nabaz-e-punjab.com

ਪੈਨਸ਼ਨਰ ਬਾਬਿਆਂ ਵੱਲੋਂ ਮੁਲਾਜ਼ਮ ਵਰਗ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੁਲਾਈ:
ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਨੇ ਮੁਲਾਜ਼ਮ ਵਰਗ ਵੱਲੋਂ ਆਪਣੀ ਹੱਕੀ ਮੰਗਾਂ ਦੇ ਸਬੰਧੀ ਵਿੱਚ 1 ਅਤੇ 2 ਅਗਸਤ ਨੂੰ ਡਾਇਰੈਕਟੋਰੇਟ ਅਤੇ ਸਮੂਹ ਡੀਸੀ ਦਫ਼ਤਰਾਂ ਸਾਹਮਣੇ ਰੋਸ ਰੈਲੀਆਂ ਦੇ ਰੂਪ ਵਿੱਚ ਵਿੱਢੇ ਜਾ ਰਹੇ ਸੰਘਰਸ਼ ਦੀ ਹਮਾਇਤ ਕਰਦਿਆਂ ਵੱਡੀ ਗਿਣਤੀ ਵਿੱਚ ਪੈਨਸ਼ਨਰ ਬਾਬਿਆਂ ਨੇ ਸ਼ਮੂਲੀਅਤ ਕਰਨ ਦਾ ਫੈਸਲਾ ਲਿਆ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਦੇ ਚੇਅਰਮੈਨ ਮਹਿੰਦਰ ਸਿੰਘ ਪਰਵਾਨਾ, ਪ੍ਰਧਾਨ ਬਖ਼ਸ਼ੀਸ਼ ਸਿੰਘ ਬਰਨਾਲਾ ਅਤੇ ਜਨਰਲ ਸਕੱਤਰ ਕਰਮ ਸਿੰਘ ਧਨੋਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਵੱਖ ਵੱਖ ਮੁਲਾਜ਼ਮਾਂ ਅਤੇ ਸੇਵਾਮੁਕਤ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਪ੍ਰਤੀ ਵਾਅਦਾਖ਼ਿਲਾਫ਼ੀ/ਬੇਰੁਖ਼ੀ ਵਾਲਾ ਰਵੱਈਆ ਅਪਣਾਇਆ ਜਾ ਰਿਹਾ ਹੈ ਅਤੇ ਮੁਲਾਜ਼ਮਾਂ ਨੂੰ ਮੰਗਾਂ ਮੰਨਣ ਲਈ ਝੂਠੇ ਲਾਰੇ ਲਾਏ ਜਾ ਰਹੇ ਹਨ। ਜਿਸ ਕਾਰਨ ਮੁਲਾਜ਼ਮ ਵਰਗ ਵਿੱਚ ਸੂਬਾ ਸਰਕਾਰ ਪ੍ਰਤੀ ਭਾਰੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਇਸ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕੋਈ ਵਿੱਤੀ ਲਾਭ ਤਾਂ ਕੀ ਦੇਣਾ ਸੀ, ਸਗੋਂ ਪਹਿਲਾਂ ਮਿਲਦੀਆਂ ਸਹੂਲਤਾਂ ਨੂੰ ਵੀ ਖੋਰਾ ਲਾਇਆ ਜਾ ਰਿਹਾ ਹੈ। 66 ਮਹੀਨਿਆਂ ਦੇ ਬਕਾਏ ਬਾਰੇ ਬਿਲਕੁਲ ਚੁੱਪ ਧਾਰੀ ਹੋਈ ਹੈ। ਜਨਵਰੀ 2018 ਅਤੇ ਜੁਲਾਈ 2018 ਅਤੇ ਜਨਵਰੀ 2019 ਦੀਆਂ ਡੀਏ ਦੀਆਂ ਕਿਸ਼ਤਾਂ ਬਾਰੇ ਵੀ ਸਾਜ਼ਿਸ਼ ਰਚੀ ਜਾ ਰਹੀ ਹੈ। ਤਨਖ਼ਾਹ ਕਮਿਸ਼ਨ ਕਿਤੇ ਦੂਰ ਦੂਰ ਤੱਕ ਨਜ਼ਰ ਨਹੀਂ ਆ ਰਿਹਾ।
ਉਨ੍ਹਾਂ ਕਿਹਾ ਕਿ 25 ਮਈ 2018 ਨੂੰ ਪੈਨਸ਼ਨਰਾਂ ਵੱਲੋਂ ਸ਼ਾਹਕੋਟ ਦੀ ਜ਼ਿਮਨੀ ਚੋਣ ਸਮੇਂ ਕੀਤੀ ਜਾਣ ਵਾਲੀ ਰਾਜ ਪੱਧਰੀ ਰੈਲੀ ਤੋਂ ਇਕ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਭਵਨ ਵਿੱਚ ਕੀਤੀ ਮੀਟਿੰਗ ਦੌਰਾਨ ਜੋ ਵਾਅਦੇ ਕੀਤੇ ਸਨ। ਉਹ ਅਫ਼ਸਰਸ਼ਾਹੀ ਦੇ ਦਬਾਅ ਕਾਰਨ ਮੁੱਕਰ ਗਏ ਹਨ ਅਤੇ ਅਗਲੀ ਮੀਟਿੰਗ ਲਈ ਵੀ ਕੋਈ ਢੁਕਵਾਂ ਸਮਾਂ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ, ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂਟੀ ਅਤੇ ਪੰਜਾਬ ਸਿਵਲ ਸਕੱਤਰੇਤ ਮੁਲਾਜ਼ਮ ਸਾਂਝੀ ਐਕਸ਼ਨ ਕਮੇਟੀ ਵੱਲੋਂ ਮੁਲਾਜ਼ਮਾਂ ਦੀਆਂ ਸਾਂਝੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ 1 ਅਤੇ 2 ਅਗਸਤ ਨੂੰ ਡਾਇਰੈਕਟੋਰੇਟਾਂ ਅਤੇ ਡੀਸੀ ਦਫ਼ਤਰਾਂ ਸਾਹਮਣੇ ਰੋਸ ਰੈਲੀਆਂ ਦੇ ਰੂਪ ਵਿੱਚ ਸੰਘਰਸ਼ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਵਿੱਚ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਵੱਧ ਚੜ੍ਹ ਕੇ ਸ਼ਮੂਲੀਅਤ ਕਰੇਗੀ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…