ਪੰਜਾਬ ’ਚੋਂ ਨਸ਼ਿਆਂ, ਗੁੰਡਾਗਰਦੀ ਅਤੇ ਮਾਫ਼ੀਆ ਰਾਜ ਦਾ ਖ਼ਾਤਮਾ ਕਰੇਗੀ ਭਾਜਪਾ: ਯੋਗੀ ਅਦਿੱਤਿਆਨਾਥ

ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਵੱਲੋਂ ਚੋਣ ਪ੍ਰਚਾਰ

ਨਬਜ਼-ਏ-ਪੰਜਾਬ, ਮੁਹਾਲੀ, 30 ਮਈ:
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਅਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਮੁਹਾਲੀ ਵਿੱਚ ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਪਿੰਡ ਬੜਮਾਜਰਾ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਯੋਗੀ ਅਦਿੱਤਿਆਨਾਥ ਨੇ ਕਿਹਾ ਕਿ ਪੰਜਾਬ ’ਚੋਂ ਨਸ਼ਿਆਂ, ਨਾਜਾਇਜ਼ ਮਾਈਨਿੰਗ, ਗੁੰਡਾਗਰਦੀ ਅਤੇ ਮਾਫ਼ੀਆ ਦੇ ਖ਼ਾਤਮੇ ਲਈ ਭਾਜਪਾ ਦੀ ਸਰਕਾਰ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਰੋਧੀ ਤਾਕਤਾਂ ਨੂੰ ਨੱਥ ਪਾਈ ਹੈ ਅਤੇ ਉਨ੍ਹਾਂ ਨੇ ਯੂਪੀ ਵਿੱਚ ਗੈਂਗਸਟਰਾਂ ਦਾ ਖ਼ਾਤਮਾ ਕੀਤਾ ਹੈ, ਓਵੇਂ ਪੰਜਾਬ ਨੂੰ ਵੀ ਅਜਿਹੀ ਯੋਗ ਲੀਡਰਸ਼ਿਪ ਦੀ ਲੋੜ ਹੈ।
‘ਆਪ’ ਅਤੇ ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਯੋਗੀ ਨੇ ਕਿਹਾ ਕਿ ਇਨ੍ਹਾਂ ਦੋਵੇਂ ਪਾਰਟੀਆਂ ਦੇ ਆਗੂ ਲੋਕਾਂ ਨੂੰ ਬੁੱਧੂ ਬਣਾ ਰਹੇ ਹਨ। ਚੰਡੀਗੜ੍ਹ, ਦਿੱਲੀ ਅਤੇ ਹਰਿਆਣਾ ਸਮੇਤ ਹੋਰਨਾਂ ਸੂਬਿਆਂ ਵਿੱਚ ਕਾਂਗਰਸ ਅਤੇ ‘ਆਪ’ ਵੱਲੋਂ ਮਿਲ ਕੇ ਚੋਣ ਲੜ ਰਹੀਆਂ ਹਨ ਜਦਕਿ ਪੰਜਾਬ ਵਿੱਚ ਇੱਕ ਦੂਜੇ ਦੇ ਵਿਰੁੱਧ ਬੋਲ ਕੇ ਲੋਕਾਂ ਨੂੰ ਸ਼ਰ੍ਹੇਆਮ ਗੁਮਰਾਹ ਕਰ ਰਹੇ ਹਨ।

ਯੋਗੀ ਆਦਿੱਤਿਆਨਾਥ ਨੇ ਕਿਹਾ, ‘‘ਪਿਛਲੇ 70 ਸਾਲਾਂ ਤੋਂ ਰਾਜ ਕਰਨ ਵਾਲਿਆਂ ਦੇ ਮਾੜੇ ਸ਼ਾਸਨ ਕਾਰਨ ਪੰਜਾਬੀ ਅੱਜ ਦੁਖੀ ਹਨ। ਉਨ੍ਹਾਂ ਕਿਹਾ ਕਿ ਯੂਪੀ ਵਿੱਚ ਸਿੱਖਾਂ ਅਤੇ ਹਿੰਦੂਆਂ ਦੇ ਧਾਰਮਿਕ ਤਿਉਹਾਰ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਪ੍ਰਧਾਨ ਮੰਤਰੀ ਮੋਦੀ ਦੇ ਯਤਨਾਂ ਸਦਕਾ ਕਰਤਾਰਪੁਰ ਲਾਂਘਾ ਖੁੱਲ੍ਹਿਆ। ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਵੀਰ ਬਾਲ ਦਿਵਸ 26 ਦਸੰਬਰ ਨੂੰ ਮਨਾਇਆ ਜਾਣ ਲੱਗਿਆ ਹੈ। ਇਹ ਸਾਡੇ ਸਿੱਖ ਭੈਣ-ਭਰਾਵਾਂ ਲਈ ਪ੍ਰਧਾਨ ਮੰਤਰੀ ਦਾ ਪਿਆਰ ਹੈ। ਯੋਗੀ ਨੇ ਕਿਹਾ ਕਿ ਜਦੋਂ ਤੋਂ ਯੂਪੀ ਵਿੱਚ ਉਨ੍ਹਾਂ ਦੀ ਸਰਕਾਰ ਬਣੀ ਸੀ, ਸਿੱਖਾਂ ਵਿਰੁੱਧ ਕੋਈ ਦੰਗਾ ਨਹੀਂ ਹੋਇਆ। ਇਸ ਮੌਕੇ ਭਾਜਪਾ ਦੀ ਕੌਮੀ ਆਗੂ ਕੇਵਲ ਸਿੰਘ ਢਿੱਲੋਂ, ਅਮਨਜੋਤ ਕੌਰ ਰਾਮੂਵਾਲੀਆ, ਸੂਬਾ ਆਗੂ ਸੁਖਵਿੰਦਰ ਸਿੰਘ ਗੋਲਡੀ, ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ, ਮੀਡੀਆ ਇੰਚਾਰਜ ਹਰਦੇਵ ਸਿੰਘ ਉੱਭਾ ਅਤੇ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਤੇ ਬੀਬੀਆਂ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…