ਪੰਜਾਬ ਪੁਲੀਸ ਨੇ ਵਿਦੇਸ਼ੀ ਨਾਗਰਿਕਾਂ ਨੂੰ ਠੱਗਣ ਵਾਲੇ 2 ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼: 155 ਕਾਬੂ

79 ਕੰਪਿਊਟਰ, 206 ਲੈਪਟਾਪ ਤੇ ਮੋਬਾਈਲ ਫੋਨ, ਸਿਖਲਾਈ ਦੇਣ ਲਈ ਸਕ੍ਰਿਪਟਾਂ ਕੀਤੀਆਂ ਬਰਾਮਦ

18 ਕਰਮਚਾਰੀ ਦਾ ਪੁਲੀਸ ਰਿਮਾਂਡ, ਬਾਕੀ ਸਾਰੇ ਕਰਮਚਾਰੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜੇ

ਨਬਜ਼-ਏ-ਪੰਜਾਬ, ਮੁਹਾਲੀ, 17 ਮਈ:
ਪੰਜਾਬ ਪੁਲੀਸ ਦੇ ਸਟੇਟ ਸਾਈਬਰ ਕ੍ਰਾਈਮ ਡਵੀਜ਼ਨ ਨੇ ਮੁਹਾਲੀ ਵਿੱਚ ਚੱਲ ਰਹੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼ ਕਰਦਿਆਂ ਇਨ੍ਹਾਂ ਥਾਵਾਂ ’ਤੇ 155 ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ’ਤੇ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਫਰਜ਼ੀ ਕਾਲਾਂ ਕਰਨ ਅਤੇ ਧੋਖਾ ਦੇਣ ਦਾ ਦੋਸ਼ ਹੈ। ਇਹ ਦੋਵੇਂ ਫਰਜ਼ੀ ਕਾਲ ਸੈਂਟਰ ਸੈਕਟਰ-74 (ਮੁਹਾਲੀ) ਤੋਂ ਚੱਲਦੇ ਸਨ। ਦੋਵੇਂ ਕਾਲ ਸੈਂਟਰ ਗੁਜਰਾਤ ਆਧਾਰਿਤ ਸਰਗਨਾਹ ਵੱਲੋਂ ਚਲਾਏ ਜਾ ਰਹੇ ਸਨ। ਇਸ ਸਬੰਧੀ ਮੁਹਾਲੀ ਸਥਿਤ ਸਾਈਬਰ ਕਰਾਈਮ ਸੈੱਲ ਦੇ ਥਾਣੇ ਵਿੱਚ ਧਾਰਾ 419, 420, 467, 468, 471 ਅਤੇ 120 ਬੀ ਅਤੇ ਆਈਟੀ ਐਕਟ ਦੀ ਧਾਰਾ 663 ਅਤੇ 664 ਤਹਿਤ ਪਰਚਾ ਦਰਜ ਕੀਤਾ ਗਿਆ ਹੈ।
ਏਡੀਜੀਪੀ (ਸਾਈਬਰ ਕਰਾਈਮ) ਵੀ ਨਿਰਜਾ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਫਰਜ਼ੀ ਕਾਲ ਸੈਂਟਰ ਰਾਤ ਸਮੇਂ ਕੰਮ ਕਰਦੇ ਸਨ ਅਤੇ ਕਾਲ ਕਰ ਕੇ ਤਿੰਨ ਵੱਖ-ਵੱਖ ਢੰਗਾਂ ਰਾਹੀਂ ਵਿਦੇਸ਼ੀ ਨਾਗਰਿਕਾਂ ਨੂੰ ਟਾਰਗੇਟ, ਐਪਲ, ਐਮਾਜ਼ਾਨ ਤੋਂ ਗਿਫਫ਼ਟ ਕਾਰਡ ਖ਼ਰੀਦਣ ਲਈ ਮਜਬੂਰ ਕਰਕੇ ਠੱਗਦੇ ਸਨ। ਇਹ ਗਿਫਟ ਕਾਰਡ ਇੱਕ ਟੀਮ ਮੈਨੇਜਰ ਵੱਲੋਂ ਸਾਂਝੇ ਕੀਤੇ ਜਾਂਦੇ ਸਨ।
ਵੀ. ਨੀਰਜਾ ਨੇ ਦੱਸਿਆ ਕਿ ਮੁਹਾਲੀ ਵਿੱਚ ਚੱਲ ਰਹੇ ਇਨ੍ਹਾਂ ਫਰਜ਼ੀ ਕਾਲ ਸੈਂਟਰਾਂ ਬਾਰੇ ਇੰਸਪੈਕਟਰ ਗਗਨਪ੍ਰੀਤ ਸਿੰਘ ਅਤੇ ਇੰਸਪੈਕਟਰ ਦਲਜੀਤ ਸਿੰਘ ਵੱਲੋਂ ਸਾਈਬਰ ਕਰਾਈਮ ਦੀ ਡਿਜੀਟਲ ਜਾਂਚ ਸਿਖਲਾਈ ਅਤੇ ਵਿਸ਼ਲੇਸ਼ਣ ਸਬੰਧੀ ਤਕਨੀਕੀ ਸਹਾਇਤਾ ਸੈਂਟਰ ਦੀ ਮਦਦ ਨਾਲ ਪੁਖ਼ਤਾ ਤੇ ਖੁਫ਼ੀਆ ਜਾਣਕਾਰੀ ਜੁਟਾਈ ਗਈ। ਜਿਸ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਐਸਪੀ (ਸਾਈਬਰ ਕਰਾਈਮ) ਜਸ਼ਨਦੀਪ ਸਿੰਘ ਦੀ ਨਿਗਰਾਨੀ ਹੇਠ ਡੀਐਸਪੀ ਪ੍ਰਭਜੋਤ ਕੌਰ ਦੀ ਅਗਵਾਈ ਵਾਲੀ ਟੀਮਾਂ ਨੇ ਲੰਘੀ ਰਾਤ ਦੋਵੇਂ ਫਰਜ਼ੀ ਕਾਲ ਸੈਂਟਰਾਂ ’ਤੇ ਛਾਪੇਮਾਰੀ ਕੀਤੀ ਅਤੇ ਡਾਇਲਰ, ਕਲੋਜ਼ਰ, ਬੈਂਕਰ ਅਤੇ ਫਲੋਰ ਮੈਨੇਜਰ ਵਜੋਂ ਕੰਮ ਕਰਦੇ ਸਾਰੇ 155 ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਅਨੁਸਾਰ ਫਿਲਹਾਲ ਦੋਵੇਂ ਸਰਗਨਾਹ ਫਰਾਰ ਹਨ, ਜਿਨ੍ਹਾਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲੀਸ ਨੇ ਗਾਹਕਾਂ ਨਾਲ ਗੱਲ ਕਰਨ ਸਿਖਲਾਈ ਸਕ੍ਰਿਪਟਾਂ ਤੋਂ ਇਲਾਵਾ 79 ਡੈਸਕਟਾਪ ਕੰਪਿਊਟਰ ਯੂਨਿਟ, 204 ਲੈਪਟਾਪ, ਮੋਬਾਈਲ ਫੋਨ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ।
ਏਡੀਜੀਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ 155 ਵਿਅਕਤੀਆਂ ’ਚੋਂ 18 ਕਰਮਚਾਰੀ ਪੁਲੀਸ ਰਿਮਾਂਡ ’ਤੇ ਹਨ ਜਦਕਿ ਬਾਕੀ ਸਾਰੇ ਵਿਅਕਤੀਆਂ ਨੂੰ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਹੈ। ਇਸ ਸਾਰੀ ਧੋਖਾਧੜੀ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਆਸ ਹੈ। ਫਰਜ਼ੀ ਕਾਲ ਸੈਂਟਰ ਤੋਂ ਕਾਲ ਕਰਨ ਵਾਲਾ ਯੂਐੱਸ ਵਿੱਚ ਘੱਟ ਕਰੈਡਿਟ ਸਕੋਰ ਹੋਣ ਦੇ ਬਾਵਜੂਦ ਲੋਕਾਂ ਨੂੰ ਘੱਟ ਵਿਆਜ ’ਤੇ ਲੋਨ ਪ੍ਰਦਾਨ ਕਰਨ ਦੀ ਪੇਸ਼ਕਸ਼ ਕਰਦਾ ਸੀ। ਇਸਦੇ ਬਦਲੇ ਫੀਸ ਵਜੋਂ ਗਾਹਕ ਗਿਫਟ ਕਾਰਡ ਖ਼ਰੀਦਣ ਲਈ ਕਹਿੰਦਾ ਸੀ।
ਫਰਜ਼ੀ ਕਾਲ ਸੈਂਟਰ ਤੋਂ ਕਾਲ ਕਰਨ ਵਾਲਾ ਐਮਾਜ਼ਾਨ ਦੇ ਨੁਮਾਇੰਦੇ ਹੋਣ ਦਾ ਦਿਖਾਵਾ ਕਰਦੇ ਹੋਏ ਗਾਹਕ (ਅਮਰੀਕਾ ਦੇ ਨਾਗਰਿਕਾਂ) ਨੂੰ ਧਮਕੀ ਦਿੰਦਾ ਸੀ ਕਿ ਉਨ੍ਹਾਂ ਵੱਲੋਂ ਆਰਡਰ ਕੀਤੇ ਗਏ ਪਾਰਸਲ ਵਿੱਚ ਗੈਰ-ਕਾਨੂੰਨੀ ਚੀਜ਼ਾਂ ਹਨ ਅਤੇ ਫੈਡਰਲ ਪੁਲੀਸ ਨੂੰ ਸੂਚਿਤ ਕੀਤਾ ਜਾਵੇਗਾ। ਰਕਮ ਦੀ ਪੁਸ਼ਟੀ ਕਿਸੇ ਹੋਰ ਕਾਲਰ ਰਾਹੀਂ ਕੀਤੀ ਜਾਂਦੀ ਹੈ, ਜੋ ਬੈਂਕਰ ਹੋਣ ਦਾ ਦਿਖਾਵਾ ਕਰਦਾ ਸੀ। ਆਰਡਰ ਨੂੰ ਰੱਦ ਕਰਨ ਲਈ ਇੱਕ ਨਿਸ਼ਚਤ ਸਮੇਂ ਅੰਦਰ ਰਕਮ ਕੈਸ਼ ਐਪ ਦੁਆਰਾ ਜਾਂ ਐਮਾਜ਼ਾਨ ਗਿਫਟ ਕਾਰਡ ਲੈਣ ਲਈ ਕਿਹਾ ਜਾਂਦਾ ਸੀ ਅਤੇ ਗੱਲ ਨਾ ਮੰਨਣ ਦੀ ਸੂਰਤ ਵਿੱਚ ਫੈਡਰਲ ਪੁਲੀਸ ਨੂੰ ਸੂਚਿਤ ਕਰਨ ਦੀ ਧਮਕੀ ਦਿੱਤੀ ਜਾਂਦੀ ਸੀ। ਗਿਫ਼ਟ ਕਾਰਡਾਂ ਦੇ ਨੰਬਰਾਂ ਨੂੰ ਫਿਰ ਅਮਰੀਕਾ ਵਿੱਚ ਭਾਈਵਾਲਾਂ ਨਾਲ ਸਾਂਝਾ ਕੀਤਾ ਜਾਂਦਾ ਸੀ, ਜੋ ਹਵਾਲਾ ਰਾਸ਼ੀ ਰਾਹੀਂ ਭਾਰਤ ਵਿੱਚ ਕਿੰਗਪਿਨ ਨੂੰ ਨਕਦ ਭੇਜਦੇ ਸਨ।
ਠੱਗੀ ਦਾ ਸ਼ਿਕਾਰ ਲੋਕਾਂ ਨੂੰ ਕੰਪਿਊਟਰ ’ਤੇ ਇੱਕ ਪੌਪ-ਅੱਪ ਮਿਲਦਾ ਹੈ, ਜਿਵੇਂ ਕਿ ਮਾਈਕਰੋਸਾਫਟ ਦੇ ਕਸਟਮਰ ਕੇਅਰ ਵੱਲੋਂ ਇੱਕ ਚਿਤਾਵਨੀ ਰੂਪੀ ਸੰਦੇਸ਼ ਭੇਜਿਆ ਜਾਂਦਾ ਹੈ ਅਤੇ ਤੁਰੰਤ ਕਾਲ ਕਰਨ ਲਈ ਇੱਕ ਸੰਪਰਕ ਨੰਬਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਵਿਅਕਤੀ ਨੂੰ ਡਾਊਨਲੋਡ ਕਰਨ ਲਈ ਇੱਕ ਲਿੰਕ ਮਿਲਦਾ ਹੈ। ਲਿੰਕ ਇੱਕ ਐਪ ਨੂੰ ਸਥਾਪਿਤ ਕਰਦਾ ਹੈ ਜੋ ਸਕਰੀਨ ਦੇਖਣ ਦੀ ਆਗਿਆ ਦਿੰਦਾ ਹੈ। ਉਪਰੰਤ ਬੈਂਕ ਖਾਤਿਆਂ ’ਚੋਂ ਪੈਸੇ ਧੋਖੇ ਨਾਲ ਅਮਰੀਕਾ ਦੇ ਮਿਊਲ ਖਾਤਿਆਂ ਵਿੱਚ ਭੇਜੇ ਜਾਦੇ ਹਨ ਅਤੇ ਹਵਾਲਾ ਰਾਹੀਂ ਭਾਰਤ ਵਿੱਚ ਪ੍ਰਾਪਤ ਕੀਤੇ ਜਾਂਦੇ ਹਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…