ਆਪਣੀ ਅਣਦੇਖੀ ਕਾਰਨ ਨਾਰਾਜ਼ ਬੀਬੀ ਲਾਂਡਰਾਂ ਹੁਣ ਚੰਦੂਮਾਜਰਾ ਦੇ ਹੱਕ ’ਚ ਤੁਰੀ

ਨਬਜ਼-ਏ-ਪੰਜਾਬ, ਮੁਹਾਲੀ, 14 ਮਈ:
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਅਤੇ ਸ਼੍ਰੋਮਣੀ ਕਮੇਟੀ ਦੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਵੱਲੋਂ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਅਕਾਲੀ ਦਲ ਦੇ ਉਮੀਦਵਾਰ ਪੇ੍ਰਮ ਸਿੰਘ ਚੰਦੂਮਾਜਰਾ ਦੇ ਹੱਕ ਵਿੱਚ ਤੁਰਨ ਦਾ ਫ਼ੈਸਲਾ ਲਏ ਜਾਣ ਨਾਲ ਸੀਨੀਅਰ ਲੀਡਰਸ਼ਿਪ ਨੇ ਸੁੱਖ ਦਾ ਸਾਹ ਲਿਆ ਹੈ। ਆਪਣੀ ਅਣਦੇਖੀ ਦੇ ਚੱਲਦਿਆਂ ਬੀਬੀ ਲਾਂਡਰਾਂ ਕਾਫ਼ੀ ਸਮੇਂ ਤੋਂ ਹਾਈ ਕਮਾਨ ਨਾਲ ਨਾਰਾਜ਼ ਚੱਲ ਰਹੇ ਸੀ। ਉਂਜ ਭਾਵੇਂ ਉਨ੍ਹਾਂ ਨੇ ਪਾਰਟੀ ਨਹੀਂ ਛੱਡੀ ਸੀ ਪਰ ਸਿਆਸੀ ਸਰਗਰਮੀਆਂ ਨੂੰ ਠੰਢੇ ਬਸਤੇ ਵਿੱਚ ਪਾ ਕੇ ਘਰ ਬੈਠ ਗਏ ਸਨ। ਉਹ ਇਸਤਰੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਦਫ਼ਤਰ ਇੰਚਾਰਜ ਵੀ ਰਹਿ ਚੁੱਕੇ ਹਨ।
ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਅੱਜ ਬੀਬੀ ਪਰਮਜੀਤ ਕੌਰ ਲਾਂਡਰਾਂ ਦੇ ਘਰ ਪਹੁੰਚ ਗਏ ਅਤੇ ਪਾਰਟੀ ਦੀ ਜੁਝਾਰੂ ਮਹਿਲਾ ਆਗੂ ਆਪਣੇ ਤੋਰਨ ਵਿੱਚ ਸਫਲ ਹੋਏ। ਇਸ ਤੋਂ ਪਹਿਲਾਂ ਬੀਬੀ ਲਾਂਡਰਾਂ ਨੇ ਪਾਰਟੀ ਵਿੱਚ ਆਪਣੀ ਅਣਦੇਖੀ ਬਾਰੇ ਸਖ਼ਤ ਇਤਰਾਜ਼ ਕੀਤਾ। ਲੰਮੀ ਚਰਚਾ ਤੋਂ ਬਾਅਦ ਬੀਬੀ ਲਾਂਡਰਾਂ ਨੇ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਚੰਦੂਮਾਜਰਾ ਨੂੰ ਉਨ੍ਹਾਂ ਦੇ ਹੱਕ ਵਿੱਚ ਚੱਲਣ ਅਤੇ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਦਾ ਭਰੋਸਾ ਦਿੱਤਾ। ਬੀਬੀ ਲਾਂਡਰਾਂ ਨੇ ਕਿਹਾ ਕਿ ਉਹ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ ਪਰ ਆਪਣੀ ਅਣਦੇਖੀ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੇ। ਪਿਛਲੇ ਕਈ ਦਿਨਾਂ ਤੋਂ ਪਰਮਜੀਤ ਕੌਰ ਲਾਂਡਰਾਂ ਆਪਣੇ ਸਮਰਥਕਾਂ ਸਮੇਤ ਪਟਿਆਲਾ ਤੋਂ ਅਕਾਲੀ ਦਲ ਦੇ ਉਮੀਦਵਾਰ ਐਨਕੇ ਸ਼ਰਮਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ ਪ੍ਰੰਤੂ ਹੁਣ ਤੱਕ ਚੰਦੂਮਾਜਰਾ ਦੀਆਂ ਮੀਟਿੰਗਾਂ ’ਚ ਨਜ਼ਰ ਨਹੀਂ ਆਏ ਅਤੇ ਇਹੀ ਨਹੀਂ ਉਹ ਪੰਜਾਬ ਬਚਾਓ ਯਾਤਰਾ ਤੋਂ ਵੀ ਦੂਰ ਰਹੇ।
ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਬੀਬੀ ਲਾਂਡਰਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਵਫ਼ਾਦਾਰ ਵਰਕਰਾਂ ਦੀ ਪੁੱਛ ਪ੍ਰਤੀਤ ਕੀਤੀ ਹੈ ਪ੍ਰੰਤੂ ਕਈ ਵਾਰ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਸਰਕਾਰ ਤੋਂ ਬੇਹੱਦ ਦੁਖੀ ਹਨ ਅਤੇ ਆਪ ਮੁਹਾਰੇ ਅਕਾਲੀ ਦਲ ਦੇ ਚੋਣ ਜਲਸਿਆਂ ਵਿੱਚ ਪਹੁੰਚ ਕੇ ਸਮਰਥਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਵਿਜੈਇੰਦਰ ਸਿੰਗਲਾ ਸੰਗਰੂਰ ਦੀਆਂ ਪ੍ਰਾਪਤੀਆਂ ਗਿਣਵਾ ਕੇ ਵੋਟਾਂ ਮੰਗ ਰਹੇ ਹਨ ਅਤੇ ਉਹ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੀਆਂ ਸਮੱਸਿਆਵਾਂ ਅਤੇ ਮੰਗਾਂ ਤੋਂ ਬਿਲਕੁਲ ਅਣਜਾਣ ਹਨ। ਇੰਜ ਹੀ ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਨੂੰ ਕਿਸਾਨਾਂ ਅਤੇ ਆਮ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੂੰ ਲੋਕ ਪਰਖ ਚੁੱਕੇ ਹਨ। ਇਸ ਲਈ ਲੋਕਾਂ ਦਾ ਝੁਕਾਅ ਹੁਣ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲ ਹੋ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…