nabaz-e-punjab.com

ਵਿਜੀਲੈਂਸ ਵੱਲੋਂ ਸਨਅਤੀ ਪਲਾਟ ਅਲਾਟਮੈਂਟ ਘੁਟਾਲੇ ਵਿੱਚ ਪ੍ਰਾਪਰਟੀ ਡੀਲਰ ਗ੍ਰਿਫ਼ਤਾਰ

ਮੁਲਜ਼ਮ ’ਤੇ ਸਰਕਾਰੀ ਖ਼ਜ਼ਾਨੇ ਨੂੰ 1,52,79,000 ਰੁਪਏ ਦਾ ਖੋਰਾ ਲਗਾਉਣ ਦਾ ਦੋਸ਼

ਨਬਜ਼-ਏ-ਪੰਜਾਬ, ਮੁਹਾਲੀ, 24 ਮਈ:
ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਸਮਾਲ ਇੰਡਸਟਰੀਜ਼ ਐਕਸਪੋਰਟ ਕਾਰਪੋਰੇਸ਼ਨ (ਪੀਐਸਆਈਈਸੀ) ਦੇ ਉਦਯੋਗਿਕ ਪਲਾਟਾਂ ਦੀ ਅਲਾਟਮੈਂਟ ਵਿੱਚ ਹੋਏ ਗਬਨ ਦੇ ਮਾਮਲੇ ਵਿੱਚ ਅੱਜ ਇੱਕ ਹੋਰ ਮੁਲਜ਼ਮ ਅਵਤਾਰ ਸਿੰਘ (ਪ੍ਰਾਪਰਟੀ ਡੀਲਰ) ਵਾਸੀ ਮਾਡਲ ਟਾਊਨ, ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ’ਤੇ ਆਪਣੇ ਨਿੱਜੀ ਮੁਫ਼ਾਦਾਂ ਲਈ ਸਰਕਾਰੀ ਖਜਾਨੇ ਨੂੰ 1,52,79,000 ਰੁਪਏ ਦਾ ਖੋਰਾ ਲਾਉਣ ਦਾ ਦੋਸ਼ ਹੈ। ਇਸ ਸਬੰਧੀ ਵਿਜੀਲੈਂਸ ਵੱਲੋਂ ਮੁਹਾਲੀ ਸਥਿਤ ਵਿਜੀਲੈਂਸ ਦੇ ਥਾਣਾ ਫਲਾਇੰਗ ਸਕੁਐਡ-1 ਵਿੱਚ ਧਾਰਾ 409, 420, 465, 467, 468, 471, ਅਤੇ 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਪਰਚਾ ਦਰਜ ਕੀਤਾ ਗਿਆ ਹੈ।
ਵਿਜੀਲੈਂਸ ਅਨੁਸਾਰ ਪੀਐਸਆਈਈਸੀ ਦੇ ਤਤਕਾਲੀ ਸੀਜੀਐਮ ਸੁਰਿੰਦਰਪਾਲ ਸਿੰਘ, ਜੀਐਮ ਜਸਵਿੰਦਰ ਸਿੰਘ ਰੰਧਾਵਾ ਅਤੇ ਕਈ ਹੋਰ ਅਧਿਕਾਰੀਆਂ/ਕਰਮਚਾਰੀਆਂ ਨੇ ਪ੍ਰਾਈਵੇਟ ਵਿਅਕਤੀਆਂ ਅਤੇ ਪ੍ਰਾਪਰਟੀ ਡੀਲਰਾਂ ਨਾਲ ਮਿਲੀਭੁਗਤ ਕਰਕੇ ਸਨਅਤੀ ਪਲਾਟਾਂ ਦੀ ਅਲਾਟਮੈਂਟ ਵਿੱਚ ਘਪਲੇਬਾਜ਼ੀ ਕੀਤੀ ਸੀ। ਇਸ ਕੇਸ ਵਿੱਚ ਨਾਮਜ਼ਦ ਕਈ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਮੁਲਜ਼ਮ ਅਵਤਾਰ ਸਿੰਘ ਅਤੇ ਉਸ ਦਾ ਬੇਟਾ ਦਮਨਪ੍ਰੀਤ ਸਿੰਘ, ਜੋ ਉਦਯੋਗਿਕ ਪਲਾਟਾਂ ਦੀ ਖ਼ਰੀਦੋ-ਫ਼ਰੋਖ਼ਤ ਦਾ ਕਾਰੋਬਾਰ ਕਰਦੇ ਹਨ, ਨੇ ਸੀਜੀਐਮ ਸੁਰਿੰਦਰਪਾਲ ਸਿੰਘ ਅਤੇ ਜੀਐਮ ਜੇਐਸ ਰੰਧਾਵਾ ਨਾਲ ਮਿਲ ਕੇ ਇੰਡਸਟਰੀ ਏਰੀਆ ਫੇਜ਼-8-ਬੀ, (ਮੁਹਾਲੀ) ਵਿੱਚ 1389 ਵਰਗ ਗਜ਼ ਦੇ ਪਲਾਟ ਨੰਬਰ ਈ-261 ਨੂੰ ਨਿੱਜੀ ਫਰਮ ਦੇ ਨਾਮ ’ਤੇ ਅਲਾਟ ਕਰਨ ਵਿੱਚ ਧਾਂਦਲੀ ਕੀਤੀ ਹੈ। ਉਨ੍ਹਾਂ ਨੇ ਦਮਨਪ੍ਰੀਤ ਸਿੰਘ ਦੇ ਨਾਂ ’ਤੇ ਚੰਡੀਗੜ੍ਹ ਸਥਿਤ ਫਰਜ਼ੀ ਪਤੇ ਦੀ ਵਰਤੋਂ ਕਰਕੇ ਮਹਿਜ਼ 1265 ਪ੍ਰਤੀ ਵਰਗ ਗਜ਼ ਕੀਮਤ ’ਤੇ ਉਕਤ ਪਲਾਟ ਹਾਸਲ ਕੀਤਾ ਸੀ।
ਪੀਐਸਆਈਈਸੀ ਦੇ ਨਿਯਮਾਂ ਅਤੇ ਅਲਾਟਮੈਂਟ ਪੱਤਰ ਦੇ ਅਨੁਸਾਰ ਜੇਕਰ ਅਲਾਟਮੈਂਟ ਦੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਅਲਾਟੀ ਵੱਲੋਂ ਕੁੱਲ ਰਕਮ ਦਾ 30 ਫੀਸਦੀ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਪਲਾਟ ਦੀ ਅਲਾਟਮੈਂਟ ਰੱਦ ਕੀਤੀ ਜਾਣੀ ਚਾਹੀਦੀ ਸੀ ਪਰ ਮਿਲੀਭੁਗਤ ਹੋਣ ਕਾਰਨ ਅਧਿਕਾਰੀਆਂ ਨੇ ਅਜਿਹਾ ਨਹੀਂ ਕੀਤਾ। ਇਸ ਤੋਂ ਇਲਾਵਾ ਅਵਤਾਰ ਸਿੰਘ ਨੇ ਸ਼ੁਰੂਆਤੀ 10 ਫੀਸਦ ਬਿਆਨੇ ਦੀ ਰਕਮ ਜਮ੍ਹਾਂ ਕਰਨ ਤੋਂ ਬਾਅਦ ਪੀਐਸਆਈਈਸੀ ਨੂੰ ਹੋਰ ਕੋਈ ਰਕਮ ਜਮ੍ਹਾਂ ਨਹੀਂ ਕਰਵਾਈ। ਇਹੀ ਨਹੀਂ ਪਲਾਟ ਦੀ ਅਲਾਟਮੈਂਟ ਦੀਆਂ ਤਰੀਕਾਂ ਨੂੰ ਵਾਰ-ਵਾਰ ਬਦਲਿਆ ਗਿਆ।
ਵਿਜੀਲੈਂਸ ਨੇ ਖ਼ੁਲਾਸਾ ਕੀਤਾ ਕਿ ਅਵਤਾਰ ਸਿੰਘ ਨੇ ਜੀਐਮ ਜੇਐਸ ਰੰਧਾਵਾ ਅਤੇ ਸੀਜੀਐਮ ਸੁਰਿੰਦਰਪਾਲ ਸਿੰਘ ਦੀ ਮਿਲੀਭੁਗਤ ਨਾਲ ਇਹ ਪਲਾਟ 2016 ਵਿੱਚ ਅਸਲ ਖ਼ਰੀਦ ਰੇਟ 1265 ਪ੍ਰਤੀ ਵਰਗ ਗਜ਼ ’ਤੇ ਅੱਗੇ ਵੇਚ ਦਿੱਤਾ ਸੀ ਜਦਕਿ 2013 ਵਿੱਚ ਇਸਦੀ ਕੀਮਤ 11 ਹਜ਼ਾਰ ਪ੍ਰਤੀ ਵਰਗ ਗਜ਼ ਸੀ। ਜਾਂਚ ਵਿੱਚ ਪਤਾ ਲੱਗਾ ਕਿ ਅਧਿਕਾਰੀਆਂ ਅਤੇ ਪ੍ਰਾਪਰਟੀ ਡੀਲਰ ਅਵਤਾਰ ਸਿੰਘ ਨੇ ਸਰਕਾਰੀ ਖ਼ਜ਼ਾਨੇ ਨੂੰ ਸਿੱਧੇ ਤੌਰ ’ਤੇ 1,52,79,000 ਰੁਪਏ ਦਾ ਨੁਕਸਾਨ ਪਹੁੰਚਾਇਆ। ਇਸ ਸਬੰਧੀ ਜੀਐਮ ਜੇਐਸ ਰੰਧਾਵਾ ਅਤੇ ਸੀਜੀਐਮ ਸੁਰਿੰਦਰਪਾਲ ਸਿੰਘ ਨੇ 2016 ਵਿੱਚ ਉਕਤ ਪਲਾਟ ਦੀ ਫ਼ਰੋਖ਼ਤ ਅਤੇ ਰੱਦੋਬਦਲ ਕਰਕੇ ਕਰੋੜਾਂ ਰੁਪਏ ਦੀ ਰਿਸ਼ਵਤ ਲਈ ਸੀ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…