ਵਾਧੂ ਕੀਮਤ ਵਸੂਲੀ: ਸੈਕਟਰ-76 ਤੋਂ 80 ਦੇ ਵਸਨੀਕਾਂ ਨੇ ਗਮਾਡਾ ਵਿਰੁੱਧ ਦਿੱਤਾ ਧਰਨਾ

ਨਬਜ਼-ਏ-ਪੰਜਾਬ, ਮੁਹਾਲੀ, 8 ਮਈ:
ਇੱਥੋਂ ਦੇ ਸੈਕਟਰ-76 ਤੋਂ 80 ਪਲਾਟ ਅਲਾਟਮੈਂਟ ਅਤੇ ਵੈੱਲਫੇਅਰ ਕਮੇਟੀ ਵੱਲੋਂ 13 ਰੈਜ਼ੀਡੈਂਟ ਡਿਵੈਲਪਮੈਂਟ ਕਮੇਟੀਆਂ ਦੇ ਸਹਿਯੋਗ ਨਾਲ ਨਾਜਾਇਜ਼ ਵਸੂਲੀ ਖ਼ਿਲਾਫ਼ ਅੱਜ ਗਮਾਡਾ ਦੇ ਬਾਹਰ ਵਿਸ਼ਾਲ ਰੋਸ ਧਰਨਾ ਦਿੱਤਾ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸੈਕਟਰ ਵਾਸੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਧਰਨੇ ’ਤੇ ਬੈਠੇ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗਮਾਡਾ ਵੱਲੋਂ ਵਾਧੂ ਵਸੂਲੀ ਜਾਰੀ ਕੀਤੇ ਜਾ ਰਹੇ ਨੋਟਿਸ ਭੇਜਣੇ ਬੰਦ ਕੀਤੇ ਜਾਣ।
ਇਸ ਮੌਕੇ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਸੁੱਚਾ ਸਿੰਘ ਕਲੌੜ, ਸੰਤ ਸਿੰਘ, ਜੀਐਸ ਪਠਾਣੀਆਂ, ਅਸ਼ੋਕ ਕੁਮਾਰ ਅਤੇ ਸਰਦੂਲ ਸਿੰਘ ਪੂਨੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰੀਬ 24 ਸਾਲ ਪਹਿਲਾਂ ਪੁੱਡਾ\ਗਮਾਡਾ ਰਾਹੀਂ ਮੁਹਾਲੀ ਵਿੱਚ ਸੈਕਟਰ-76 ਤੋਂ 80 ਵਿੱਚ ਪਲਾਟਾਂ ਦੀ ਅਲਾਟਮੈਂਟ ਲਈ ਹਾਊਸਿੰਗ ਸਕੀਮ ਲਾਂਚ ਕੀਤੀ ਸੀ ਅਤੇ ਸਾਲ 2001 ਵਿੱਚ ਸਫਲ ਅਲਾਟੀਆਂ ਕੋਲੋਂ ਪਲਾਟਾਂ ਦੀ ਕੁੱਲ ਕੀਮਤ ਦਾ 25 ਫੀਸਦੀ ਵਸੂਲ ਕੀਤਾ ਗਿਆ ਅਤੇ ਦਸੰਬਰ 2002 ਤੱਕ ਪਲਾਟਾਂ ਦਾ ਕਬਜ਼ਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਪ੍ਰੰਤੂ ਗਮਾਡਾ ਵੱਲੋਂ ਪਲਾਟਾਂ ਦੀ ਅਲਾਟਮੈਂਟ 2007 ਵਿੱਚ ਸ਼ੁਰੂ ਕੀਤੀ ਜੋ ਹਾਲੇ ਵੀ ਜਾਰੀ ਹੈ ਅਤੇ ਕਰੀਬ 100 ਤੋਂ ਵੱਧ ਅਲਾਟੀਆਂ ਨੂੰ ਅਜੇ ਵੀ ਪਲਾਟਾਂ ਦੇ ਕਬਜ਼ੇ ਨਹੀਂ ਮਿਲੇ ਹਨ।
ਬੁਲਾਰਿਆਂ ਨੇ ਕਿਹਾ ਕਿ ਹੁਣ 23 ਸਾਲ ਬਾਅਦ ਗਮਾਡਾ ਦੇ ਮਿਲਖ ਅਫ਼ਸਰ ਵੱਲੋਂ ਪਲਾਟ ਮਾਲਕਾਂ/ਅਲਾਟੀਆਂ ਨੂੰ 2645 ਰੁਪਏ 50 ਪੈਸੇ ਪ੍ਰਤੀ ਗਜ ਦੇ ਹਿਸਾਬ ਨਾਲ ਵਾਧੂ ਕੀਮਤ ਜਮ੍ਹਾਂ ਕਰਵਾਉਣ ਲਈ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਜੋ ਸਰਾਸਰ ਧੱਕਾ ਹੈ। ਇਹੀ ਨਹੀਂ ਇਹ ਰਾਸ਼ੀ 8 ਫੀਸਦੀ ਵਿਆਜ ਨਾਲ ਜਮ੍ਹਾ ਕਰਵਾਉਣ ਲਈ ਕਿਹਾ ਜਾ ਰਿਹਾ ਹੈ ਜਦੋਂਕਿ ਗਮਾਡਾ ਦੇ ਨਿਯਮਾਂ/ਸਕੀਮ/ਪਾਲਿਸੀ/ਅਲਾਟਮੈਂਟ ਲੈਟਰ ਆਦਿ ਵਿੱਚ ਅਜਿਹੀ ਕੋਈ ਸ਼ਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸੈਕਟਰ-76 ਤੋਂ 80 ਲਈ ਐਕਵਾਇਰ ਕੀਤੀ 1264 ਏਕੜ ਜ਼ਮੀਨ ’ਚੋਂ ਲਗਪਗ 80 ਏਕੜ ਜ਼ਮੀਨ ਸੈਕਟਰ 85 ਤੋਂ 89 ਵਿੱਚ ਗਮਾਡਾ ਨੇ ਸ਼ਾਮਲ ਕਰ ਦਿੱਤੀ ਹੈ। ਇਸ ਜ਼ਮੀਨ ’ਤੇ ਵਾਧੂ ਕੀਮਤ ਦੀ ਵਸੂਲੀ ਵੀ ਸੈਕਟਰ-76 ਤੋਂ 80 ਦੇ ਪਲਾਟ ਮਾਲਕਾਂ ਤੋਂ ਲਈ ਜਾ ਰਹੀ ਹੈ।
ਆਗੂਆਂ ਨੇ ਦੱਸਿਆ ਕਿ ਉਕਤ ਮਸਲੇ ਨੂੰ ਲੈ ਕੇ ਉਹ ਮੁੱਖ ਮੰਤਰੀ ਭਗਵੰਤ ਮਾਨ, ਵਿਧਾਇਕ ਕੁਲਵੰਤ ਸਿੰਘ, ਪੰਜਾਬ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਅਨੇਕਾਂ ਵਾਰ ਮਿਲ ਕੇ ਮੰਗ ਪੱਤਰ ਦੇ ਚੁੱਕੇ ਹਨ ਲੇਕਿਨ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਸੈਕਟਰ ਵਾਸੀਆਂ ਅਤੇ ਅਲਾਟੀਆਂ ਨੂੰ ਗਮਾਡਾ ਦੇ ਬਾਹਰ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਗਮਾਡਾ ਨੂੰ 10 ਦਿਨ ਦਾ ਅਲਟੀਮੇਟਮ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ 17 ਮਈ ਤੱਕ ਮਸਲੇ ਦਾ ਕੋਈ ਢੁਕਵਾਂ ਹੱਲ ਨਾ ਕੀਤਾ ਤਾਂ ਜਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਕੌਂਸਲਰ ਹਰਜੀਤ ਸਿੰਘ ਭੋਲੂ, ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਪੁੱਡਾ ਮੁਲਾਜ਼ਮ ਆਗੂ ਚਰਨਜੀਤ ਕੌਰ ਨੇ ਵੀ ਧਰਨੇ ਵਿੱਚ ਸ਼ਮੂਲੀਅਤ ਕੀਤੀ ਅਤੇ ਸਮਰਥਨ ਦੇਣ ਦਾ ਐਲਾਨ ਕੀਤਾ।

ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਿੱਜੀ ਦਿਲਚਸਪੀ ਲੈ ਕੇ ਪਹਿਲਾਂ ਵੀ ਇਸ ਮਸਲੇ ਦੇ ਹੱਲ ਲਈ ਯੋਗ ਪੈਰਵੀ ਕੀਤੀ ਜਾਂਦੀ ਹੈ ਅਤੇ ਪਲਾਟ ਅਲਾਟਮੈਂਟ ਸੰਘਰਸ਼ ਕਮੇਟੀ ਦੇ ਮੋਹਰੀ ਆਗੂਆਂ ਦੀ ਗਮਾਡਾ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਵੀ ਕਰਵਾਈ ਗਈ ਸੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਹ ਸ਼ਹਿਰ ਵਾਸੀਆਂ ਦਾ ਚੌਕੀਦਾਰ ਬਣ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਜੇ ਇਹ ਵਾਧੂ ਵਸੂਲੀ ਜਾਣ ਵਾਲੀ ਰਾਸ਼ੀ ਮੁਆਫ਼ ਤਾਂ ਨਹੀਂ ਹੋ ਸਕਦੀ ਪ੍ਰੰਤੂ ਇਸ ਨੂੰ ਘੱਟ ਜ਼ਰੂਰ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਇਸ ਮਸਲੇ ਦੇ ਸਰਵ ਪ੍ਰਵਾਨਿਤ ਢੁਕਵੇਂ ਹੱਲ ਲਈ ਹਰ ਸਮੇਂ ਹਾਜ਼ਰ ਸਨ।
ਉਧਰ, ਧਰਨੇ ਦੌਰਾਨ ਜਦੋਂ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਸੰਬੋਧਨ ਕਰ ਰਹੇ ਸਨ ਤਾਂ ਉੱਥੇ ਮੌਜੂਦ ਕੁੱਝ ਮੈਂਬਰਾਂ ਨੇ ਇਹ ਕਹਿ ਕੇ ਵਿਰੋਧ ਸ਼ੁਰੂ ਕਰ ਦਿੱਤਾ ਕਿ ਉਹ (ਪਟਵਾਰੀ) ਪਿਛਲੇ ਡੇਢ ਸਾਲਾਂ ਤੋਂ ਮਸਲੇ ਦਾ ਹੱਲ ਕਰਵਾਉਣ ਦੀ ਥਾਂ ਇਸ ਨੂੰ ਲਮਕਾ ਰਹੇ ਹਨ। ਇਸ ਗੱਲ ਨੂੰ ਲੈ ਕੇ ਕਾਫ਼ੀ ਰੌਲਾ ਪੈ ਗਿਆ ਅਤੇ ਕਈ ਮੈਂਬਰ ਆਪਸ ਵਿੱਚ ਉਲਝ ਗਏ। ਬਾਅਦ ਵਿੱਚ ਪ੍ਰਬੰਧਕਾਂ ਵੱਲੋਂ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਐਸਟੀਐਫ਼ ਵੱਲੋਂ 55 ਗਰਾਮ ਹੈਰੋਇਨ ਸਣੇ ਭਗੌੜਾ ਮੁਲਜ਼ਮ ਕਾਬੂ, 8 ਲੱਖ ਡਰੱਗ ਮਨੀ ਬਰਾਮਦ

ਐਸਟੀਐਫ਼ ਵੱਲੋਂ 55 ਗਰਾਮ ਹੈਰੋਇਨ ਸਣੇ ਭਗੌੜਾ ਮੁਲਜ਼ਮ ਕਾਬੂ, 8 ਲੱਖ ਡਰੱਗ ਮਨੀ ਬਰਾਮਦ ਨਬਜ਼-ਏ-ਪੰਜਾਬ, ਮੁਹਾਲੀ…