Share on Facebook Share on Twitter Share on Google+ Share on Pinterest Share on Linkedin ਅਦਾਲਤ ਵੱਲੋਂ ਗਮਾਡਾ ਦੀ ਆਲੀਸ਼ਾਨ ਇਮਾਰਤ, ਸਰਕਾਰੀ ਵਾਹਨ ਤੇ ਫਰਨੀਚਰ ਕੁਰਕ ਕਰਨ ਦੇ ਹੁਕਮ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਕਿਸਾਨਾਂ ਨੂੰ ਯੋਗ ਮੁਆਵਜ਼ਾ ਨਾ ਦੇਣ ਦਾ ਮਾਮਲਾ ਨਬਜ਼-ਏ-ਪੰਜਾਬ, ਮੁਹਾਲੀ, 29 ਮਾਰਚ: ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਦਾ ਵਿਵਾਦਾਂ ਨਾਲ ਗੂੜਾ ਨਾਤਾ ਹੈ। ਬਹੁ-ਕਰੋੜੀ ਅਮਰੂਦ ਬਾਗ ਘੁਟਾਲਾ ਹਾਲੇ ਠੰਢਾ ਵੀ ਨਹੀਂ ਸੀ ਹੋਇਆ ਕਿ ਹੁਣ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਕਿਸਾਨਾਂ ਨੂੰ ਯੋਗ ਮੁਆਵਜ਼ਾ (ਕਰੀਬ 62 ਕਰੋੜ ਰੁਪਏ) ਨਾ ਦੇਣ ਕਾਰਨ ਗਮਾਡਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਮੁਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਕਿਸਾਨਾਂ ਦੇ ਹੱਕ ਵਿੱਚ ਫ਼ੈਸਲਾ ਸੁਣਾਉਂਦੇ ਹੋਏ ਗਮਾਡਾ ਦੀ ਆਲੀਸ਼ਾਨ ਇਮਾਰਤ ਸਮੇਤ ਸਰਕਾਰੀ ਵਾਹਨ ਅਤੇ ਏਸੀ, ਫਰਿੱਜ, ਪੱਖੇ ਅਤੇ ਮੇਜ਼ ਕੁਰਸੀਆਂ ਕੁਰਕ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਪੀੜਤ ਕਿਸਾਨ ਦਲਜੀਤ ਸਿੰਘ ਵਾਸੀ ਪਿੰਡ ਬੱਲੋਮਾਜਰਾ (ਮੁਹਾਲੀ) ਨੇ ਦੱਸਿਆ ਕਿ ਗਮਾਡਾ ਨੇ 2007 ਵਿੱਚ ਜ਼ਮੀਨਾਂ ਐਕਵਾਇਰ ਕੀਤੀਆਂ ਸਨ ਅਤੇ ਸਾਲ 2012 ਵਿੱਚ ਸਬੰਧਤ ਜ਼ਮੀਨਾਂ ਦਾ ਕਬਜ਼ਾ ਲੈ ਕੇ ਸਾਲ ਬਾਅਦ 2013 ਵਿੱਚ 1.37 ਕਰੋੜ ਰੁਪਏ ਮੁਆਵਜ਼ਾ ਦੇਣ ਦਾ ਐਵਾਰਡ ਸੁਣਾਇਆ ਗਿਆ ਹਾਲਾਂਕਿ ਸਬੰਧਤ ਕਿਸਾਨਾਂ ਨੇ ਅੱਠ ਕਰੋੜ ਰੁਪਏ ਕੀਮਤ ਦੀਆਂ ਰਜਿਸਟਰੀਆਂ ਦੇ ਸਬੂਤ ਪੇਸ਼ ਕਰਕੇ ਗਮਾਡਾ ਤੋਂ ਯੋਗ ਮੁਆਵਜ਼ਾ ਦੇਣ ਦੀ ਗੁਹਾਰ ਲਗਾਈ ਗਈ ਲੇਕਿਨ ਗਮਾਡਾ ਅਧਿਕਾਰੀਆਂ ਨੇ ਕਿਸਾਨਾਂ ਦੀ ਇੱਕ ਨਹੀਂ ਸੁਣੀ। ਇਸ ਤੋਂ ਬਾਅਦ ਉਨ੍ਹਾਂ ਨੇ ਇਨਸਾਫ਼ ਲਈ ਅਦਾਲਤ ਦਾ ਬੂਹਾ ਖੜਕਾਇਆ ਅਤੇ ਅਦਾਲਤ ਨੇ 31 ਅਕਤੂਬਰ 2022 ਨੂੰ 4 ਕਰੋੜ 10 ਲੱਖ ਰੁਪਏ 15 ਪ੍ਰਤੀਸ਼ਤ ਵਿਆਜ ਸਮੇਤ ਮੁਆਵਜ਼ਾ ਰਾਸ਼ੀ ਦੇਣ ਦੇ ਆਦੇਸ਼ ਦਿੱਤੇ ਗਏ। ਲੇਕਿਨ ਗਮਾਡਾ ਨੇ ਅਦਾਲਤ ਦੇ ਹੁਕਮਾਂ ਨੂੰ ਨਾ ਮੰਨਦੇ ਹੋਏ ਉਕਤ ਰਾਸ਼ੀ ਜਮ੍ਹਾ ਨਹੀਂ ਕਰਵਾਈ। ਇਸ ਤਰ੍ਹਾਂ ਅਦਾਲਤ ਨੇ ਗਮਾਡਾ ਦੇ ਸਬੰਧਤ ਅਧਿਕਾਰੀਆਂ ਨੂੰ ਤਲਬ ਕਰਕੇ ਉਕਤ ਰਾਸ਼ੀ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਲੇਕਿਨ ਗਮਾਡਾ ਨੇ ਪੀੜਤ ਕਿਸਾਨਾਂ (ਲਾਭਪਾਤਰੀਆਂ) ਨੂੰ ਮੁਆਵਜ਼ੇ ਦੀ ਅਦਾਇਗੀ ਕਰਨ ਦੀ ਥਾਂ ਹਾਈ ਕੋਰਟ ਵਿੱਚ ਚਲੇ ਗਏ। ਲੇਕਿਨ ਹਾਈ ਕੋਰਟ ਨੇ ਸਾਰੇ ਤੱਥਾਂ ਨੂੰ ਵਾਚਦੇ ਹੋਏ ਗਮਾਡਾ ਨੂੰ ਕੁੱਲ ਮੁਆਵਜ਼ੇ ਦੀ 75 ਫੀਸਦੀ ਰਾਸ਼ੀ ਜਮ੍ਹਾ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਲੇਕਿਨ ਇਸ ਦੇ ਬਾਵਜੂਦ ਗਮਾਡਾ ਨੇ ਕਿਸਾਨਾਂ ਨੂੰ ਪੈਸੇ ਨਹੀਂ ਦਿੱਤੇ ਸਗੋਂ ਗਮਾਡਾ ਅਧਿਕਾਰੀ ਸੁਪਰੀਮ ਕੋਰਟ ਵਿੱਚ ਚਲੇ ਗਏ। ਜਿੱਥੇ ਦੇਸ਼ ਦੀ ਸਿਖਰਲੀ ਅਦਾਲਤ ਨੇ ਗਮਾਡਾ ਨੂੰ ਰਾਹਤ ਦੇਣ ਤੋਂ ਸਾਫ਼ ਮਨਾ ਕਰਦਿਆਂ ਉਨ੍ਹਾਂ ਦੀ ਅਰਜ਼ੀ ਰੱਦ ਕਰ ਦਿੱਤੀ। ਹੁਣ ਜਦੋਂ ਪੈਸੇ ਮੰਗਦੇ ਸੀ ਕਿ ਗਮਾਡਾ ਅਧਿਕਾਰੀ ਕੋਈ ਆਈ ਗਈ ਨਹੀਂ ਦਿੱਤੀ। ਜਿਸ ਕਾਰਨ ਉਹ ਮੁੜ ਅਦਾਲਤ ਦੀ ਸ਼ਰਨ ਵਿੱਚ ਚਲੇ ਗਏ ਅਤੇ ਅਦਾਲਤ ਨੇ ਪੀੜਤ ਕਿਸਾਨਾਂ ਦੀਆਂ ਦਲੀਲਾਂ ਨਾਲ ਸਹਿਮਤ ਕਰਦਿਆਂ ਗਮਾਡਾ ਦਫ਼ਤਰ ਦੀ ਆਲੀਸ਼ਾਨ ਇਮਾਰਤ, ਸਰਕਾਰੀ ਵਾਹਨ, ਏਸੀ, ਫਰਿੱਜ, ਪੱਖੇ ਅਤੇ ਫਰਨੀਚਰ ਆਦਿ ਕੁਰਕ ਕਰਨ ਦੇ ਆਦੇਸ਼ ਜਾਰੀ ਕੀਤੇ ਗਏ। ਅਦਾਲਤ ਦੇ ਨੁਮਾਇੰਦੇ ਅਸ਼ੋਕ ਕੁਮਾਰ ਵੱਲੋਂ ਗਮਾਡਾ ਦਫ਼ਤਰ ਦੇ ਬਾਹਰ ਕੁਰਕੀ ਦਾ ਨੋਟਿਸ ਲਗਾਇਆ ਗਿਆ। ਹੁਣ ਚਾਰ ਅਪਰੈਲ ਨੂੰ ਗਮਾਡਾ ਦੀ ਨਿਲਾਮੀ ਸਬੰਧੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਕੇਸਾਂ ਵਿੱਚ ਗਮਾਡਾ ਦਫ਼ਤਰ ਅਤੇ ਸਮਾਨ ਦੀ ਕੁਰਕੀ ਦੇ ਹੁਕਮ ਜਾਰੀ ਹੋ ਚੁੱਕੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ