Share on Facebook Share on Twitter Share on Google+ Share on Pinterest Share on Linkedin ਕੌਮਾਂਤਰੀ ਕਬੱਡੀ ਖਿਡਾਰੀ ਪੰਮਾ ਸੋਹਾਣਾ ਦੀ ਸੜਕ ਹਾਦਸੇ ਵਿੱਚ ਮੌਤ, ਇਲਾਕੇ ’ਚ ਸੋਗ ਦੀ ਲਹਿਰ ਅੰਤਿਮ ਸਸਕਾਰ ਮੌਕੇ ‘ਆਪ’ ਵਿਧਾਇਕ, ਸਾਬਕਾ ਮੰਤਰੀ, ਖਿਡਾਰੀ ਤੇ ਖੇਡ ਪ੍ਰਮੋਟਰਜ਼ ਵੀ ਪਹੁੰਚੇ ਨਬਜ਼-ਏ-ਪੰਜਾਬ, ਮੁਹਾਲੀ, 30 ਮਈ: ਮੁਹਾਲੀ ਦੇ ਵਸਨੀਕ ਅਤੇ ਕੌਮਾਂਤਰੀ ਕਬੱਡੀ ਖਿਡਾਰੀ (ਪ੍ਰਸਿੱਧ ਜਾਫ਼ੀ) ਪਰਮਜੀਤ ਸਿੰਘ ਪੰਮਾ ਸੋਹਾਣਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮੁਹਾਲੀ ਦਾ ਮਾਣ ਇਸ ਨੌਜਵਾਨ ਦੀ ਮੌਤ ਨਾਲ ਖੇਡ ਜਗਤ ਅਤੇ ਮੁਹਾਲੀ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ ਦੇਰ ਰਾਤ ਕਰੀਬ 11 ਵਜੇ ਮੌਲੀ ਬੈਦਵਾਨ ਅਕੈਡਮੀ ਤੋਂ ਵਾਪਸ ਆਪਣੇ ਘਰ ਆ ਰਿਹਾ ਸੀ ਇੱਥੋਂ ਦੇ ਸੈਕਟਰ-79 ਵਿੱਚ ਪੰਮਾ ਸੋਹਾਣਾ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ 10 ਤੋਂ 12 ਜੂਨ ਨੂੰ ਕੈਨੇਡਾ ਵਿੱਚ ਹੋਣ ਵਾਲੇ ਕਬੱਡੀ ਕੱਪ ਵਿੱਚ ਪੰਮਾ ਸੋਹਾਣਾ ਨੇ ਪੰਜਾਬ ਦੀ ਨੁਮਾਇੰਦਗੀ ਕਰਨੀ ਸੀ। ਇਹ ਕਬੱਡੀ ਕੱਪ ਜਿੱਤਣ ਲਈ ਉਹ ਦਿਨ ਰਾਤ ਸਖ਼ਤ ਮਿਹਨਤ ਕਰ ਰਿਹਾ ਸੀ ਪਰ ਵਾਹਿਗੁਰੂ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਇਸ ਤੋਂ ਪਹਿਲਾਂ ਵੀ ਉਹ ਵੱਖ-ਵੱਖ ਮੁਲਕਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬ ਖਾਸ ਕਰ ਕੇ ਮੁਹਾਲੀ ਦਾ ਨਾਂ ਰੌਸ਼ਨ ਕਰ ਚੁੱਕਾ ਹੈ। ਉਹ ਆਪਣੇ ਪਿੱਛੇ ਪਤਨੀ, ਸੱਤ ਸਾਲ ਦੀ ਬੇਟੀ ਅਤੇ ਚਾਰ ਸਾਲ ਦਾ ਬੇਟਾ ਛੱਡ ਗਿਆ ਹੈ। ਮੌਲੀ ਬੈਦਵਾਨ ਕਬੱਡੀ ਅਕੈਡਮੀ ਦੇ ਸੰਸਥਾਪਕ ਤੇ ਮੁੱਖ ਕੋਚ ਮਾਸਟਰ ਭੁਪਿੰਦਰ ਸਿੰਘ ਭਿੰਦਾ ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਪੰਮਾ ਸੋਹਾਣਾ ਨੂੰ ਛੋਟੇ ਹੁੰਦੇ ਹੀ ਮਾਂ ਖੇਡ ਕਬੱਡੀ ਨਾਲ ਬਹੁਤ ਮੋਹ ਸੀ। ਛੋਟੀ ਉਮਰੇ ਉਹ 23 ਤੋਂ 35 ਕਿੱਲੋ ਭਾਰ ਵਾਲੀ ਕਬੱਡੀ ਖੇਡਦਾ ਸੀ। ਸਾਲ 2005 ਵਿੱਚ ਉਸ ਦੇ ਪਿਤਾ ਸੇਵਾਮੁਕਤ ਥਾਣੇਦਾਰ ਪਿਆਰਾ ਸਿੰਘ ਆਪਣੇ ਬੇਟੇ ਪੰਮੇ ਨੂੰ ਉਨ੍ਹਾਂ ਕੋਲ ਛੱਡ ਗਏ ਅਤੇ ਉਹ ਕਰੀਬ ਡੇਢ ਸਾਲ ਮੌਲੀ ਬੈਦਵਾਨ ਅਕੈਡਮੀ ਵਿੱਚ ਰਿਹਾ। ਇਸ ਮਗਰੋਂ ਉਹ ਵੱਡੇ ਟੂਰਨਾਮੈਂਟ ਖੇਡਣ ਲੱਗ ਪਿਆ ਅਤੇ ਦੇਖਦੇ ਹੀ ਦੇਖਦੇ ਵਿਦੇਸ਼ੀ ਮੁਲਕਾਂ ਵਿੱਚ ਧੁੰਮਾਂ ਪਾ ਦਿੱਤੀਆਂ। ਬਿੰਦੇ ਨੇ ਦੱਸਿਆ ਕਿ ਪੰਮਾ ਸੋਹਾਣਾ ਬਹੁਤ ਨਿੱਘੇ ਸੁਭਾਅ ਦਾ ਮਾਲਕ ਸੀ ਅਤੇ ਪਹਿਲੀ ਮਿਲਣੀ ਵਿੱਚ ਹੀ ਹਰੇਕ ਵਿਅਕਤੀ ਨੂੰ ਆਪਣਾ ਮੁਰੀਦ ਬਣਾ ਲੈਂਦਾ ਸੀ। ਉਹ ਯੂਰਪ ਦੇ ਸਾਰੇ ਦੇਸ਼ਾਂ ਫਰਾਂਸ, ਇੰਗਲੈਂਡ, ਇਟਲੀ, ਕੈਨੇਡਾ, ਨਿਊਜ਼ੀਲੈਂਡ ਸਮੇਤ ਹੋਰ ਕਈ ਵਿਦੇਸ਼ੀ ਮੁਲਕਾਂ ਵਿੱਚ ਵੱਡੇ ਵੱਡਿਆਂ ਨੂੰ ਹਰਾ ਚੁੱਕਾ ਹੈ। ਵਿਦੇਸ਼ਾਂ ਵਿੱਚ ਉਸ ਨੂੰ ਸਭ ਤੋਂ ਜਾਫ਼ੀ ਪਾਉਣ ਵਾਲੇ ਖਿਡਾਰੀ ਵਜੋਂ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਅੱਜ ਇਸ ਹੋਣਹਾਰ ਖਿਡਾਰੀ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਅੰਤਿਮ ਸਸਕਾਰ ਮੌਕੇ ਮੁਹਾਲੀ ਦੇ ‘ਆਪ’ ਵਿਧਾਇਕ ਕੁਲਵੰਤ ਸਿੰਘ, ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ, ਨੰਬਰਦਾਰ ਹਰਸੰਗਤ ਸਿੰਘ ਸੋਹਾਣਾ, ਕੋਚ ਭੁਪਿੰਦਰ ਸਿੰਘ ਭਿੰਦਾ, ਸਟੇਟ ਐਵਾਰਡੀ ਫੂਲਰਾਜ ਸਿੰਘ, ਰਣਜੀਤ ਸਿੰਘ ਰਾਣਾ, ਅਮਰਜੀਤ ਸਿੰਘ ਨਰੈਣ, ਹਰਮੇਸ਼ ਸਿੰਘ ਕੁੰਭੜਾ, ਖੇਡ ਪ੍ਰਮੋਟਰ ਪਰਮਦੀਪ ਸਿੰਘ ਬੈਦਵਾਨ, ਸੁਖਵਿੰਦਰ ਸਿੰਘ ਛਿੰਦੀ, ਜੱਸੀ ਬੱਲੋਮਾਜਰਾ, ਮੱਖਣ ਸਿੰਘ ਕਜਹੇੜੀ, ਕਰਮਜੀਤ ਸਿੰਘ ਢੇਲਪੁਰ ਸਮੇਤ ਵੱਡੀ ਗਿਣਤੀ ਵਿੱਚ ਕਬੱਡੀ ਖਿਡਾਰੀ ਅਤੇ ਖੇਡ ਪ੍ਰਮੋਟਰਜ਼ ਮੌਜੂਦ ਸਨ। ਉਧਰ, ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਕੌਂਸਲਰ ਹਰਜਿੰਦਰ ਕੌਰ, ਸਾਬਕਾ ਕੌਂਸਲਰ ਕਮਲਜੀਤ ਕੌਰ, ਨੰਬਰਦਾਰ ਹਰਵਿੰਦਰ ਸਿੰਘ, ਦਿਨੇਸ਼ ਚੌਧਰੀ ਸਮੇਤ ਹੋਰਨਾਂ ਆਗੂਆਂ ਨੇ ਪੰਮਾ ਸੋਹਾਣਾ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ