Share on Facebook Share on Twitter Share on Google+ Share on Pinterest Share on Linkedin ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨਹੀਂ ਰਹੇ, ਫੋਰਟਿਸ ਹਸਪਤਾਲ ’ਚ ਲਏ ਆਖ਼ਰੀ ਸਾਹ ਨਬਜ਼-ਏ-ਪੰਜਾਬ, ਮੁਹਾਲੀ, 28 ਮਈ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ (89) ਅੱਜ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਉਹ ਮੁਹਾਲੀ ਦੇ ਫੋਰਟਿਸ ਹਸਪਤਾਲ ਦਾਖ਼ਲ ਵਿੱਚ ਜੇਰੇ ਇਲਾਜ ਸਨ ਅਤੇ ਬੁੱਧਵਾਰ ਸ਼ਾਮ ਕਰੀਬ 5 ਵਜੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਮਿਲੀ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਢੀਂਡਸਾ ਦੀ ਪਰਸੋਂ ਅਚਾਨਕ ਦੁਬਾਰਾ ਤਬੀਅਤ ਵਿਗੜ ਗਈ ਅਤੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਇੱਥੇ ਫੋਰਟਿਸ ਹਸਪਤਾਲ ਵਿੱਚ ਲਿਆਂਦਾ ਗਿਆ। ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਅਕਾਲੀ ਆਗੂ ਨੂੰ ਆਈਸੀਯੂ ਵਾਰਡ ਵਿੱਚ ਦਾਖ਼ਲ ਕਰ ਲਿਆ ਅਤੇ ਇਲਾਜ ਸ਼ੁਰੂ ਕੀਤਾ ਗਿਆ ਪ੍ਰੰਤੂ ਅੱਜ ਉਹ ਜ਼ਿੰਦਗੀ ਦੀ ਜੰਗ ਹਾਰ ਗਏ। ਉਹ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸੀ। ਪੰਜਾਬ ਦੀ ਸਿਆਸਤ ਵਿੱਚ ਉਨ੍ਹਾਂ ਦਾ ਵੱਡਾ ਨਾਮ ਸੀ ਅਤੇ ਬੁੱਧਵਾਰ ਸ਼ਾਮ ਨੂੰ ਜਿਵੇਂ ਹੀ ਸੁਖਦੇਵ ਸਿੰਘ ਢੀਂਡਸਾ ਦੀ ਮੌਤ ਬਾਰੇ ਸੂਚਨਾ ਜਨਤਕ ਹੋਈ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਢੀਂਡਸਾ ਪਰਿਵਾਰ ਦੇ ਸਮਰਥਕਾਂ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ। ਸੂਚਨਾ ਮਿਲਦੇ ਹੀ ਉਨ੍ਹਾਂ ਦੇ ਸਮਰਥਕ ਅਤੇ ਰਿਸ਼ਤੇਦਾਰ ਅਤੇ ਅਕਾਲੀ ਆਗੂ ਫੋਰਟਿਸ ਹਸਪਤਾਲ ਪਹੁੰਚੇ ਸ਼ੁਰੂ ਹੋ ਗਏ। ਜਾਣਕਾਰੀ ਅਨੁਸਾਰ ਬੀਤੀ 26 ਮਾਰਚ ਨੂੰ ਵੀ ਢੀਂਡਸਾ ਦੀ ਅਚਾਨਕ ਸਿਹਤ ਖ਼ਰਾਬ ਹੋ ਗਈ ਸੀ। ਉਨ੍ਹਾਂ ਨੂੰ ਛਾਤੀ ਵਿੱਚ ਇਨਫੈਕਸ਼ਨ ਹੋਣ ਕਾਰਨ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ। ਉਨ੍ਹਾਂ ਦੇ ਸਪੁੱਤਰ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਉਨ੍ਹਾਂ (ਵੱਡੇ ਢੀਂਡਸਾ) ਨੂੰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਪਰ ਕੁੱਝ ਦਿਨਾਂ ਬਾਅਦ ਠੀਕ ਹੋ ਕੇ ਉਹ ਸਹੀ ਸਲਾਮਤ ਆਪਣੇ ਘਰ ਚਲੇ ਗਏ ਸੀ ਲੇਕਿਨ ਸੋਮਵਾਰ ਨੂੰ ਮੁੜ ਤੋਂ ਅਚਾਨਕ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ। ਸ੍ਰੀ ਢੀਂਡਸਾ ਨੇ ਵਿਦਿਆਰਥੀ ਆਗੂ ਵਜੋਂ ਸਿਆਸਤ ਵਿੱਚ ਪੈਰ ਰੱਖਿਆ ਸੀ। ਇਸ ਮਗਰੋਂ ਜ਼ਿਲ੍ਹਾ ਸੰਗਰੂਰ ਵਿੱਚ ਸਭ ਤੋਂ ਨੌਜਵਾਨ ਸਰਪੰਚ ਬਣਨ ਦਾ ਮਾਣ ਹਾਸਲ ਕੀਤਾ। ਬਲਾਕ ਸਮਿਤੀ ਸੰਗਰੂਰ ਦੇ ਚੇਅਰਮੈਨ ਵੀ ਰਹੇ। ਉਨ੍ਹਾਂ ਨੇ 1972 ਵਿੱਚ ਧਨੌਲਾ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਚੋਣ ਜਿੱਤੀ। ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਢੀਂਡਸਾ ਨੂੰ 2019 ਵਿੱਚ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਹਾਲਾਂਕਿ ਉਨ੍ਹਾਂ ਨੇ 2020 ਵਿੱਚ ਕਿਸਾਨ ਅੰਦੋਲਨ ਦੌਰਾਨ ਇਹ ਸਨਮਾਨ ਸਰਕਾਰ ਨੂੰ ਵਾਪਸ ਕਰ ਦਿੱਤਾ ਸੀ, ਜੋ ਉਨ੍ਹਾਂ ਦੀ ਕਿਸਾਨਾਂ ਪ੍ਰਤੀ ਸਮਰਪਿਤਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ 1998 ਤੋਂ 2004 ਅਤੇ 2010 ਤੋਂ 2022 ਤੱਕ ਰਾਜ ਸਭਾ ਦੇ ਮੈਂਬਰ ਰਹੇ। ਉਨ੍ਹਾਂ ਨੇ 2004 ਤੋਂ 2009 ਤੱਕ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਵਜੋਂ ਅਹਿਮ ਭੂਮਿਕਾ ਨਿਭਾਈ। ਉਹ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਸਮੇਂ ਟਰਾਂਸਪੋਰਟ ਮੰਤਰੀ ਅਤੇ ਅਟੱਲ ਬਿਹਾਰੀ ਵਾਜਪਾਈ ਦੀ ਵਜ਼ਾਰਤ ਵਿੱਚ ਕੇਂਦਰੀ ਖੇਡ ਮੰਤਰੀ ਰਹੇ ਹਨ। ਸੁਖਦੇਵ ਸਿੰਘ ਢੀਂਡਸਾ ਦੇ ਦਿਹਾਂਤ ਨਾਲ ਪੰਜਾਬ ਨੇ ਇੱਕ ਦਰਵੇਸ ਸਿਆਸਤਦਾਨ ਨੂੰ ਗੁਆ ਦਿੱਤਾ ਹੈ। ਉਨ੍ਹਾਂ ਦੀ ਸਿਆਣਪ, ਨਿਮਰਤਾ ਅਤੇ ਨੈਤਿਕਤਾ ਹਮੇਸ਼ਾ ਯਾਦ ਰਹੇਗੀ। ਉਨ੍ਹਾਂ ਨੇ ਬਿਜਲੀ ਬੋਰਡ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ। ਇੱਥੇ ਇਹ ਵੀ ਕਾਬਿਲੇਗੌਰ ਹੈ ਕਿ ਫਰਵਰੀ ਮਹੀਨੇ ਸੁਖਦੇਵ ਸਿੰਘ ਢੀਂਡਸਾ ਚੰਡੀਗੜ੍ਹ ਵਿਚਲੇ ਆਪਣੇ ਘਰ ਵਿੱਚ ਹੀ ਅਚਾਨਕ ਜ਼ਮੀਨ ’ਤੇ ਡਿੱਗ ਪਏ ਸੀ ਅਤੇ ਉਨ੍ਹਾਂ ਦੀ ਲੱਤ ਉੱਤੇ ਗੰਭੀਰ ਸੱਟ ਲੱਗੀ ਸੀ। ਬੀਤੀ 21 ਫਰਵਰੀ ਨੂੰ ਉਨ੍ਹਾਂ ਨੂੰ ਪੀਜੀਆਈ ਹਸਪਤਾਲ ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਘਰ ਵਿੱਚ ਡਿੱਗਣ ਕਾਰਨ ਅਕਾਲੀ ਆਗੂ ਦਾ ਪੱਟ ਟੁੱਟ ਗਿਆ ਸੀ। ਪੀਜੀਆਈ ਵਿੱਚ ਸਰਜਰੀ ਕਰਕੇ ਪੱਟ ਵਿੱਚ ਪਲੇਟ ਪਾਈ ਗਈ ਅਤੇ ਹੁਣ ਲੱਤ ਦੀ ਤਕਲੀਫ਼ ਤੋਂ ਕਾਫ਼ੀ ਰਾਹਤ ਸੀ। ਉਂਜ ਕੁੱਝ ਦਿਨ ਪਹਿਲਾਂ ਸੁਖਦੇਵ ਢੀਂਡਸਾ ਨੂੰ ਹਾਰਟ ਦੀ ਪ੍ਰਾਬਲਮ ਵੀ ਆਈ ਸੀ ਪਰ ਦਿਲ ਦੀ ਬਿਮਾਰੀ ਤੋਂ ਵੀ ਉਹ ਪੂਰੀ ਤਰ੍ਹਾਂ ਠੀਕ ਹੋ ਗਏ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ