ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਦੀ ਸਫ਼ਾਈ ਲਈ ਜਾਰੀ ਹੋਵੇਗਾ ਵੱਖਰਾ ਟੈਂਡਰ

ਮੁਹਾਲੀ ਦੀ ਮਾੜੀ ਸਫ਼ਾਈ ਵਿਵਸਥਾ ’ਚ ਸੁਧਾਰ ਲਿਆਉਣ ਲਈ ਸਿਰਜੋੜ ਕੇ ਬੈਠੇ ਅਧਿਕਾਰੀ ਤੇ ਲੋਕ ਨੁਮਾਇੰਦੇ

ਕਾਰਜਕਾਰੀ ਮੇਅਰ ਅਮਰੀਕ ਸਿੰਘ ਸੋਮਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਲਏ ਅਹਿਮ ਫ਼ੈਸਲੇ

ਨਬਜ਼-ਏ-ਪੰਜਾਬ, ਮੁਹਾਲੀ, 11 ਜੂਨ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਸਫ਼ਾਈ ਵਿਵਸਥਾ ਬਦਤਰ ਹੋਣ ਬਾਰੇ ਮੀਡੀਆ ਵਿੱਚ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਮੁਹਾਲੀ ਨਗਰ ਨਿਗਮ ਨੇ ਗੂੜੀ ਨੀਂਦ ਤੋਂ ਜਾਗਦਿਆਂ ਕਈ ਅਹਿਮ ਫ਼ੈਸਲੇ ਲਏ ਹਨ। ਅੱਜ ਸਵੇਰੇ ਦਫ਼ਤਰ ਖੁੱਲ੍ਹਦੇ ਨਗਰ ਨਿਗਮ ਅਧਿਕਾਰੀ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਸਿਰਜੋੜ ਕੇ ਬੈਠੇ ਅਤੇ ਇਸ ਮਸਲੇ ’ਤੇ ਲੰਮੀ ਵਿਚਾਰ-ਚਰਚਾ ਕੀਤੀ।
ਮੀਟਿੰਗ ਵਿੱਚ ਸ਼ਹਿਰ ਵਿੱਚ ਕਾਫ਼ੀ ਥਾਵਾਂ ’ਤੇ ਗੰਦਗੀ ਪਸਰੀ ਹੋਣ ਅਤੇ ਕੂੜੇਦਾਨ ਦੇ ਬਾਹਰ ਦੂਰ-ਦੂਰ ਤੱਕ ਕੂੜਾ-ਕਰਕਟ ਖਿੱਲਰਿਆ ਹੋਣ ਅਤੇ ਕਈ ਮਾਰਕੀਟਾਂ ਵਿੱਚ ਗੰਦਗੀ ਅਤੇ ਸੜਕਾਂ ਵਿੱਚ ਪਏ ਖੱਡਿਆਂ ਦੇ ਮੁੱਦੇ ਚੁੱਕੇ ਗਏ। ਬੀਤੇ ਕੱਲ੍ਹ ਹੀ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸਫ਼ਾਈ ਵਿਵਸਥਾ ’ਤੇ ਸਵਾਲ ਚੁੱਕਦਿਆਂ ਕਮਿਸ਼ਨਰ ਨਵਜੋਤ ਕੌਰ ਨੂੰ ਪੱਤਰ ਲਿਖ ਕੇ ਮਕੈਨੀਕਲ ਸਵੀਪਿੰਗ ਸ਼ੁਰੂ ਨਾ ਕਰਨ ਕਾਰਨ ਗਲੋਬਲ ਵੇਸਟ ਮੈਨੇਜਮੈਂਟ ਕੰਪਨੀ ਨੂੰ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਸੀ।
ਅੱਜ ਕਾਰਜਕਾਰੀ ਮੇਅਰ ਅਮਰੀਕ ਸਿੰਘ ਸੋਮਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਕਮਿਸ਼ਨਰ ਨਵਜੋਤ ਕੌਰ ਸਮੇਤ ਸੈਨੇਟਰੀ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ। ਇੱਥੇ ਇਹ ਦੱਸਣਯੋਗ ਹੈ ਕਿ ਮੇਅਰ ਜੀਤੀ ਸਿੱਧੂ ਵਿਦੇਸ਼ ਦੌਰੇ ਕਾਰਨ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਨੂੰ ਕਾਰਜਕਾਰੀ ਮੇਅਰ ਦਾ ਚਾਰਜ ਦਿੱਤਾ ਗਿਆ ਹੈ।
ਸਫ਼ਾਈ ਦੀ ਮਾੜੀ ਹਾਲਤ ਦਾ ਜ਼ਿਕਰ ਕਰਦਿਆਂ ਡਿਪਟੀ ਮੇਅਰ ਕੁਲਜੀਤ ਬੇਦੀ ਨੇ ਮੁੜ ਦੁਹਰਾਇਆ ਕਿ ਸ਼ਹਿਰ ਦੀਆਂ ‘ਏ’ ਅਤੇ ‘ਬੀ’ ਸੜਕਾਂ ਦੀ ਸਫ਼ਾਈ ਦਾ ਤੁਰੰਤ ਪ੍ਰਬੰਧ ਕਰਵਾਇਆ ਜਾਵੇ ਅਤੇ ਮਸ਼ੀਨੀ ਸਫ਼ਾਈ ਫੌਰੀ ਸ਼ੁਰੂ ਕਰਵਾਈ ਜਾਵੇ। ਕਾਰਜਕਾਰੀ ਮੇਅਰ ਨੇ ਮੌਕੇ ’ਤੇ ਹੀ ਕਮਿਸ਼ਨਰ ਨੂੰ ਤੁਰੰਤ ਸਫ਼ਾਈ ਵਿਵਸਥਾ ਠੀਕ ਕਰਨ ਦੀਆਂ ਹਦਾਇਤਾਂ ਦਿੱਤੀਆਂ। ਸ਼ਹਿਰ ਵਿੱਚ ਥਾਂ-ਥਾਂ ’ਤੇ ਪਸਰੀ ਗੰਦਗੀ ’ਤੇ ਚਿੰਤਾ ਪ੍ਰਗਟ ਕਰਦਿਆਂ ਸੋਮਲ ਨੇ ਕਿਹਾ ਕਿ ਮਾਰਕੀਟਾਂ ਵਿੱਚ ਸਫ਼ਾਈ ਨਹੀਂ ਹੋ ਰਹੀ। ਲਿਹਾਜ਼ਾ ਮਾਰਕੀਟਾਂ ਵਿੱਚ ਫੌਰੀ ਸਾਫ਼-ਸਫ਼ਾਈ ਲਈ ਵੱਖਰਾ ਟੈਂਡਰ ਕੱਢਿਆ ਜਾਵੇ। ਇਹ ਫ਼ੈਸਲਾ ਵੀ ਕੀਤਾ ਕਿ ਮੁੱਖ ਮਾਰਕੀਟਾਂ ਵਿੱਚ ਸਫ਼ਾਈ ਕਰਮਚਾਰੀ ਕੂੜਾ ਚੁੱਕਣ ਦੇ ਨਾਲ-ਨਾਲ ਦੁਕਾਨਾਂ ਤੋਂ ਕੂੜੇ ਦੀ ਕਲੈਕਸ਼ਨ ਵੀ ਕਰਨਗੇ।
ਕਾਰਜਕਾਰੀ ਮੇਅਰ ਸੋਮਲ ਨੇ ਹਦਾਇਤਾਂ ਦਿੱਤੀਆਂ ਕਿ ਸ਼ਹਿਰ ਵਿੱਚ ਲੋੜ ਅਨੁਸਾਰ ਹੋਰ ਸਫ਼ਾਈ ਸੇਵਕ ਲਏ ਜਾਣ ਅਤੇ ਠੇਕੇਦਾਰ ਨੂੰ ਨੋਟਿਸ ਜਾਰੀ ਕਰਕੇ ਉਸ ਦੀ ਜਵਾਬਤਲਬੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ ਮਸ਼ੀਨਰੀ ਲਿਆਉਣ ਲਈ ਦਿੱਤੀ ਮੋਹਲਤ ਦਾ ਸਮਾਂ ਪੂਰਾ ਹੋ ਚੁੱਕਾ ਹੈ ਪ੍ਰੰਤੂ ਹਾਲੇ ਤੱਕ ਮਸ਼ੀਨਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ। ਉਧਰ, ਮਕੈਨੀਕਲ ਠੇਕੇਦਾਰ ਨੇ ਨਿਗਮ ਨੂੰ ਇੱਕ ਚਿੱਠੀ ਲਿਖ ਕੇ ਹੋਰ ਮੋਹਲਤ ਮੰਗੀ ਹੈ। ਕਾਰਜਕਾਰੀ ਮੇਅਰ ਨੇ ਕਿਹਾ ਕਿ ਠੇਕੇਦਾਰ ਨੂੰ ਤੁਰੰਤ ਦਫ਼ਤਰ ਸੱਦਿਆ ਜਾਵੇ।
ਮੀਟਿੰਗ ਵਿੱਚ ਅਸਿਸਟੈਂਟ ਕਮਿਸ਼ਨਰ ਰੰਜੀਵ ਕੁਮਾਰ, ਕੌਂਸਲਰ ਬਲਜੀਤ ਕੌਰ, ਕਮਲਪ੍ਰੀਤ ਸਿੰਘ ਬੰਨੀ, ਕੁਲਵੰਤ ਸਿੰਘ ਕਲੇਰ, ਸਮਾਜ ਸੇਵੀ ਗੁਰਚਰਨ ਸਿੰਘ ਭੰਵਰਾ ਸਮੇਤ ਸੈਨੇਟਰੀ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…