Share on Facebook Share on Twitter Share on Google+ Share on Pinterest Share on Linkedin ਸਾਹਿਬਜ਼ਾਦਾ ਅਜੀਤ ਸਿੰਘ ਫੁੱਟਬਾਲ ਕੱਪ: ਮੁਹਾਲੀ ਪੁਲੀਸ ਦੀ ਟੀਮ ਨੇ ਮੀਡੀਆ ਟੀਮ ਨੂੰ 11-0 ਨਾਲ ਹਰਾਇਆ ਨਬਜ਼-ਏ-ਪੰਜਾਬ, ਮੁਹਾਲੀ, 9 ਜੁਲਾਈ: ਜ਼ਿਲ੍ਹਾ ਪੁਲੀਸ ਮੁਹਾਲੀ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਮੁਹਿੰਮ ਦੇ ਤਹਿਤ ਕਰਵਾਏ ਜਾ ਰਹੇ ਪਹਿਲੇ ਸਾਹਿਬਜ਼ਾਦਾ ਅਜੀਤ ਸਿੰਘ ਫੁੱਟਬਾਲ ਕੱਪ ਦਾ ਆਗਾਜ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਮੁਹਾਲੀ ਵਿੱਚ ਫੁੱਟਬਾਲ ਮੈਦਾਨ ਵਿੱਚ ਪੂਰੀ ਸ਼ਾਨੋ-ਸ਼ੌਕਤ ਨਾਲ ਹੋਇਆ। ਇਸ ਮੌਕੇ ਜਿੱਥੇ ਰੰਗਾਰੰਗ ਪ੍ਰੋਗਰਾਮ ਦੌਰਾਨ ਪੰਜਾਬ ਦੇ ਮਸ਼ਹੂਰ ਗਾਇਕਾਂ ਗੁਰਕ੍ਰਿਪਾਲ ਸੂਰਾਪੁਰੀ, ਜੱਗ ਸਿੱਧੂ ਅਤੇ ਮਾਨਵਜੀਤ ਸਿੰਘ ਵੱਲੋਂ ਸ਼ਾਨਦਾਰ ਪੇਸ਼ਕਾਰੀ ਨਾਲ ਸਰੋਤਿਆਂ ਦਾ ਮਨ ਮੋਹਿਆ, ਉੱਥੇ ਨਸ਼ਿਆਂ ਦੇ ਖ਼ਾਤਮੇ ਦਾ ਸਨੇਹਾ ਵੀ ਦਿੱਤਾ। ਫੁੱਟਬਾਲ ਕੱਪ ਦਾ ਰਸਮੀ ਉਦਘਾਟਨ ਡੀਆਈਜੀ ਸ੍ਰੀਮਤੀ ਨੀਲਾਂਬਰੀ ਜਗਦਲੇ ਅਤੇ ਐਸਐਸਪੀ ਸੰਦੀਪ ਗਰਗ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਇਹ ਉਪਰਾਲਾ ਕੀਤਾ ਗਿਆ ਹੈ ਜਿਸਦੇ ਤਹਿਤ ਇੱਕ ਪਿੰਡ ਇੱਕ ਟੀਮ ਦੀ ਥੀਮ ਦੇ ਤਹਿਤ ਮੁਹਾਲੀ ਜ਼ਿਲ੍ਹੇ ਦੇ ਪਿੰਡਾਂ ਦੀਆਂ ਟੀਮਾਂ ਦੇ ਮੈਚ ਕਰਵਾਏ ਜਾਣੇ ਹਨ। ਇਸ ਮੌਕੇ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਪੰਜਾਬ ਵਪਾਰੀ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ, ਪੈਰਾਗਾਨ ਸਕੂਲ ਦੇ ਮੁਖੀ ਮੋਹਨਬੀਰ ਸਿੰਘ ਸ਼ੇਰਗਿੱਲ, ਸ਼ਹਿਰ ਦੇ ਕੌਂਸਲਰ ਅਤੇ ਪਤਵੰਤੇ ਹਾਜ਼ਰ ਸਨ। ਇਸ ਮੌਕੇ ਮੁਹਾਲੀ ਅਤੇ ਕੁਰਾਲੀ ਦੀਆਂ ਟੀਮਾਂ ਵਿਚਾਲੇ ਉਦਘਾਟਨੀ ਮੈਚ ਕਰਵਾਇਆ ਗਿਆ ਜਿਸ ਵਿੱਚ ਮੁਹਾਲੀ ਦੀ ਟੀਮ ਜੇਤੂ ਰਹੀ। ਇਸਦੇ ਨਾਲ ਹੀ ਮੁਹਾਲੀ ਪੁਲੀਸ ਅਤੇ ਪੱਤਰਕਾਰਾਂ ਦੀਆਂ ਟੀਮਾਂ ਵਿਚਾਲੇ ਵੀ ਸ਼ੋਅ ਮੈਚ ਕਰਵਾਇਆ ਗਿਆ। ਜਿਸ ਵਿੱਚ ਪੁਲੀਸ ਦੀ ਟੀਮ ਨੇ ਪੱਤਰਕਾਰਾਂ ਨੂੰ 11-0 ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਪੁਲੀਸ ਦੀ ਟੀਮ ਵੱਲੋਂ ਡੀਐਸਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ 5, ਡੀਐਸਪੀ ਸਿਟੀ 1 ਮੋਹਿਤ ਅਗਰਵਾਲ ਨੇ ਚਾਰ ਅਤੇ ਲਵਪ੍ਰਤ ਸਿੰਘ ਸ਼ੰਟੀ ਨੇ ਦੋ ਗੋਲ ਕੀਤੇ। ਕੱਪ ਦਾ ਪ੍ਰਬੰਧ ਸੰਭਾਲ ਰਹੇ ਡੀਐਸਪੀ ਸਿਟੀ 2 ਹਰਮਿਸਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਫੁੱਟਬਾਲ ਕੱਪ ਵਾਸਤੇ ਹੁਣ ਤਕ 100 ਦੇ ਕਰੀਬ ਪਿੰਡਾਂ ਦੀਆਂ ਟੀਮਾਂ ਰਜਿਸਟਰ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਦਾ ਕੰਮ ਹੁਣੇ ਜਾਰੀ ਹੈ ਅਤੇ ਹੋਰ ਟੀਮਾਂ ਦੇ ਵੀ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਵਾਸਤੇ ਚਾਰ ਵੱਖ-ਵੱਖੋ ਪੂਲ ਖਰੜ, ਕੁਰਾਲੀ ਅਤੇ ਮੁੱਲਾਂਪੁਰ ਪੂਲ, ਜ਼ੀਰਕਪੁਰ ਡੇਰਾਬਸੀ ਅਤੇ ਲਾਲੜੂ ਪੂਲ, ਮੁਹਾਲੀ ਸਬ ਡਿਵੀਜ਼ਨ-1 ਅਤੇ ਮੁਹਾਲੀ ਸਬ ਡਿਵੀਜ਼ਨ-2 ਦੇ ਵੱਖ-ਵੱਖ ਪੂਲ ਬਣਾਏ ਗਏ ਹਨ ਅਤੇ ਇਹਨਾਂ ਪੂਲਾਂ ਵਿੱਚ ਆਪਸੀ ਮੈਚਾਂ ਤੋਂ ਬਾਅਦ ਹਰ ਪੂਲ ’ਚੋਂ ਦੋ ਟੀਮਾਂ ਕੁਆਟਰ ਫਾਈਨਲ ਵਿੱਚ ਪਹੁੰਚਣਗੀਆਂ। ਇਨ੍ਹਾਂ ’ਚੋਂ ਜੇਤੂ ਚਾਰ ਟੀਮਾਂ ਸੈਮੀਫਾਈਨਲ ਖੇਡਣਗੀਆਂ ਅਤੇ ਫਿਰ ਜੇਤੂ ਟੀਮਾਂ ਵਿਚਾਲੇ ਫਾਈਨਲ ਮੁਕਾਬਲਾ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਫਾਈਨਲ ਮੁਕਾਬਲੇ ਦੀ ਜੇਤੂ ਟੀਮ ਨੂੰ 51 ਹਜ਼ਾਰ ਰੁਪਏ ਦਾ ਇਨਾਮ ਦਿਤਾ ਜਾਵੇਗਾ ਜਦੋਂਕਿ ਦੂਜੇ ਨੰਬਰ ’ਤੇ ਆਉੁਣ ਵਾਲੀ ਟੀਮ ਨੂੰ 31 ਹਜ਼ਾਰ ਅਤੇ ਤੀਜੇ ਸਥਾਨ ਤੇ ਆਉਣ ਵਾਲੀ ਟੀਮ ਨੂੰ 21 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਕਾਬਲੇ ਵਿੱਚ ਸ਼ਾਮਲ ਹੋਣ ਵਾਲੀ ਹਰੇਕ ਟੀਮ ਨੂੰ 10 ਟੀ-ਸ਼ਰਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਹਰੇਕ ਖਿਡਾਰੀ ਨੂੰ ਮੁਕਾਬਲਿਆਂ ਵਿੱਚ ਭਾਗ ਲੈਣ ਸਬੰਧੀ ਸਰਟੀਫਿਕੇਟ ਵੀ ਦਿੱਤੇ ਜਾਣਗੇ। ਮੈਚਾਂ ਦੌਰਾਨ ਖਿਡਾਰੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ