Share on Facebook Share on Twitter Share on Google+ Share on Pinterest Share on Linkedin ਸਫ਼ਾਈ ਵਿਵਸਥਾ: ਵਿਰੋਧੀ ਧਿਰਾਂ ਦੇ ਕੌਂਸਲਰਾਂ ਤੇ ‘ਆਪ’ ਵਲੰਟੀਅਰਾਂ ਨੇ ਮੇਅਰ ਦਫ਼ਤਰ ਅੱਗੇ ਦਿੱਤਾ ਧਰਨਾ ਨਬਜ਼-ਏ-ਪੰਜਾਬ, ਮੁਹਾਲੀ, 11 ਜੁਲਾਈ: ਮੁਹਾਲੀ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨੂੰ ਲੈ ਕੇ ਮੁੜ ਤੋਂ ਸਿਆਸਤ ਭਖ ਗਈ ਹੈ। ਵਾਰਡ ਨੰਬਰ-25 ਤੋਂ ਆਮ ਆਦਮੀ ਪਾਰਟੀ (ਆਪ) ਦੀ ਕੌਂਸਲਰ ਅਰੁਣਾ ਵਸ਼ਿਸ਼ਟ ਨੇ ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਸਫ਼ਾਈ ਅਤੇ ਵਿਕਾਸ ਪੱਖੋਂ ਉਨ੍ਹਾਂ ਦੇ ਵਾਰਡ ਦੀ ਅਣਦੇਖੀ ਕਰਨ ਦਾ ਦੋਸ਼ ਲਾਇਆ। ਇਸ ਮੌਕੇ ਆਪ ਕੌਂਸਲਰ ਗੁਰਮੀਤ ਕੌਰ (ਵਾਰਡ ਨੰਬਰ-50), ਗੁਰਪ੍ਰੀਤ ਕੌਰ ਬੈਦਵਾਨ (ਵਾਰਡ ਨੰਬਰ-37), ਕਰਮਜੀਤ ਕੌਰ (ਵਾਰਡ ਨੰਬਰ-39) ਰਮਨਪ੍ਰੀਤ ਕੌਰ ਕੁੰਭੜਾ (ਵਾਰਡ ਨੰਬਰ-28), ਸਾਬਕਾ ਕੌਂਸਲਰ ਰਜਨੀ ਗੋਇਲ ਅਤੇ ਕਾਂਗਰਸ ਦੇ ਕੌਂਸਲਰ ਪ੍ਰਮੋਦ ਮਿੱਤਰਾ (ਵਾਰਡ ਨੰਬਰ-36) ਵੀ ਧਰਨੇ ’ਤੇ ਬੈਠੇ। ਜਦੋਂਕਿ ‘ਆਪ’ ਵਲੰਟੀਅਰ ਰਾਜੀਵ ਵਸ਼ਿਸ਼ਟ, ਹਰਮੇਸ਼ ਸਿੰਘ ਕੁੰਭੜਾ, ਅਰੁਣ ਗੋਇਲ, ਜਸਪਾਲ ਸਿੰਘ ਬਿੱਲਾ, ਸਵਿਤਾ ਪ੍ਰੀਨਜ, ਸੁਮਿਤ ਸੋਢੀ, ਸੁਖਚੈਨ ਸਿੰਘ, ਧਰਮ ਸਿੰਘ, ਰਾਜਿੰਦਰ ਸਿੰਘ ਅਤੇ ਬਲਵੀਰ ਸਿੰਘ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਕੌਂਸਲਰ ਅਰੁਣਾ ਵਸ਼ਿਸ਼ਟ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਵਾਰਡ ਨੰਬਰ-25 ਵਿੱਚ ‘ਬੀ’ ਸੜਕਾਂ ਦੀ ਸਫ਼ਾਈ ਨਹੀਂ ਹੋ ਰਹੀ ਅਤੇ ਸਥਾਨਕ ਵਸਨੀਕ ਰੋਜ਼ਾਨਾ ਸ਼ਿਕਾਇਤਾਂ ਕਰ ਰਹੇ ਹਨ। ਇਸ ਸਬੰਧੀ ਉਨ੍ਹਾਂ ਨੇ 10 ਦਿਨ ਪਹਿਲਾਂ ਮੇਅਰ ਨੂੰ ਚਿੱਠੀ ਲਿਖ ਕੇ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਇਸ ਦੌਰਾਨ ‘ਬੀ’ ਸੜਕਾਂ ਦੀ ਸਫ਼ਾਈ ਸ਼ੁਰੂ ਨਾ ਹੋਈ ਤਾਂ ਉਹ 11 ਜੁਲਾਈ ਨੂੰ ਮੇਅਰ ਦਫ਼ਤਰ ਦੇ ਬਾਹਰ ਧਰਨਾ ਦੇਣਗੇ। ਉਧਰ, ਧਰਨਾ ਪ੍ਰਦਰਸ਼ਨ ਦੌਰਾਨ ਮੇਅਰ ਜੀਤੀ ਸਿੱਧੂ ਅੱਜ ਦਫ਼ਤਰ ਹੀ ਨਹੀਂ ਆਏ। ਉਨ੍ਹਾਂ ਕਿਹਾ ਕਿ ਜੇਕਰ ਅਗਲੇ ਕੁਝ ਦਿਨਾਂ ਤੱਕ ਸਫ਼ਾਈ ਵਿਵਸਥਾ ਵਿੱਚ ਸੁਧਾਰ ਨਾ ਹੋਇਆ ਤਾਂ ਉਹ ਸ਼ਹਿਰ ਵਾਸੀਆਂ ਦੇ ਸਹਿਯੋਗ ਮੁੜ ਧਰਨੇ ’ਤੇ ਬੈਠਣ ਲਈ ਮਜਬੂਰ ਹੋਣਗੇ। ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਧਰਨੇ ਨੂੰ ਫੋਟੋ ਧਰਨਾ ਦੱਸਦਿਆਂ ਕਿਹਾ ਕਿ ਇਨ੍ਹਾਂ ਦਾ ਮੁੱਖ ਮੰਤਵ ਸਿਰਫ਼ ਉਨ੍ਹਾਂ ਦੇ ਦਫ਼ਤਰ ਮੂਹਰੇ ਬੈਠ ਕੇ ਫੋਟੋ ਖਿਚਵਾਉਣਾ ਸੀ। ਉਂਜ ਵੀ ਪ੍ਰਦਰਸ਼ਨਕਾਰੀ ‘ਆਪ’ ਦੇ ਵਲੰਟੀਅਰ ਸਨ ਜਦੋਂਕਿ ਪੰਜਾਬ ਵਿੱਚ ਸਰਕਾਰ ਵੀ ‘ਆਪ’ ਦੀ ਹੈ। ਇਸ ਲਈ ਇਹ ਧਰਨਾ ਸਰਕਾਰ ਖ਼ਿਲਾਫ਼ ਹੀ ਸੀ। ਮੇਅਰ ਨੇ ਕਿਹਾ ਕਿ ਨਗਰ ਨਿਗਮ ਵਿੱਚ ਕਮਿਸ਼ਨਰ ਤੋਂ ਲੈ ਕੇ ਜੇਈ, ਐਸਡੀਓ, ਐਕਸੀਅਨ ਤੱਕ ਸਰਕਾਰ ਨੇ ਤਾਇਨਾਤ ਕੀਤੇ ਹੋਏ ਹਨ। ਕਿੰਨਾ ਚੰਗਾ ਹੁੰਦਾ ਜੇ ਧਰਨਾ ਦੇਣ ਦੀ ਥਾਂ ਉਹ ਅਧਿਕਾਰੀਆਂ ਖ਼ਿਲਾਫ਼ ਸ਼ਿਕਾਇਤ ਦਿੰਦੇ। ਜੇਕਰ ਉਹ (ਮੇਅਰ) ਜ਼ਿੰਮੇਵਾਰ ਅਫ਼ਸਰਾਂ ਅਤੇ ਕਰਮਚਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਲਈ ਹਾਊਸ ਵਿੱਚ ਸਾਂਝਾ ਮਤਾ ਨਾ ਲਿਆਉਂਦੇ ਤਾਂ ਉਹ ਮੇਰੇ ਖ਼ਿਲਾਫ਼ ਧਰਨਾ ਦੇਣ ਦੇ ਹੱਕਦਾਰ ਸੀ ਕਿ ਮੇਅਰ ਵੀ ਅਫ਼ਸਰਸ਼ਾਹੀ ਨਾਲ ਰਲਿਆ ਹੋਇਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ