ਭਾਗੋਮਾਜਰਾ ਅਗਨੀਕਾਂਡ: 27 ਝੁੱਗੀਆਂ ਨੂੰ ਭਿਆਨਕ ਅੱਗ ਲੱਗੀ, ਸਾਰਾ ਸਮਾਨ ਸੜ ਕੇ ਸੁਆਹ

ਮੁਹਾਲੀ ਪ੍ਰਸ਼ਾਸਨ ਨੇ ਪੀੜਤ ਪਰਿਵਾਰਾਂ ਲਈ ਭੋਜਨ ਤੇ ਆਰਜ਼ੀ ਰਿਹਾਇਸ਼ ਕੀਤਾ ਪ੍ਰਬੰਧ

ਐਸਡੀਐਮ ਦੀਪਾਂਕਰ ਗਰਗ ਨੇ ਦੌਰਾ ਕਰਕੇ ਅੱਗ ਨਾਲ ਸੜੀਆਂ ਝੁੱਗੀਆਂ ਦਾ ਲਿਆ ਜਾਇਜ਼ਾ

ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਕੁਲਦੀਪ ਪੂਨੀਆ ਵੀ ਮੌਕੇ ’ਤੇ ਪਹੁੰਚੇ

ਨਬਜ਼-ਏ-ਪੰਜਾਬ, ਮੁਹਾਲੀ, 10 ਅਪਰੈਲ:
ਮੁਹਾਲੀ ਨੇੜਲੇ ਪਿੰਡ ਭਾਗੋਮਾਜਰਾ ਦੇ ਖੇਤਾਂ ਵਿੱਚ ਬਣੀਆਂ ਕਰੀਬ 27 ਝੁੱਗੀਆਂ ਨੂੰ ਅੱਗ ਲੱਗਣ ਕਾਰਨ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਲੇਕਿਨ ਇਸ ਦੌਰਾਨ ਭਾਵੇਂ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪ੍ਰੰਤੂ ਭੇਡ-ਬੱਕਰੀਆਂ, ਵਾਹਨਾਂ ਸਮੇਤ ਸਾਰਾ ਘਰੇਲੂ ਸਮਾਨ ਸੜ ਗਿਆ। ਇੱਥੋਂ ਤੱਕ ਕਿ ਮਜ਼ਦੂਰਾਂ ਦੇ ਖੂਨ ਪਸੀਨੇ ਦੀ ਕਮਾਈ ਵੀ ਸੜ ਕੇ ਸੁਆਹ ਹੋ ਗਈ, ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਪੁਰਸ਼ ਆਪੋ ਆਪਣੇ ਕੰਮਾਂ-ਕਾਰਾਂ ’ਤੇ ਗਏ ਹੋਏ ਸੀ ਅਤੇ ਅੌਰਤਾਂ ਝੁੱਗੀਆਂ ਤੋਂ ਬਾਹਰ ਦਰਖ਼ਤਾਂ ਥੱਲੇ ਬੈਠੀਆਂ ਸਨ। ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਪੂਨੀਆ ਨੇ ਵੀ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੀੜਤਾਂ ਦੇ ਰਹਿਣ ਅਤੇ ਭੋਜਨ ਦਾ ਪ੍ਰਬੰਧ ਕੀਤਾ ਜਾਵੇ ਅਤੇ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਇਸ ਦੁਖੀ ਦੀ ਘੜੀ ਵਿੱਚ ਪਿੰਡ ਦੇ ਮੋਹਰੀ ਨੌਜਵਾਨਾਂ ਨੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੋਂ ਲੰਗਰ ਲਿਆ ਕੇ ਵਰਤਾਇਆ।
ਪੀੜਤ ਨਰਿੰਦਰ ਕੁਮਾਰ, ਹਰਪਾਲ, ਨੇਤਰਪਾਲ, ਨੇਕ ਰਾਮ, ਜਬਰ ਸਿੰਘ, ਮੋਹਨ ਲਾਲ, ਛੋਟੇ ਲਾਲ, ਓਂਕਾਰ, ਹਰਮੇਸ਼, ਟਿੰਕੂ ਨੇ ਦੱਸਿਆ ਕਿ ਅੱਜ ਸਵੇਰੇ 9 ਵਜੇ ਪਰਿਵਾਰਾਂ ਦੇ ਮੁਖੀ ਆਪੋ ਆਪਣੇ ਕੰਮਾਂ-ਕਾਰਾਂ ’ਤੇ ਚਲੇ ਗਏ ਸੀ, ਪਿੱਛੋਂ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਕਈ ਪਰਿਵਾਰਾਂ ਦੀਆਂ ਭੇਡ-ਬੱਕਰੀਆਂ ਅਤੇ ਇੱਕ ਬੁਲਟ ਸਮੇਤ ਤਿੰਨ ਮੋਟਰ ਸਾਈਕਲ ਅਤੇ ਕਈ ਸਾਈਕਲ ਸੜ ਗਏ। ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਮਾਈ ਦਾ ਸਾਰਾ ਪੈਸਾ ਵੀ ਝੁੱਗੀਆਂ ਵਿੱਚ ਹੀ ਪਿਆ ਸੀ, ਰਾਸ਼ਨ ਅਤੇ ਕੱਪੜੇ ਆਦਿ ਸਾਰਾ ਕੁੱਝ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੇ ਹੁਕਮਾਂ ’ਤੇ ਐਸਡੀਐਮ ਦੀਪਾਂਕਰ ਗਰਗ ਨੇ ਭਾਗੋਮਾਜਰਾ ਵਿੱਚ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋਈਆਂ ਝੁੱਗੀਆਂ ਦਾ ਦੌਰਾ ਕੀਤਾ ਅਤੇ ਪੀੜਤ ਵਿਅਕਤੀਆਂ ਦੇ ਸਿਰ ਤੋਂ ਛੱਤ ਖੱੁਸਣ ਦਾ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਲਈ ਨੇੜਲੇ ਧਾਰਮਿਕ ਸਥਾਨ ’ਤੇ ਰਿਹਾਇਸ਼ ਦਾ ਆਰਜ਼ੀ ਪ੍ਰਬੰਧ ਕੀਤਾ ਗਿਆ ਹੈ ਅਤੇ ਜਿੱਥੇ ਭੋਜਨ ਵੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਕਿਸੇ ਦੇ ਜਾਨੀ ਨੁਕਸਾਨ ਤੋਂ ਪੂਰੀ ਤਰ੍ਹਾਂ ਬਚਾਅ ਰਿਹਾ ਹੈ ਪ੍ਰੰਤੂ ਘਰੇਲੂ ਸਮਾਨ ਸੜ ਗਿਆ ਹੈ। ਇਸ ਸਬੰਧੀ ਰਿਪੋਰਟ ਡੀਸੀ ਦਫ਼ਤਰ ਨੂੰ ਦਿੱਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…