਨ ਜੋ ਕਾਨੂੰਨ ਦੀ ਉਲੰਘਣਾ ਹੈ। ਇਸ ਤੋਂ ਇਲਾਵਾ ਕੁੱਝ ਥਾਈਂ ਚੇਤਾਵਨੀ ਰਹਿਤ ਇੰਪੋਰਟਡ ਸਿਗਰਟਾਂ, ਖ਼ੁਸ਼ਬੂਦਾਰ ਤੰਬਾਕੂ ਪਦਾਰਥ ਅਤੇ ਖੁਲ੍ਹੀਆਂ ਸਿਗਰਟਾਂ ਵੇਚੀਆਂ ਜਾ ਰਹੀਆਂ ਸਨ। ਭਾਰੀ ਮਾਤਰਾ ਵਿਚ ਪਾਬੰਦੀਸ਼ੁਦਾ ਤੰਬਾਕੂ ਪਦਾਰਥਾਂ ਨੂੰ ਮੌਕੇ ’ਤੇ ਹੀ ਨਸ਼ਟ ਕੀਤਾ ਗਿਆ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਵੀ ਵੱਖ-ਵੱਖ ਮੈਚਾਂ ਦੌਰਾਨ ਜਨਤਕ ਥਾਂ ’ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਵਿਰੁਧ ਕਾਰਵਾਈ ਕੀਤੀ ਗਈ। ਇਹ ਛਾਪੇ ਲੀਗਲ ਮੈਟਰੋਲੋਜੀ ਅਤੇ ਪੁਲਿਸ ਵਿਭਾਗਾਂ ਦੇ ਸਹਿਯੋਗ ਨਾਲ ਮਾਰੇ ਗਏ। ਸਿਵਲ ਸਰਜਨ ਨੇ ਦਸਿਆ ਕਿ ਸਿਹਤ ਵਿਭਾਗ ਦੇ ਯਤਨਾਂ ਸਦਕਾ ਜ਼ਿਲ੍ਹੇ ਵਿਚ 13 ਪਿੰਡ ‘ਤੰਬਾਕੂ ਮੁਕਤ’ ਐਲਾਨੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਆਪੋ-ਅਪਣੇ ਪੱਧਰ ’ਤੇ ਮਤੇ ਪਾਸ ਕਰਕੇ ਤੰਬਾਕੂ ਰੋਕਥਾਮ ਦੀ ਦਿਸ਼ਾ ਵਿਚ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਹੁਣ ਇਨ੍ਹਾਂ ਪਿੰਡਾਂ ਵਿਚ ਤੰਬਾਕੂ ਦੀ ਵਿਕਰੀ ’ਤੇ ਮੁਕੰਮਲ ਰੋਕ ਹੈ। ਜ਼ਿਲ੍ਹਾ ਤੰਬਾਕੂ ਸੈੱਲ ਦੇ ਨੋਡਲ ਅਫ਼ਸਰ ਡਾ. ਆਰ.ਪੀ. ਸਿੰਘ ਨੇ ਦਸਿਆ ਕਿ ਜ਼ਿਲ੍ਹੇ ਦੇ ਤਿੰਨੇ ਸਿਹਤ ਬਲਾਕਾਂ ਘੜੂੰਆਂ, ਬੂਥਗੜ੍ਹ ਅਤੇ ਡੇਰਾਬੱਸੀ ਵਿਚ ਚਾਲਾਨ ਅਤੇ ਜੁਰਮਾਨੇ ਦੀ ਕਾਰਵਾਈ ਤੋਂ ਇਲਾਵਾ ਜਾਗਰੂਕਤਾ ਗਤੀਵਿਧੀਆਂ ਵੀ ਨਾਲੋ-ਨਾਲ ਚੱਲ ਰਹੀਆਂ ਹਨ। ਇਸ ਸਾਲ ਮਈ ਮਹੀਨੇ ਨੂੰ ਤੰਬਾਕੂ ਵਿਰੋਧੀ ਮਹੀਨੇ ਵਜੋਂ ਮਨਾਇਆ ਗਿਆ ਜਿਸ ਦੌਰਾਨ ਜ਼ਿਲ੍ਹੇ ਦੇ 55 ਸਕੂਲਾਂ ਤੇ ਕਾਲਜਾਂ ਵਿਚ ਸੈਮੀਨਾਰ, ਸਵਾਲ-ਜਵਾਬ ਮੁਕਾਬਲੇ, ਰੈਲੀਆਂ ਅਤੇ ਡਰਾਇੰਗ ਮੁਕਾਬਲੇ ਕਰਵਾਏ ਗਏ। ਤੰਬਾਕੂ ਵਿਰੋਧੀ ਟੀਮਾਂ ਨੇ ਚੌਕਾਂ, ਬਾਜ਼ਾਰਾਂ ਅਤੇ ਫੈਕਟਰੀਆਂ ਵਿੱਚ ਜਾ ਕੇ ਲੋਕਾਂ ਖ਼ਾਸਕਰ ਪ੍ਰਵਾਸੀ ਮਜ਼ਦੂਰਾਂ ਨੂੰ ਤੰਬਾਕੂ ਦੇ ਨੁਕਸਾਨਾਂ ਬਾਰੇ ਜਾਣਕਾਰੀ ਦਿਤੀ ਅਤੇ ਇਸ ਬੁਰੀ ਆਦਤ ਨੂੰ ਹਮੇਸ਼ਾ ਵਾਸਤੇ ਤਿਆਗਣ ਲਈ ਪ੍ਰੇਰਿਆ।
ਉਨ੍ਹਾਂ ਦੱਸਿਆ ਕਿ ਮੁਹਾਲੀ ਦੇ ਸੈਕਟਰ-66 ਦੇ ਨਸ਼ਾ-ਛੁਡਾਊ ਕੇਂਦਰ ਅਤੇ ਜ਼ਿਲ੍ਹਾ ਹਸਪਤਾਲ ਵਿੱਚ ਤੰਬਾਕੂ ਰੋਕਥਾਮ ਕੇਂਦਰ ਸਫ਼ਲਤਾ ਨਾਲ ਚੱਲ ਰਹੇ ਹਨ ਜਿੱਥੇ ਤੰਬਾਕੂ ਛੱਡਣ ਦਾ ਚਾਹਵਾਨ ਕੋਈ ਵੀ ਵਿਅਕਤੀ ਜਾ ਕੇ ਅਪਣਾ ਇਲਾਜ ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਕਿਸੇ ਵੀ ਸਰਕਾਰੀ ਸਿਹਤ ਸੰਸਥਾ ਵਿਚ ਜਾ ਕੇ ਡਾਕਟਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਸਕੂਲ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਜੇ ਸਕੂਲ ਦੀ ਬਾਹਰੀ ਕੰਧ ਦੇ 10 ਗਜ਼ ਦੇ ਘੇਰੇ ਵਿੱਚ ਤੰਬਾਕੂ ਵੇਚਣ ਵਾਲੀ ਦੁਕਾਨ ਹੈ ਤਾਂ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਕਿਉਂਕਿ ਕਾਨੂੰਨ ਮੁਤਾਬਕ ਸਕੂਲ ਲਾਗੇ ਤੰਬਾਕੂ ਪਦਾਰਥ ਨਹੀਂ ਵੇਚੇ ਜਾ ਸਕਦੇ। ਉਨ੍ਹਾਂ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਕਾਨੂੰਨ ਦੇ ਘੇਰੇ ਵਿਚ ਰਹਿ ਕੇ ਤੰਬਾਕੂ ਪਦਾਰਥਾਂ ਦੀ ਵਿਕਰੀ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਤੰਬਾਕੂ ਵਿਰੋਧੀ ਮੁਹਿੰਮ ਪਹਿਲਾਂ ਵਾਂਗ ਜਾਰੀ ਰਹੇਗੀ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…