nabaz-e-punjab.com

ਏਆਈਜੀ ਸਿੱਧੂ ਮਾਮਲੇ ਵਿੱਚ ਮੁਲਜ਼ਮ ਕੁਲਦੀਪ ਸਿੰਘ ਨੇ ਕੀਤੇ ਅਹਿਮ ਖੁਲਾਸੇ: ਵਿਜੀਲੈਂਸ ਦਾ ਦਾਅਵਾ

ਨਬਜ਼-ਏ-ਪੰਜਾਬ, ਮੁਹਾਲੀ, 23 ਫਰਵਰੀ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲੀਸ ਦੇ ਬਹੁਚਰਚਿਤ ਬਰਖ਼ਾਸਤ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਦੇ ਖ਼ਿਲਾਫ਼ ਵਿਜੀਲੈਂਸ ਬਿਊਰੋ ਉਡਣ ਦਸਤਾ-1, ਮੁਹਾਲੀ ਥਾਣੇ ਵਿੱਚ ਦਰਜ ਮਾਮਲੇ ਵਿੱਚ ਗ੍ਰਿਫ਼ਤਾਰ ਖ਼ੁਰਾਕ, ਜਨਤਕ ਵੰਡ ਤੇ ਖਪਤਕਾਰ ਮਾਮਲੇ ਵਿਭਾਗ ਦੇ ਡਰਾਈਵਰ ਕੁਲਦੀਪ ਸਿੰਘ ਨੇ ਪੁੱਛਗਿੱਛ ਦੌਰਾਨ ਵਿਜੀਲੈਂਸ ਕੋਲ ਕੇਸ ਸਬੰਧੀ ਅਹਿਮ ਖੁਲਾਸੇ ਕੀਤੇ ਹਨ।
ਵਿਜੀਲੈਂਸ ਅਨੁਸਾਰ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਕੁਲਦੀਪ ਸਿੰਘ ਅਤੇ ਬਲਬੀਰ ਸਿੰਘ ਆਲਮਪੁਰ ਅਤੇ ਖ਼ੁਦ ਨੂੰ ਵਿਜੀਲੈਂਸ ਬਿਊਰੋ ਦਾ ਆਈਜੀ ਦੱਸਣ ਵਾਲੇ ਮਾਲਵਿੰਦਰ ਸਿੰਘ ਸਿੱਧੂ (ਇਹ ਦੋਵੇਂ ਹੁਣ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਬੰਦ ਹੈ) ਆਪਸ ਵਿੱਚ ਮਿਲ ਕੇ ਗੈਰ-ਕਾਨੂੰਨੀ ਢੰਗ ਨਾਲ ਸਰਕਾਰੀ ਮੁਲਾਜ਼ਮਾਂ ਦੇ ਸਰਵਿਸ ਰਿਕਾਰਡ ਹਾਸਲ ਕਰਕੇ ਉਨ੍ਹਾਂ ਖ਼ਿਲਾਫ਼ ਪਹਿਲਾਂ ਕਥਿਤ ਝੂਠੀਆਂ ਅਤੇ ਫਰਜ਼ੀ ਸ਼ਿਕਾਇਤਾਂ ਦਰਜ ਕਰਵਾ ਕੇ ਬਾਅਦ ਵਿੱਚ ਉਨ੍ਹਾਂ ਤੋਂ ਧੋਖਾਧੜੀ ਅਤੇ ਬਲੈਕਮੇਲ ਕਰਕੇ ਪੈਸੇ ਦੀ ਵਸੂਲੀ ਕਰਦੇ ਸੀ।
ਵਿਜੀਲੈਂਸ ਦੀ ਜਾਂਚ ਅਨੁਸਾਰ ਮੁਲਜ਼ਮ ਕੁਲਦੀਪ ਸਿੰਘ ਵੱਲੋਂ ਐਵੀਡੈਂਸ ਐਕਟ ਤਹਿਤ ਦਿੱਤੇ ਬਿਆਨ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਇੰਸਪੈਕਟਰ ਜਨਰਲ ਆਫ਼ ਪੁਲੀਸ, ਵਿਜੀਲੈਂਸ ਵਿਭਾਗ, ਪੰਜਾਬ ਦੇ ਨਾਮ ’ਤੇ ਬਣੀ ਇੱਕ ਜਾਅਲੀ/ਫਰਜ਼ੀ ਮੋਹਰ ਬਰਾਮਦ ਵੀ ਕੀਤੀ ਹੈ, ਜੋ ਕਿ ਕੁਲਦੀਪ ਸਿੰਘ ਦੇ ਦੱਸਣ ਅਨੁਸਾਰ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਵੱਲੋਂ ਬਲੈਕਮੇਲ/ਜ਼ਬਰਦਸਤੀ ਲਈ ਵਰਤੀ ਜਾਂਦੀ ਸੀ। ਇਸ ਤੋਂ ਇਲਾਵਾ ਮੁਲਜ਼ਮ ਕੁਲਦੀਪ ਸਿੰਘ ਕੋਲੋਂ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਮੋਬਾਈਲ ਫੋਨਾਂ ਵਿੱਚ ਮੌਜੂਦ ਡਾਟਾ ਇਕੱਠਾ ਕਰਨ ਤੋਂ ਬਾਅਦ ਇਸ ਕੇਸ ਵਿੱਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਕਾਫ਼ੀ ਸਮੇਂ ਤੋਂ ਆਪਣੀ ਗ੍ਰਿਫ਼ਤਾਰੀ ਤੋਂ ਬਚਦਾ ਆ ਰਿਹਾ ਸੀ ਅਤੇ ਪਿਛਲੇ ਦਿਨੀਂ ਸੁਪਰੀਮ ਕੋਰਟ ਵੱਲੋਂ ਉਸ ਦੀ ਅਗਾਊਂ ਜ਼ਮਾਨਤ ਦੀ ਪਟੀਸ਼ਨ ਖ਼ਾਰਜ ਕੀਤੇ ਜਾਣ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਹਾਲਾਂਕਿ 2017 ਤੋਂ ਬਾਅਦ ੇਆਈਜੀ ਸਿੱਧੂ ਕਦੇ ਵੀ ਵਿਜੀਲੈਂਸ ਬਿਊਰੋ ਵਿੱਚ ਏਆਈਜੀ ਜਾਂ ਆਈਜੀ ਦੇ ਅਹੁਦੇ ’ਤੇ ਨਹੀਂ ਰਿਹਾ। ਉਸ ਨੇ ਸਰਕਾਰੀ ਅਧਿਆਪਕ ਦੀ ਸਰਵਿਸ ਬੁੱਕ ਦੀ ਫੋਟੋ ਕਾਪੀ ਲੈਣ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਜਪੁਰਾ ਦੇ ਦਫ਼ਤਰ ਵਿੱਚ ਕੰਮ ਕਰਦੇ ਇੱਕ ਡਾਟਾ ਅਪਰੇਟਰ ਨੂੰ ਖ਼ੁਦ ਨੂੰ ਆਈਜੀ ਵਿਜੀਲੈਂਸ ਵਜੋਂ ਪੇਸ਼ ਕੀਤਾ ਸੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰ ਦੇ ਪ੍ਰਿੰਸੀਪਲ ਨੂੰ ਲਿਖਤੀ ਦਰਖ਼ਾਸਤ ਤੋਂ ਇਲਾਵਾ ਸਕੂਲ ਦੀ ਈਮੇਲ ਆਈਡੀ ਅਤੇ ਉਪਰੋਕਤ ਮੁਲਜ਼ਮ ਕੁਲਦੀਪ ਸਿੰਘ ਰਾਹੀਂ ਇਕ ਹੋਰ ਅਰਜ਼ੀ ਭੇਜ ਕੇ ਸਕੂਲ ਤੋਂ ਰਿਕਾਰਡ ਹਾਸਲ ਕੀਤਾ। ਸਕੂਲ ’ਚੋਂ ਅਧਿਆਪਕਾਂ ਦੇ ਲਏ ਰਿਕਾਰਡ ਦੀ ਪੜਤਾਲ ਕਰਨ ਲਈ ਉਹ ਜ਼ਿਲ੍ਹਾ ਸਮਾਜ ਭਲਾਈ ਅਫ਼ਸਰ ਪਟਿਆਲਾ ਨੂੰ ਆਪਣੇ ਨਾਲ ਲੈ ਕੇ ਸਕੂਲ ਗਿਆ ਅਤੇ ਪ੍ਰਿੰਸੀਪਲ ਤੋਂ ਦੋ ਪੰਨਿਆਂ ਦੇ ਪ੍ਰੋਫਾਰਮੇ ’ਤੇ ਦਸਤਖ਼ਤ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਪ੍ਰਿੰਸੀਪਲ ਨੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਇੱਕ ਹੋਰ ਮਾਮਲੇ ਵਿੱਚ ਏਆਈਜੀ ਸਿੱਧੂ ਨੇ ਬਲਬੀਰ ਸਿੰਘ ਰਾਹੀਂ ਗੁਰੂਹਰਸਹਾਏ ਵਿਖੇ ਖੇਤੀਬਾੜੀ ਵਿਭਾਗ ਦੇ ਬਲਾਕ ਖੇਤੀਬਾੜੀ ਅਫ਼ਸਰ ਦਾ ਨਿੱਜੀ ਰਿਕਾਰਡ ਵੀ ਹਾਸਲ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਰੱਖਣ ਲਈ ਸਬੰਧਤ ਅਧਿਕਾਰੀ ਖ਼ਿਲਾਫ਼ ਉਸ ਦੇ ਵਿਭਾਗ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ। ਬਾਅਦ ਵਿੱਚ ਸ਼ਿਕਾਇਤ ਵਾਪਸ ਲੈਣ ਦੇ ਇਵਜ਼ ਵਿੱਚ ਅਧਿਕਾਰੀ ਤੋਂ ਤਿੰਨ ਲੱਖ ਰੁਪਏ ਦੀ ਮੰਗ ਕੀਤੀ ਗਈ। ਜਿਸ ’ਚੋਂ ਡੇਢ ਲੱਖ ਰੁਪਏ ਬਲਬੀਰ ਸਿੰਘ ਅਤੇ ਮਲਵਿੰਦਰ ਸਿੱਧੂ ਨੇ ਗੈਰਕਾਨੂੰਨੀ ਤਰੀਕੇ ਨਾਲ ਵਸੂਲ ਕੀਤੇ ਗਏ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…