ਨਗਰ ਨਿਗਮ ਨੂੰ ਝਾੜੂ ਪੋਚਾ ਲਾਉਣ ਵਾਲਾ ਅਦਾਰਾ ਕਹਿਣ ’ਤੇ ‘ਆਪ’ ਆਗੂ ਨੇ ਮੇਅਰ ਨੂੰ ਘੇਰਿਆ

ਫਜੂਲ ਬਿਆਨਬਾਜ਼ੀ ਦੀ ਥਾਂ ਸ਼ਹਿਰ ਦੇ ਵਿਕਾਸ ਲਈ ਸਹਿਯੋਗ ਦੇਣ ਵਿਰੋਧੀ ਕੌਂਸਲਰ: ਮੇਅਰ

ਨਬਜ਼-ਏ-ਪੰਜਾਬ, ਮੁਹਾਲੀ, 24 ਮਈ:
ਮੁਹਾਲੀ ਦੇ ਕੌਂਸਲਰ ਅਤੇ ਆਪ ਆਗੂ ਸਰਬਜੀਤ ਸਿੰਘ ਸਮਾਣਾ ਨੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਨਗਰ ਨਿਗਮ ਨੂੰ ਸਿਰਫ ‘ਝਾੜੂ-ਪੋਚਾ ਲਾਉਣ ਵਾਲਾ ਅਦਾਰਾ’ ਦੱਸਣ ਸਬੰਧੀ ਬਿਆਨ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਬਿਆਨ ਨਗਰ ਨਿਗਮ ਦੇ ਸਨਮਾਨ ’ਤੇ ਸਿੱਧਾ ਹਮਲਾ ਹੈ ਅਤੇ ਮੁਹਾਲੀ ਦੇ ਹਜ਼ਾਰਾਂ ਵਾਸੀਆਂ ਦੀ ਮਿਹਨਤ ਅਤੇ ਭਰੋਸੇ ਦੀ ਤੌਹੀਨ ਹੈ। ਉਨ੍ਹਾਂ ਕਿਹਾ ਕਿ ਇਹ ਬਿਆਨ ਦੇ ਕੇ ਮੇਅਰ ਨੇ ਖ਼ੁਦ ਹੀ ਕਬੂਲ ਕਰ ਲਿਆ ਹੈ ਕਿ ਉਹ ਆਪਣੇ ਕਾਰਜਕਾਲ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ।
‘ਆਪ’ ਆਗੂ ਨੇ ਕਿਹਾ ਕਿ ਮੁਹਾਲੀ ਨਿਗਮ ਸਿਰਫ਼ ਸਫਾਈ ਤੱਕ ਸੀਮਤ ਨਹੀਂ ਹੈ ਬਲਕਿ ਇਹ ਪਾਰਕਾਂ ਦੇ ਵਿਕਾਸ, ਸੜਕਾਂ, ਸਟਰੀਟ ਲਾਈਟਾਂ, ਨਵੀਆਂ ਲਾਇਬਰੇਰੀਆਂ ਅਤੇ ਨਵੇਂ ਪ੍ਰਾਜੈਕਟਾਂ ਦੀ ਯੋਜਨਾਬੰਦੀ ਤੱਕ ਵਿੱਚ ਵੱਡੀ ਜ਼ਿੰਮੇਵਾਰੀ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਬਜਟ 200 ਕਰੋੜ ਤੋਂ ਵੱਧ ਹੈ ਅਤੇ ਇਸ ਨੂੰ ਸਿਰਫ਼ ਝਾੜੂ-ਪੋਚਾ ਲਾਉਣ ਵਾਲਾ ਅਦਾਰਾ ਕਹਿਣਾ ਬੇਹੱਦ ਸ਼ਰਮਨਾਕ ਹੈ। ਇਸ ਮੁੱਦੇ ’ਤੇ ਸ਼ਹਿਰ ਦੇ ਹੋਰਨਾਂ ਕੌਂਸਲਰਾਂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਬੇਦੀ ਨੂੰ ਵੀ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਹ ਮੇਅਰ ਦੇ ਇਸ ਬਿਆਨ ਨਾਲ ਸਹਿਮਤ ਹਨ?
ਸਰਬਜੀਤ ਸਮਾਣਾ ਨੇ ਕਿਹਾ ਕਿ ਨਗਰ ਨਿਗਮ ਨੂੰ ਝਾੜੂ ਪੋਚੇ ਵਾਲਾ ਅਦਾਰਾ ਦੱਸਣ ਵਾਲੇ ਮੁਹਾਲੀ ਨਗਰ ਨਿਗਮ ਦੇ ਮੇਅਰ ਮੁਹਾਲੀ ਵਿੱਚ ਸਫਾਈ ਦੇ ਮਾਮਲੇ ਵਿੱਚ ਵੀ ਪੂਰੀ ਤਰ੍ਹਾਂ ਨਕਾਰਾ ਸਾਬਤ ਹੋਏ ਹਨ ਅਤੇ ਮੁਹਾਲੀ ਵਿੱਚ ਸਫ਼ਾਈ ਦੀ ਹਾਲਤ ਦਿਨੋਂ ਦਿਨ ਖ਼ਰਾਬ ਹੋ ਰਹੀ ਹੈ। ਕਈ ਪਲਾਟ ਕੂੜੇ ਨਾਲ ਭਰੇ ਹੋਏ ਹਨ, ਕਈ ਥਾਵਾਂ ਤੇ ਅੱਗ ਲੱਗ ਰਹੀ ਹੈ ਅਤੇ ਪ੍ਰਸ਼ਾਸਨਿਕ ਤੌਰ ’ਤੇ ਕੋਈ ਨਵਾਂ ਵਿਕਾਸ ਕੰਮ ਵੀ ਨਹੀਂ ਹੋਇਆ।
ਉਧਰ, ਦੂਜੇ ਪਾਸੇ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਬਲਕਿ ਇਹ ਕਿਹਾ ਗਿਆ ਸੀ ਕਿ ਬਰਸਾਤੀ ਪਾਣੀ ਦੇ ਨਿਕਾਸੀ ਦੇ ਪ੍ਰਬੰਧਾਂ ਲਈ 200 ਕਰੋੜ ਰੁਪਏ ਦੇ ਫੰਡ ਦੀ ਲੋੜ ਹੈ, ਜਿਹੜੇ ਸਰਕਾਰ ਨੂੰ ਮੁਹੱਈਆ ਕਰਵਾਉਣੇ ਚਾਹੀਦੇ ਹਨ ਕਿਉਂਕਿ ਨਗਰ ਨਿਗਮ ਕੋਲ ਜਿੰਨਾ ਬਜਟ ਹੈ, ਉਸ ਨਾਲ ਸਿਰਫ ਸ਼ਹਿਰ ਦੀ ਸਾਫ਼-ਸਫ਼ਾਈ ਅਤ ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਰੱਖ ਰਖਾਓ ਦੇ ਕੰਮ ਹੀ ਕੀਤੇ ਜਾ ਸਕਦੇ ਹਨ। ਇਸ ਲਈ ਬਰਸਾਤੀ ਪਾਣੀ ਦੀ ਨਿਕਾਸੀ ਲਈ ਲੋੜੀਂਦੀ ਰਕਮ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਣੀ ਬਣਦੀ ਹੈ। ਜੀਤੀ ਸਿੱਧੂ ਨੇ ਕਿਹਾ ਕਿ ਹੋਰਨਾਂ ਸ਼ਹਿਰਾਂ ਵਿੱਚ ਪਲਾਟਾਂ ਦੈ ਨਕਸ਼ੇ ਪਾਸ ਕਰਨ, ਨੋ ਕੰਸਟ੍ਰਕਸ਼ਨ ਫੀਸ ਵਸੂਲਣ ਸਮੇਤ ਆਮਦਨ ਦੇ ਹੋਰ ਕਈ ਸਾਧਨ ਹਨ ਪ੍ਰੰਤੂ ਇੱਥੇ ਇਹ ਕੰਮ ਗਮਾਡਾ ਦੇ ਕੋਲ ਹਨ ਇਸ ਲਈ ਸ਼ਹਿਰ ਦੇ ਬੁਨਿਆਦੇ ਢਾਂਚੇ ਵਿੱਚ ਸੁਧਾਰ ਲਈ ਰਕਮ ਸਰਕਾਰ ਨੂੰ ਹੀ ਮੁਹਈਆ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਕੌਂਸਲਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਿਰਫ ਵਿਰੋਧ ਕਰਨ ਦੀ ਥਾਂ ਸ਼ਹਿਰ ਦੇ ਵਿਕਾਸ ਲਈ ਸਹਿਯੋਗ ਕਰਨ ਅਤੇ ਫਜੂਲ ਬਿਆਨਬਾਜ਼ੀ ਤੋਂ ਬਚਣ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…