Share on Facebook Share on Twitter Share on Google+ Share on Pinterest Share on Linkedin ਆਪਣੇ ਬਲਬੂਤੇ ਚੋਣਾਂ ਲੜਨ ਲਈ ਕੌਮੀ ਏਜੰਡਾ ਤੈਅ ਨਾ ਕਰ ਸਕਿਆ ਅਕਾਲੀ ਦਲ: ਚੰਦੂਮਾਜਰਾ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਘੋਖ ਕਰਨ ਲਈ ਸੀਨੀਅਰ ਆਗੂਆਂ ਦੀ ਮੀਟਿੰਗ ਸੱਦੀ ਜਾਵੇਗੀ ਚੰਦੂਮਾਜਰਾ ਵੱਲੋਂ ਲੋਕਾਂ ਦਾ ਫ਼ਤਵਾ ਖਿੜੇ ਮੱਥੇ ਪ੍ਰਵਾਨ, ਸਮੂਹ ਦਾ ਵਰਕਰਾਂ ਦਾ ਧੰਨਵਾਦ ਨਬਜ਼-ਏ-ਪੰਜਾਬ, ਮੁਹਾਲੀ, 5 ਜੂਨ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਅੱਜ ਮੀਡੀਆ ਦੇ ਰੂਬਰੂ ਹੋਏ। ਉਨ੍ਹਾਂ ਨੇ ਲੋਕਾਂ ਦਾ ਫ਼ਤਵਾ ਖਿੜੇ ਮੱਥੇ ਪ੍ਰਵਾਨ ਕਰਦਿਆਂ ਸਮੂਹ ਵਰਕਰਾਂ ਅਤੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਚੋਣਾਂ ਦੌਰਾਨ ਦਿਨ-ਰਾਤ ਸਖ਼ਤ ਮਿਹਨਤ ਕਰਨ ਲਈ ਕੋਈ ਕਸਰ ਨਹੀਂ ਛੱਡੀ। ਚੰਦੂਮਾਜਰਾ ਨੇ ਅਕਾਲੀ ਦਲ ਦੀ ਜਨਰਲ ਕੌਂਸਲ ਦੀ ਮੈਂਬਰ ਬੀਬੀ ਕਸ਼ਮੀਰ ਕੌਰ ਦੀ ਮੌਤ ’ਤੇ ਵੀ ਦੁੱਖ ਪ੍ਰਗਟ ਕੀਤਾ। ਬੀਤੇ ਕੱਲ੍ਹ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਚੰਦੂਮਾਜਰਾ ਦਾ ਮੰਨਣਾ ਹੈ ਕਿ ਬੀਬੀ ਕਸ਼ਮੀਰ ਕੌਰ ਅਕਾਲੀ ਦਲ ਦੀ ਹਾਰ ਦਾ ਸਦਮਾ ਸਹਿਣ ਨਹੀਂ ਕਰ ਸਕੀ। ਅੱਜ ਮੁਹਾਲੀ ਵਿਖੇ ਆਪਣੇ ਨਿਵਾਸ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਆਪਣੇ ਬਲਬੂਤੇ ਲੜਨ ਲਈ ਅਕਾਲੀ ਦਲ ਕੌਮੀ ਏਜੰਡਾ ਤੈਅ ਨਹੀਂ ਕਰ ਸਕਿਆ। ਜਿਸ ਦਾ ਚੋਣ ਨਤੀਜਿਆਂ ਉੱਤੇ ਵੱਡਾ ਤੇ ਮਾੜਾ ਅਸਰ ਦਿਖਾਈ ਦਿੱਤਾ। ਇਹੀ ਨਹੀਂ ਫ਼ਰੀਦਕੋਟ ਅਤੇ ਖਡੂਰ ਸਾਹਿਬ ਹਲਕੇ ਵਿੱਚ ਵੀ ਪਾਰਟੀ ਸਿੱਖਾਂ ਦੀ ਨਬਜ਼ ਪਛਾਣਨ ਵਿੱਚ ਅਸਫਲ ਰਹੀ ਹੈ। ਇਸ ਕਾਰਨ ਇਨ੍ਹਾਂ ਹਲਕਿਆਂ ਵਿੱਚ ਪਾਰਟੀ ਦੀ ਨਮੋਸ਼ੀ ਭਰੀ ਹਾਰ ਹੋਈ ਹੈ। ਚੰਦੂਮਾਜਰਾ ਦੀ ਇਸ ਟਿੱਪਣੀ ਨੇ ਹਾਈ ਕਮਾਨ ਨੂੰ ਸੋਚੀ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਖੇਤਰੀ ਮੰਗਾਂ ਅਤੇ ਪੰਜਾਬ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਦੇ ਆਧਾਰ ’ਤੇ ਚੋਣ ਲੜੀ ਗਈ ਸੀ। ਕਿਉਂਕਿ ਖੇਤਰੀ ਪਾਰਟੀ ਹੋਣ ਦੇ ਨਾਤੇ ਸ਼੍ਰੋਮਣੀ ਅਕਾਲੀ ਦੀਆਂ ਨੀਤੀਆਂ ਹਮੇਸ਼ਾ ਪੰਜਾਬ ਪੱਖੀ ਰਹੀਆਂ ਹਨ, ਪ੍ਰੰਤੂ ਸੂਬੇ ਦੇ ਲੋਕਾਂ ਨੇ ਅਕਾਲੀ ਦਲ ਦੀਆਂ ਨੀਤੀਆਂ ਨੂੰ ਪ੍ਰਵਾਨ ਨਾ ਕਰਨਾ ਗੰਭੀਰ ਚਿੰਤਾ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਇਨ੍ਹਾਂ ਖ਼ਾਮੀਆਂ ਨੂੰ ਦੂਰ ਕਰਦਿਆਂ ਅਕਾਲੀ ਦਲ ਪੰਜਾਬ ਦੀ ਬਿਹਤਰੀ ਲਈ ਹੋਰ ਵੀ ਮਜ਼ਬੂਤੀ ਨਾਲ ਉੱਭਰੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਸੀਨੀਅਰ ਆਗੂਆਂ ਦੀ ਅਹਿਮ ਮੀਟਿੰਗ ਸੱਦ ਕੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਡੂੰਘਾਈ ਘੋਖ ਕਰਕੇ ਸਾਰਥਿਕ ਹੱਲ ਲੱਭੇ ਜਾਣਗੇ ਅਤੇ ਭਵਿੱਖ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਚਰਚਾ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ