ਆਮ ਆਦਮੀ-ਘਰ ਬਚਾਓ ਮੋਰਚਾ ਨੇ ਸਮੱਸਿਆਵਾਂ ਦੇ ਹੱਲ ਸਰਬ ਪਾਰਟੀ ਮੀਟਿੰਗ ਸੱਦੀ

ਨਬਜ਼-ਏ-ਪੰਜਾਬ, ਮੁਹਾਲੀ, 1 ਮਈ:
ਆਮ ਆਦਮੀ-ਘਰ ਬਚਾਓ ਮੋਰਚਾ ਵੱਲੋਂ ਮੁਹਾਲੀ ਜ਼ਿਲ੍ਹੇ ਦੇ ਪਿੰਡਾਂ ਦੇ ਵਸਨੀਕਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਤਿੰਨ ਮਈ ਨੂੰ ਸਵੇਰੇ 11 ਵਜੇ ਸਰਬ ਪਾਰਟੀ ਮੀਟਿੰਗ ਸੱਦੀ ਗਈ ਹੈ, ਜਿਸ ਵਿੱਚ ਪੇਂਡੂ ਲੋਕਾਂ ਦੀਆਂ ਸਮੱਸਿਆਵਾਂ ਉੱਤੇ ਖੁੱਲ੍ਹ ਕੇ ਵਿਚਾਰ-ਚਰਚਾ ਕੀਤੀ ਜਾਵੇਗੀ ਅਤੇ ਸਾਰਿਆਂ ਦੀ ਸਹਿਮਤੀ ਨਾਲ ਇੱਕ ਸਾਂਝੀ ਕਮੇਟੀ ਬਣਾਈ ਜਾਵੇਗੀ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੋਰਚੇ ਦੇ ਕਨਵੀਨਰ ਹਰਮਿੰਦਰ ਸਿੰਘ ਮਾਵੀ ਅਤੇ ਕਾਨੂੰਨੀ ਸਲਾਹਕਾਰ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਮੱਸਿਆਵਾਂ ਦੇ ਪੱਕੇ ਹੱਲ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਜ਼ਿਲ੍ਹਾ ਆਗੂਆਂ ਸਮੇਤ ਸਮਾਜਿਕ, ਧਾਰਮਿਕ, ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਸਾਂਝੀ ਮੀਟਿੰਗ ਸੱਦੀ ਗਈ ਹੈ। ਪਿੰਡਾਂ ਦੇ ਪੰਚਾਂ-ਸਰਪੰਚਾਂ, ਨੰਬਰਦਾਰਾਂ ਅਤੇ ਹੋਰ ਇਨਸਾਫ਼ ਪਸੰਦ ਲੋਕਾਂ ਨੂੰ ਵੀ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।
ਆਗੂਆਂ ਨੇ ਕਿਹਾ ਕਿ ਪਿੰਡਾਂ ਦੀਆਂ ਲਾਲ ਲਕੀਰਾਂ ਅਤੇ ਫਿਰਨੀਆਂ ਅੰਦਰ ਜੋ ਲੋਕਾਂ ਦੇ ਮਕਾਨ ਅਤੇ ਪਲਾਟ ਹਨ, ਉਨ੍ਹਾਂ ਦੀਆਂ ਰਜਿਸਟਰੀਆਂ ਬੰਦ ਹੋਣ ਨਾਲ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ। ਪਿੰਡਾਂ ਦੀ ਆਬਾਦੀ ਵਧਣ ਕਾਰਨ ਲਾਲ ਡੋਰੇ ਦੀ ਹੱਦ ਫਿਰਨੀਆਂ ਤੋਂ 500 ਮੀਟਰ ਤੱਕ ਵਧਾਉਣੀ ਚਾਹੀਦੀ ਹੈ। ਮੁਹਾਲੀ ਸ਼ਹਿਰ ਵਿੱਚ ਆ ਚੁੱਕੇ ਪਿੰਡਾਂ ਵਿੱਚ 55 ਮੀਟਰ ਦੀ ਉਚਾਈ ਤੱਕ ਉਸਾਰੀਆਂ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ। ਇਸ ਸਬੰਧੀ ਇਨ੍ਹਾਂ ਪਿੰਡਾਂ ਲਈ ਵੱਖਰੇ ਬਾਇਲਾਜ ਬਣਾਏ ਜਾਣ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ।
ਇਸ ਮੀਟਿੰਗ ਵਿੱਚ ਸਰਕਾਰ ਵੱਲੋਂ ਘੋਸ਼ਿਤ ਗੈਰ ਕਾਨੂੰਨੀ ਕਲੋਨੀਆਂ ਵਿੱਚ ਪਲਾਟਾਂ, ਮਕਾਨਾਂ ਦੇ ਬਿਨਾਂ ਕਿਸੇ ਐਨਓਸੀ ਤੋਂ ਰਜਿਸਟਰੀਆਂ ਖੁਲ੍ਹਵਾਉਣ ਅਤੇ ਪਿੰਡਾਂ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਕੀਤਾ ਜਾਵੇਗਾ। ਮੁਹਾਲੀ ਜ਼ਿਲੇ੍ਹ ਦੀ ਸਬ ਤਹਿਸੀਲ ਬਨੂੜ ਨੂੰ ਥਾਣਾ ਬਨੂੜ ਲੱਗਦਾ ਹੈ, ਜਿਸ ਦਾ ਡੀਐਸਪੀ ਰਾਜਪੁਰਾ ਅਤੇ ਐੱਸਐੱਸਪੀ ਪਟਿਆਲਾ ਵਿੱਚ ਹੈ ਜਦੋਂਕਿ ਬੀਡੀਪੀਓ ਰਾਜਪੁਰਾ ਅਤੇ ਡੀਡੀਪੀਓ ਦੇ ਪਟਿਆਲਾ ਵਿੱਚ ਦਫ਼ਤਰ ਹਨ। ਜਿਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਬਨੂੜ ਸਬ ਤਹਿਸੀਲ ਦੇ ਸਾਰੇ ਪਿੰਡਾਂ ਦੇ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਨਾਲ ਹੋਣ ਵਾਲੇ ਕੰਮ ਮੁਹਾਲੀ ਜ਼ਿਲ੍ਹੇ ਨਾਲ ਜੋੜੇ ਜਾਣ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…