Share on Facebook Share on Twitter Share on Google+ Share on Pinterest Share on Linkedin ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਮੇਅਰ ਜੀਤੀ ਸਿੱਧੂ ਤੋਂ ਅਸਤੀਫ਼ਾ ਮੰਗਿਆ ਨਬਜ਼-ਏ-ਪੰਜਾਬ, ਮੁਹਾਲੀ, 10 ਅਗਸਤ: ਮੁਹਾਲੀ ਨਗਰ ਨਿਗਮ ਵਿੱਚ ਕਾਬਜ਼ ਧਿਰ ਅਤੇ ਵਿਰੋਧੀ ਧਿਰ ਦੇ ਕੌਂਸਲਰਾਂ ਵਿਚਾਲੇ ਸਿਆਸਤ ਭਖ ਗਈ ਹੈ। ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦਾ ਅਸਤੀਫ਼ਾ ਮੰਗਦਿਆਂ ਕਿਹਾ ਕਿ ਉਹ ਨਿਗਮ ਨੂੰ ਚਲਾਉਣ ਦੇ ਸਮਰੱਥ ਨਹੀਂ ਹਨ। ਬੀਤੇ ਕੱਲ੍ਹ ਮਸ਼ੀਨੀ ਸਫ਼ਾਈ ਦੇ ਮੁੱਦੇ ’ਤੇ ਮੇਅਰ ਜੀਤੀ ਸਿੱਧੂ ਨੇ ਆਪਣੀ ਟਿੱਪਣੀ ਵਿੱਚ ‘ਆਪ’ ਵਿਧਾਇਕ ਕੁਲਵੰਤ ਸਿੰਘ ’ਤੇ ਨਗਰ ਨਿਗਮ ਦੇ ਕੰਮਾਂ ਵਿੱਚ ਗਲਤ ਦਖ਼ਲਅੰਦਾਜ਼ੀ ਕਰਨ ਅਤੇ ਸ਼ਹਿਰ ਦੇ ਵਿਕਾਸ ਵਿੱਚ ਦਿੱਕਤਾਂ ਖੜੀਆਂ ਕਰਨ ਦਾ ਦੋਸ਼ ਲਾਇਆ ਸੀ। ਅੱਜ ਪੱਤਰਕਾਰ ਸੰਮੇਲਨ ਦੌਰਾਨ ‘ਆਪ’ ਦੇ ਕੌਂਸਲਰਾਂ ਸਰਬਜੀਤ ਸਿੰਘ ਸਮਾਣਾ, ਸੁਖਦੇਵ ਸਿੰਘ ਪਟਵਾਰੀ, ਰਮਨਪ੍ਰੀਤ ਕੌਰ ਕੁੰਭੜਾ, ਅਰੁਣਾ ਵਸ਼ਿਸ਼ਟ, ਕਰਮਜੀਤ ਕੌਰ ਮਟੌਰ, ਗੁਰਪ੍ਰੀਤ ਕੌਰ, ਰਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਬਹੁਮਤ ਹੋਣ ਦੇ ਬਾਵਜੂਦ ਮੇਅਰ ਨਗਰ ਨਿਗਮ ਦੀ ਮੀਟਿੰਗ ਨਹੀਂ ਸੱਦ ਰਹੇ, ਜਿਸ ਕਾਰਨ ਸ਼ਹਿਰ ਦਾ ਵਿਕਾਸ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਜੀਤੀ ਸਿੱਧੂ ਨੇ ਮੇਅਰ ਦੀ ਚੇਅਰ ਸੰਭਾਲੀ ਸੀ ਤਾਂ ਉਨ੍ਹਾਂ ਇਹ ਗੱਲ ਆਖੀ ਸੀ ਕਿ ਉਹ ਢਾਈ ਸਾਲ ਬਾਅਦ ਮੇਅਰ ਦੇ ਅਹੁਦੇ ਤੋਂ ਵੱਖ ਹੋ ਜਾਣਗੇ। ਇਸ ਲਈ ਹੁਣ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਨੇ ਨਿੱਜੀ ਦਿਲਚਸਪੀ ਲੈਂਦੇ ਹੋਏ ਸ਼ਹਿਰ ਦੀ ਮਸ਼ੀਨੀ ਸਫ਼ਾਈ ਲਈ ਇਟਲੀ ’ਚੋਂ ਦੋ ਮਸ਼ੀਨਾਂ ਮੰਗਵਾਈਆਂ ਹਨ ਜਦੋਂਕਿ ਦੋ ਹੋਰ ਮਸ਼ੀਨਾਂ ਜਲਦੀ ਮਿਲ ਜਾਣਗੀਆਂ। ਇਸ ਮੌਕੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਮੁਹਾਲੀ ਵਿੱਚ ਜੋ ਸਫ਼ਾਈ ਲਈ ਮਸ਼ੀਨਾਂ ਆਈਆਂ ਹਨ, ਉਹ ਗਮਾਡਾ ਵੱਲੋਂ ਦਿੱਤੀਆਂ ਗਈਆਂ ਹਨ। ਮੇਅਰ ਜੀਤੀ ਸਿੱਧੂ ਨੇ ਕਦੇ ਵੀ ਸਰਕਾਰੇ ਦਰਬਾਰੇ ਹਾਜ਼ਰ ਹੋ ਕੇ ਜਾਂ ਚਿੱਠੀ ਪੱਤਰ ਰਾਹੀਂ ਮੁਹਾਲੀ ਵਿੱਚ ਸਫ਼ਾਈ ਦੇ ਕੰਮ ਲਈ ਮਸ਼ੀਨਾਂ ਮੰਗਵਾਉਣ ਦੀ ਮੰਗ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਵੱਲੋਂ ਸਮੇਂ ਸਮੇਂ ’ਤੇ ਸਫ਼ਾਈ ਦੇ ਕੰਮ ਨੂੰ ਦਰੁਸਤ ਕਰਨ ਲਈ ਮੇਅਰ ਤੋਂ ਕਈ ਵਾਰ ਮੰਗ ਕੀਤੀ ਗਈ, ਪ੍ਰੰਤੂ ਉਨ੍ਹਾਂ ਨੇ ਕਦੇ ਲੋਕਾਂ ਦੀ ਮੰਗ ਵੱਲ ਧਿਆਨ ਨਹੀਂ ਦਿੱਤਾ ਬਲਕਿ ਆਪਣੇ ਨਿੱਜੀ ਕੰਮਾਂ ਵਿੱਚ ਮਸ਼ਰੂਫ਼ ਰਹੇ। ਇਸ ਮੌਕੇ ਆਰਪੀ ਸ਼ਰਮਾ, ਹਰਪਾਲ ਸਿੰਘ ਚੰਨਾ, ਕਮਲਜੀਤ ਕੌਰ ਤੇ ਜਸਵੀਰ ਕੌਰ ਅੱਤਲੀ (ਤਿੰਨੇ ਸਾਬਕਾ ਕੌਂਸਲਰ), ‘ਆਪ’ ਵਲੰਟੀਅਰ ਹਰਮੇਸ਼ ਸਿੰਘ ਕੁੰਭੜਾ, ਅਰੁਣ ਗੋਇਲ, ਜਸਪਾਲ ਸਿੰਘ ਮਟੌਰ, ਸੁਸ਼ਮਾ ਗੋਇਲ, ਰਣਜੀਤ ਸਿੰਘ ਰਾਣਾ ਜਗਤਪੁਰਾ, ਡਾ. ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਪ੍ਰਿਤਪਾਲ ਸਿੰਘ, ਗੁਰਚਰਨ ਸਿੰਘ, ਹਰਮੇਸ਼ ਇੰਦਰ ਸਿੰਘ, ਜਤਿੰਦਰ ਸਿੰਘ ਪੰਮਾ ਵੀ ਹਾਜ਼ਰ ਸਨ। ਉਧਰ, ਦੂਜੇ ਪਾਸੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ‘ਆਪ’ ਦੇ ਕੌਂਸਲਰਾਂ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਨਾਲੇ ਚੋਰ ਨਾਲੇ ਚਤਰਾਈਆਂ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਵਿਦੇਸ਼ੀ ਸਫ਼ਾਈ ਮਸ਼ੀਨਾਂ ਨੂੰ ਨਿਗਮ ਦਫ਼ਤਰ ਵਿੱਚ ਉਡੀਕਦੇ ਰਹੇ ਪ੍ਰੰਤੂ ਵਿਧਾਇਕ ਨੇ ਅਧਿਕਾਰੀਆਂ ਨੂੰ ਘੂਰ ਕੇ ਮਸ਼ੀਨਾਂ ਆਪਣੇ ਦਫ਼ਤਰ ਮੰਗਵਾ ਲਈਆਂ। ਮੇਅਰ ਨੇ ਦਾਅਵਾ ਕੀਤਾ ਕਿ ਉਹ ਨਿਗਮ ਦਫ਼ਤਰ ਚਲਾਉਣ ਅਤੇ ਵਿਕਾਸ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹਨ ਪ੍ਰੰਤੂ ‘ਆਪ’ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉੱਤਰਨ ਵਿੱਚ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਜਿਸ ਕਾਰਨ ਲੋਕ ਸਭਾ ਚੋਣਾਂ ਵਿੱਚ ਮੁਹਾਲੀ ਹਲਕੇ ’ਚ ਆਪ ਉਮੀਦਵਾਰ ਦੀ ਹਾਰ ਹੋਈ ਹੈ। ਇਸ ਲਈ ਵਿਰੋਧੀ ਧਿਰ ਦੇ ਕੌਂਸਲਰਾਂ ਨੂੰ ਮੇਰੇ ਤੋਂ ਅਸਤੀਫ਼ਾ ਮੰਗਣ ਦੀ ਥਾਂ ਆਪਣੇ ਵਿਧਾਇਕ ਤੋ ਅਸਤੀਫ਼ਾ ਮੰਗਣਾ ਚਾਹੀਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ