ਲੋਕ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ 4 ਜੂਨ ਨੂੰ, ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ

ਗਿਣਤੀ ਕੇਂਦਰ ਵਿੱਚ ਮੋਬਾਈਲ ਫੋਨ ਨਾਲ ਲੈ ਕੇ ਜਾਣ ’ਤੇ ਪਾਬੰਦੀ ਲਗਾਈ

ਨਬਜ਼-ਏ-ਪੰਜਾਬ, ਮੁਹਾਲੀ, 3 ਜੂਨ:
ਪੰਜਾਬ ਵਿੱਚ ਬੀਤੀ 1 ਜੂਨ ਨੂੰ ਹੋਈਆਂ ਲੋਕ ਸਭਾ ਚੋਣਾਂ ਸਬੰਧੀ ਸ੍ਰੀ ਆਨੰਦਪੁਰ ਸਾਹਿਬ ਹਲਕੇ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਮੁਹਾਲੀ ਅਤੇ ਖਰੜ ਵੋਟਾਂ ਦੀ ਗਿਣਤੀ ਭਲਕੇ 4 ਜੂਨ ਨੂੰ ਸਰਕਾਰੀ ਬਹੁ-ਤਕਨੀਕੀ ਕਾਲਜ ਖੂਨੀਮਾਜਰਾ ਵਿਖੇ ਗਿਣਤੀ ਨਿਗਰਾਨ ਮੁਹੰਮਦ ਆਵੇਸ਼ ਦੀ ਦੇਖਰੇਖ ਵਿੱਚ ਕੀਤੀ ਜਾਵੇਗੀ। ਇਸ ਸਬੰਧੀ ਸਾਰੀਆਂ ਤਿਆਰੀਆਂ ਅਤੇ ਸੁਰੱਖਿਆ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਮੁਹਾਲੀ ਦੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਜਦੋਂਕਿ ਲੋਕ ਸਭਾ ਹਲਕਾ ਪਟਿਆਲਾ ਅਧੀਨ ਪੈਂਦੇ ਜ਼ੀਰਕਪੁਰ, ਡੇਰਾਬੱਸੀ, ਲਾਲੜੂ ਸ਼ਹਿਰੀ ਅਤੇ ਪੇਂਡੂ ਖੇਤਰ ਦੀਆਂ ਵੋਟਾਂ ਦੀ ਗਿਣਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗਿਣਤੀ ਕੇਂਦਰ ਵਿੱਚ ਹੋਵੇਗੀ। ਗਿਣਤੀ ਟੀਮਾਂ ਨੂੰ ਸਵੇਰੇ 5 ਵਜੇ ਗਿਣਤੀ ਕੇਂਦਰਾਂ ਵਿੱਚ ਰਿਪੋਰਟ ਕਰਨ ਲਈ ਕਿਹਾ ਗਿਆ ਹੈ, ਜਿੱਥੇ ਟੀਮਾਂ ਨੂੰ ਗਿਣਤੀ ਟੇਬਲ ਅਲਾਟ ਕਰਨ ਲਈ ਰੈਂਡਮਾਈਜ਼ੇਸ਼ਨ ਦਾ ਇੱਕ ਹੋਰ ਅੰਤਿਮ ਸੈਸ਼ਨ ਕੀਤਾ ਜਾਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਗਿਣਤੀ ਕੇਂਦਰ ਇਮਾਰਤ ਵਿੱਚ ਮੀਡੀਆ ਸੈਂਟਰ ਬਣਾਇਆ ਗਿਆ ਹੈ। ਗਿਣਤੀ ਹਾਲ ਦੇ ਅੰਦਰ ਮੋਬਾਈਲ/ਆਈ-ਪੈਡ, ਲੈਪਟਾਪ ਅਤੇ ਹੋਰ ਸਮਾਨ ਜਿਵੇਂ ਇਲੈੱਕਟ੍ਰਾਨਿਕ ਯੰਤਰ ਜਾਂ ਕੋਈ ਰਿਕਾਰਡਿੰਗ ਯੰਤਰ ਨਹੀਂ ਲਿਜਾਇਆ ਜਾਵੇਗਾ। ਅਜਿਹੀਆਂ ਸਾਰੀਆਂ ਚੀਜ਼ਾਂ ਨੂੰ ਮੀਡੀਆ ਰੂਮ/ਪਬਲਿਕ ਕਮਿਊਨੀਕੇਸ਼ਨ ਰੂਮ ਵਿੱਚ ਜਮਾਂ ਕਰਵਾਉਣਾ ਲਾਜ਼ਮੀ ਹੋਵੇਗਾ। ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰ ਵਿੱਚ ਕੁੱਲ ਦੋ ਗਿਣਤੀ ਹਾਲ ਬਣਾਏ ਗਏ ਹਨ। ਹਰੇਕ ਗਿਣਤੀ ਹਾਲ ਵਿੱਚ 14 ਗਿਣਤੀ ਟੇਬਲ ਹੋਣਗੇ। ਹਰੇਕ ਟੇਬਲ ’ਤੇ ਗਿਣਤੀ ਸੁਪਰਵਾਈਜ਼ਰ, ਇੱਕ ਗਿਣਤੀ ਅਸਿਸਟੈਂਟ, ਗਿਣਤੀ ਸਟਾਫ਼/ਗਰੁੱਪ ‘ਡੀ’ ਕਰਮਚਾਰੀ ਅਤੇ ਇੱਕ ਮਾਈਕਰੋ ਆਬਜ਼ਰਵਰ ਡਿਊਟੀ ’ਤੇ ਹੋਣਗੇ। ਹਰੇਕ ਹਲਕੇ ਨੂੰ 14 ਗਿਣਤੀ ਟੇਬਲਾਂ ਦੇ ਮੁਕਾਬਲੇ 5 ਰਾਖਵੀਂਆਂ ਟੀਮਾਂ ਸਮੇਤ 19- 19 ਟੀਮਾਂ ਦੀ ਵੰਡ ਕੀਤੀ ਗਈ ਹੈ।
ਸ੍ਰੀਮਤੀ ਜੈਨ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਪ੍ਰਵਾਨਿਤ ਵਿਅਕਤੀ ਹੀ ਗਿਣਤੀ ਕੇਂਦਰਾਂ ਵਿੱਚ ਦਾਖ਼ਲ ਹੋ ਸਕੇਗਾ। ਵੋਟਾਂ ਦੀ ਗਿਣਤੀ ਦੀ ਸਰਕਾਰੀ ਤੌਰ ’ਤੇ ਵੀਡੀਓਗਰਾਫ਼ੀ ਕਰਵਾਈ ਜਾਵੇਗੀ। ਗਿਣਤੀ ਏਜੰਟ, ਜਿਨ੍ਹਾਂ ਨੂੰ ਸਹਾਇਕ ਰਿਟਰਨਿੰਗ ਅਫ਼ਸਰਾਂ ਵੱਲੋਂ ਸ਼ਨਾਖ਼ਤੀ ਕਾਰਡ ਜਾਰੀ ਕੀਤੇ ਗਏ ਹਨ, ਆਪਣੀਆਂ ਨਿਰਧਾਰਿਤ ਸੀਟਾਂ ’ਤੇ ਹੀ ਬੈਠਣਗੇ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਗਿਣਤੀ ਕੇਂਦਰ ਵਿੱਚ ਮੋਬਾਈਲ ਨਹੀਂ ਲਿਜਾ ਸਕੇਗਾ। ਇਹੀ ਨਹੀਂ ਗਿਣਤੀ ਕੇਂਦਰ ਦੀ ਇਮਾਰਤ ਵਿੱਚ ਕਿਸੇ ਵੀ ਵਾਹਨ ਦੇ ਦਾਖ਼ਲੇ ’ਤੇ ਪਾਬੰਦੀ ਹੋਵੇਗੀ।
ਡੀਸੀ ਨੇ ਸਪੱਸ਼ਟ ਕੀਤਾ ਕਿ ਗਿਣਤੀ ਹਾਲ ਅੰਦਰ ਅਧਿਕਾਰਤ ਰਿਕਾਰਡਿੰਗ ਲਈ ਸਰਕਾਰੀ ਵੀਡੀਓ ਕੈਮਰਿਆਂ ਤੋਂ ਇਲਾਵਾ ਕੋਈ ਵੀ ਸਟਿੱਲ ਜਾਂ ਵੀਡੀਓ ਕੈਮਰਿਆਂ ਦੀ ਇਜਾਜ਼ਤ ਨਹੀਂ ਹੈ। ਚੋਣ ਕਮਿਸ਼ਨਰ ਵੱਲੋਂ ਜਾਰੀ ਕੀਤੇ ਮੀਡੀਆ ਪਾਸ ਲੈ ਕੇ ਪੱਤਰਕਾਰਾਂ ਨੂੰ ਗਿਣਤੀ ਹਾਲ ਅੰਦਰ ਬਿਨਾਂ ਸਟੈਂਡ, ਹੱਥਾਂ ਨਾਲ ਫੜੇ ਜਾਣ ਵਾਲੇ ਕੈਮਰੇ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਮੀਡੀਆ ਕਰਮੀਆਂ/ਪੱਤਰਕਾਰਾਂ ਵੱਲੋਂ ਹੱਥ ਵਿੱਚ ਫੜੇ ਕੈਮਰਿਆਂ ਨਾਲ ਗਿਣਤੀ ਪ੍ਰਕਿਰਿਆ ਦੀ ਆਡੀਓ-ਵਿਜ਼ੂਅਲ ਕਵਰੇਜ ਲੈਂਦੇ ਸਮੇਂ ਵਿਅਕਤੀਗਤ ਤੌਰ ’ਤੇ ਈਵੀਐਮ ਮਸ਼ੀਨ ਜਾਂ ਵੀਵੀਪੀਏਟੀ ’ਤੇ ਦਿਖਾਏ ਜਾ ਰਹੇ ਨਤੀਜੇ ਦੀ ਵੀਡੀਓ/ਫੋਟੋਗਰਾਫ਼ੀ ਕਰਨ ਦੀ ਮਨਾਹੀ ਹੋਵੇਗੀ। ਮੀਡੀਆ ਸੈਂਟਰ ਵਿੱਚ ਡਿਊਟੀ ’ਤੇ ਤਾਇਨਾਤ ਅਧਿਕਾਰੀ ਮੀਡੀਆ ਨੂੰ ਥੋੜੇ ਥੋੜੇ ਸਮੇਂ ਲਈ ਨਿਯਮਤ ਅੰਤਰਾਲਾਂ ’ਤੇ ਗਿਣਤੀ ਹਾਲਾਂ ਦਾ ਦੌਰਾ ਕਰਵਾਉਣਗੇ।
ਉਧਰ, ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਭਲਕੇ ਮੰਗਲਵਾਰ ਲੋਕ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਸਬੰਧੀ ਜ਼ਿਲ੍ਹਾ ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ ਅਤੇ ਕਿਸੇ ਨੂੰ ਅਮਨ-ਕਾਨੂੰਨ ਦੀ ਸਥਿਤੀ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਸਮਰਥਕਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਵੋਟਾਂ ਦੀ ਗਿਣਤੀ ਦੌਰਾਨ ਅਮਨ-ਸ਼ਾਂਤੀ ਬਣਾਈ ਰੱਖਣ ਵਿੱਚ ਪੁਲੀਸ ਨੂੰ ਸਹਿਯੋਗ ਦੇਣ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…