Share on Facebook Share on Twitter Share on Google+ Share on Pinterest Share on Linkedin ਝਿਊਰਹੇੜੀ ਦੇ ਬਾਸ਼ਿੰਦੇ ਪੀਣ ਵਾਲੇ ਪਾਣੀ ਨੂੰ ਤਰਸੇ, ਪੁਰਾਣੇ ਖੂਹ ਦੀ ਸਫ਼ਾਈ ਕਰਨ ’ਚ ਜੁਟੇ ਨੌਜਵਾਨ ਪੁਰਾਣਾ ਟਿਊਬਵੈੱਲ ਫੇਲ੍ਹ, ਮੋਟਰ ਟੁੱਟ ਕੇ ਪਾਈਪਲਾਈਨ ’ਚ ਡਿੱਗੀ ਨਵਾਂ ਟਿਊਬਵੈੱਲ ਲਗਾਉਣ ਲਈ 30 ਲੱਖ ਦਾ ਐਸਟੀਮੇਟ ਤਿਆਰ ਨਹੀਂ ਮਿਲੀ ਪ੍ਰਵਾਨਗੀ ਨਬਜ਼-ਏ-ਪੰਜਾਬ, ਮੁਹਾਲੀ, 2 ਜੂਨ: ਸ਼ਹੀਦ ਭਗਤ ਸਿੰਘ ਕੌਮਾਂਤਰੀ ਏਅਰਪੋਰਟ ਦੀ ਬਿਲਕੁਲ ਜੂਹ ਵਿੱਚ ਵਸਦੇ ਪਿੰਡ ਝਿਊਰਹੇੜੀ ਦੇ ਵਸਨੀਕ ਕਾਫ਼ੀ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਜਲ ਸਪਲਾਈ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਇੱਕ ਦੂਜੇ ’ਤੇ ਗੱਲ ਸੁੱਟ ਕੇ ਪੱਲਾ ਝਾੜ ਰਹੇ ਹਨ। ਅੱਤ ਦੀ ਗਰਮੀ ਵਿੱਚ ਗਰੀਬ ਵਰਗ ਦੇ ਲੋਕ ਡਾਢੇ ਪ੍ਰੇਸ਼ਾਨ ਹਨ। ਇਨ੍ਹਾਂ ਦੇ ਮੁਹੱਲੇ ਵਿੱਚ ਲੋਕ ਬੂੰਦ-ਬੂੰਦ ਪਾਣੀ ਨੂੰ ਤਰਸ ਗਏ ਹਨ। ਕੁੱਝ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਸੀ ਲੇਕਿਨ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਪੰਚਾਇਤਾਂ ਭੰਗ ਹੋਣ ਕਾਰਨ ਜੇਈ ਜਸਪਾਲ ਮਸੀਹ ਨੂੰ ਪ੍ਰਬੰਧਕ ਲਗਾਇਆ ਗਿਆ ਹੈ। ਉਧਰ, ਦਲਿਤ ਵਰਗ ਦੇ ਉੱਦਮੀ ਨੌਜਵਾਨਾਂ ਨੇ ਬੰਦ ਪਏ ਪੁਰਾਤਨ ਖੂਹ ਦੀ ਸਫ਼ਾਈ ਦਾ ਬੀੜਾ ਚੁੱਕਿਆ ਹੈ। ਸਾਬਕਾ ਸਰਪੰਚ ਪ੍ਰੇਮ ਸਿੰਘ ਦੀ ਦੇਖਰੇਖ ਹੇਠ ਡਾ. ਸੁਖਬੀਰ ਸਿੰਘ, ਗੁਰਪ੍ਰੀਤ ਸਿੰਘ, ਹਰਮਨਜੋਤ ਸਿੰਘ, ਰਜਿੰਦਰ ਸਿੰਘ, ਲਖਵਿੰਦਰ ਸਿੰਘ, ਲਵਪ੍ਰੀਤ ਸਿੰਘ, ਪ੍ਰਭਜੋਤ ਸਿੰਘ ਅਤੇ ਹੋਰ ਨੌਜਵਾਨ ਪੁਰਾਣੇ ਖੂਹ ਦੀ ਸਫ਼ਾਈ ਕਰਨ ਵਿੱਚ ਲੱਗੇ ਹੋਏ ਹਨ ਤਾਂ ਜੋ ਇਸ ਖੂਹ ਨੂੰ ਪੁਰਾਤਨ ਯਾਦਗਾਰ ਵਜੋਂ ਸਾਂਭਿਆ ਜਾਵੇ ਅਤੇ ਪਿਆਸ ਬੁਝਾਈ ਜਾ ਸਕੇ। ਪਿੰਡ ਵਾਸੀ ਜਸਵਿੰਦਰ ਸਿੰਘ, ਗੁਰਸੇਵਕ ਸਿੰਘ, ਕੁਲਵਿੰਦਰ ਸਿੰਘ ਅਤੇ ਹੋਰਨਾਂ ਵਿਅਕਤੀਆਂ ਨੇ ਕੁੱਝ ਦਿਨ ਪਹਿਲਾਂ ਹੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਉਕਤ ਸਮੱਸਿਆ ਤੋਂ ਜਾਣੂ ਕਰਵਾਇਆ ਗਿਆ ਸੀ। ਏਡੀਸੀ ਨੇ ਡੀਡੀਪੀਓ ਅਤੇ ਬੀਡੀਪੀਓ ਨੂੰ ਤੁਰੰਤ ਐਕਸ਼ਨ ਲੈਣ ਲਈ ਲਿਖਿਆ ਸੀ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਪੰਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਰਾਣੇ ਟਿਊਬਵੈੱਲ ਦੀ ਮੋਟਰ ਖ਼ਰਾਬ ਹੈ। ਕੁੱਝ ਦਿਨ ਪਹਿਲਾਂ ਮੋਟਰ ਟੁੱਟ ਕੇ ਪਾਈਪਲਾਈਨ ਵਿੱਚ ਡਿੱਗ ਗਈ ਸੀ। ਉਨ੍ਹਾਂ ਦੱਸਿਆ ਕਿ ਗਰਾਮ ਪੰਚਾਇਤ ਵੱਲੋਂ ਨਵਾਂ ਟਿਊਬਵੈੱਲ ਲਗਾਉਣ ਲਈ 30 ਲੱਖ ਰੁਪਏ ਦਾ ਐਸਟੀਮੇਟ ਤਿਆਰ ਕਰਕੇ ਵਿਭਾਗ ਨੂੰ ਭੇਜਿਆ ਹੋਇਆ ਹੈ ਪ੍ਰੰਤੂ ‘ਆਪ’ ਸਰਕਾਰ ਨੇ ਪ੍ਰਵਾਨਗੀ ਨਹੀਂ ਮਿਲੀ। ਜਲ ਸਪਲਾਈ ਵਿਭਾਗ ਦੇ ਐਕਸੀਅਨ ਰਮਨਪ੍ਰੀਤ ਸਿੰਘ ਅਤੇ ਐਸਡੀਓ ਰਜਿੰਦਰ ਸਚਦੇਵਾ ਨੇ ਦੱਸਿਆ ਕਿ ਹਾਲੇ ਤੱਕ ਵਿਭਾਗ ਕੋਲ ਪੈਸੇ ਜਮ੍ਹਾ ਨਹੀਂ ਹੋਏ ਹਨ। ਪੁਰਾਣੇ ਟਿਊਬਵੈੱਲ ਦੀ ਮੋਟਰ ਬਾਹਰ ਕੱਢ ਕੇ ਮੁਰੰਮਤ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਚਾਇਤ ਕੋਲ ਫੰਡ ਉਪਲਬਧ ਹਨ, ਉਹ ਆਪਣੇ ਪੱਧਰ ’ਤੇ ਵੀ ਨਵਾਂ ਟਿਊਬਵੈੱਲ ਲਗਾ ਸਕਦੇ ਹਨ। ਉਂਜ ਅਧਿਕਾਰੀਆਂ ਨੇ ਕਿਹਾ ਕਿ ਪ੍ਰਵਾਨਗੀ ਮਿਲਣ ਅਤੇ ਵਿਭਾਗ ਕੋਲ ਪੈਸੇ ਜਮ੍ਹਾ ਹੋਣ ਤੋਂ ਬਾਅਦ ਨਵਾਂ ਟਿਊਬਵੈੱਲ ਲਾਇਆ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ