Share on Facebook Share on Twitter Share on Google+ Share on Pinterest Share on Linkedin ਡਾ. ਬੀਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੁਹਾਲੀ ਨੂੰ ਜਲਦ ਮਿਲੇਗਾ 6 ਬੈੱਡਾਂ ਵਾਲਾ ਆਈਸੀਯੂ ਸਿਹਤ ਮੰਤਰੀ ਨੇ ਭਗਵੰਤ ਮਾਨ ਵੱਲੋਂ ਲਾਂਚ ਕੀਤੇ ਜਾਣ ਵਾਲੇ ਆਈਸੀਯੂ ਦੀ ਸ਼ੁਰੂਆਤ ਤੋਂ ਪਹਿਲਾਂ ਤਿਆਰੀ ਦਾ ਲਿਆ ਜਾਇਜ਼ਾ ਆਈਸੀਯੂ ਕਾਰਜਸ਼ੀਲ ਤੇ ਗੰਭੀਰ ਸਥਿਤੀ ਵਾਲੇ ਮਰੀਜ਼ਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਤਿਆਰ: ਡਾ. ਬਲਬੀਰ ਸਿੰਘ ਸਿਹਤ ਮੰਤਰੀ ਨੇ ਏਮਜ਼ ਮੁਹਾਲੀ ਵਿੱਚ ਸਥਾਪਿਤ ਕੀਤੀ ਜਾ ਰਹੀ ਬਾਇਓਸੇਫਟੀ ਲੈਵਲ 2 ਲੈਬ ਦਾ ਵੀ ਕੀਤਾ ਦੌਰਾ ਨਬਜ਼-ਏ-ਪੰਜਾਬ, ਮੁਹਾਲੀ, 1 ਮਾਰਚ: ਇੱਥੋਂ ਦੇ ਫੇਜ਼-6 ਸਥਿਤ ਡਾ. ਬੀਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਆਈਐਮਐਸ) ਵਿਖੇ ਨਿਗੂਣੀਆਂ ਫੀਸਾਂ ’ਤੇ ਗੰਭੀਰ ਬਿਮਾਰੀਆਂ ਵਾਲੇ ਮਰੀਜ਼ਾਂ ਦਾ ਵਧੀਆ ਇਲਾਜ ਯਕੀਨੀ ਬਣਾਉਣ ਦੇ ਮੱਦੇਨਜ਼ਰ 6 ਬੈੱਡਾਂ ਵਾਲਾ ਆਈਸੀਯੂ ਸ਼ੁਰੂ ਕਰਨ ਸਬੰਧੀ ਸਾਰੀਆਂ ਤਿਆਰੀਆਂ ਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦਿੱਤੀ। ਇਸ ਤੋਂ ਪਹਿਲਾਂ ਮੰਤਰੀ ਨੇ ਏਮਜ਼ ਮੁਹਾਲੀ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਤੇ ਹੋਰਨਾਂ ਨਾਲ ਆਈਸੀਯੂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਜਿਸਦਾ ਰਸਮੀ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਜਾਣ ਦੀ ਸੰਭਾਵਨਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ‘ਆਈਸੀਯੂ’ ਕਾਰਜਸ਼ੀਲ ਹੈ, ਇੱਥੇ ਵੈਂਟੀਲੇਟਰ ਸਹਾਇਤਾ ਦੀ ਲੋੜ ਵਾਲੇ ਮਰੀਜ਼ਾਂ ਨੂੰ ਮਾਮੂਲੀ ਦਰਾਂ ’ਤੇ ਸੁਚੱਜੀਆਂ ਮੈਡੀਕਲ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇੱਥੇ ਕ੍ਰੈਸ਼ ਕਾਰਟਸ, ਮਰੀਜ਼ ਮਾਨੀਟਰ, ਡੀਫਿਬ੍ਰਿਲਟਰ ਅਤੇ ਵੈਂਟੀਲੇਟਰਾਂ ਦੇ ਨਾਲ ਇਨਫਿਊਜ਼ਨ ਪੰਪ ਵਰਗੇ ਸਾਰੇ ਜੀਵਨ ਬਚਾਊ ਉਪਕਰਨ ਉਪਲਬਧ ਹਨ। ਇਸ ਉਪਰਾਲੇ ਨੂੰ ਸਿਹਤ ਸਹੂਲਤਾਂ ਦੇ ਖੇਤਰ ਵਿੱਚ ਇੱਕ ਮੀਲ ਪੱਥਰ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਸੂਬੇ ਦੇ ਮੈਡੀਕਲ ਢਾਂਚੇ ਨੂੰ ਮਜ਼ਬੂਤ ਕਰੇਗੀ। ਇਸੇ ਦੌਰਾਨ ਸਿਹਤ ਮੰਤਰੀ ਬਲਬੀਰ ਸਿੰਘ ਨੇ ਏਮਜ਼ ਮੁਹਾਲੀ ਵਿਖੇ ਨਵੀਂ ਬਣੀ ਅਤਿ-ਆਧੁਨਿਕ ਬਾਇਓਸੇਫਟੀ ਲੈਵਲ 2 ਲੈਬ ਦਾ ਵੀ ਦੌਰਾ ਕੀਤਾ, ਜੋ ਕਿ ਹੁਣ ਕੋਵਿਡ-19 ਦਾ ਪਤਾ ਲਗਾਉਣ ਲਈ ਸਾਰੀਆਂ ਆਰਟੀਪੀਸੀਆਰ ਸਹੂਲਤਾਂ ਨਾਲ ਲੈਸ ਹੈ। ਇੱਥੇ ਤਜਰਬੇਕਾਰ ਫੈਕਲਟੀ ਸਮੇਤ ਸਿੱਖਿਅਤ ਸਟਾਫ਼, ਜਿਸ ਵਿੱਚ ਖੋਜ ਵਿਗਿਆਨੀ, ਖੋਜ ਸਹਾਇਕ ਅਤੇ ਲੈਬ ਟੈਕਨੀਸ਼ੀਅਨ ਸ਼ਾਮਲ ਹਨ। ਇਸ ਲੈਬ ਵਿੱਚ ਬਾਇਓਸੇਫਟੀ ਕੈਬਨਿਟਾਂ, ਆਰਐਨਏ ਐਕਸਟਰੈਕਟਰ, ਰੈਫਰੀਜੇਰੇਟਿਡ ਸੈਂਟਰਿਫਿਊਜ, ਵੌਰਟੈਕਸ ਮਿਕਸਰ, ਮਿੰਨੀ-ਸਪਿਨਰ, ਥਰਮੋ-ਸ਼ੇਕਰ, ਪਾਈਪੇਟਸ, ਆਟੋਕਲੇਵ, ਪੀਸੀਆਰ ਵਰਕਸਟੇਸ਼ਨ, -40 ਡਿਗਰੀ ਅਤੇ -80 ਡਿਗਰੀ ਸੈਲਸੀਅਸ ਡੀਪ ਫਰੀਜ਼ਰ, ਆਰਟੀਪੀਸੀਆਰ ਮਸ਼ੀਨਾਂ, ਪ੍ਰਿੰਟਰਾਂ ਸਮੇਤ ਕੰਪਿਊਟਰ ਯੂਨਿਟਾਂ ਅਤੇ ਸਾਰੀਆਂ ਲੋੜੀਂਦੀਆਂ ਚੀਜ਼ਾਂ ਮੌਜੂਦ ਹਨ। ਇਹ ਲੈਬ ਵੀ ਜਲਦੀ ਕਾਰਜਸ਼ੀਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਲੈਬ ਦਾ ਉਦੇਸ਼ ਮੌਲੀਕਿਊਲਰ ਪੱਧਰ ’ਤੇ ਜਨ ਸਿਹਤ ਦੇ ਮਹੱਤਵ ਵਾਲੇ ਵਾਇਰਸਾਂ, ਜਿਵੇਂ ਇਨਫਲੂਐਂਜ਼ਾ ਵਾਇਰਸ ਅਤੇ ਹੋਰ ਵਾਇਰਸ ਜਿਸ ਨਾਲ ਸਾਹ-ਰਗ ਸਬੰਧੀ ਇਨਫੈਕਸ਼ਨ, ਮੱਛਰਾਂ ਰਾਹੀਂ ਫੈਲਣ ਵਾਲੇ (ਵੈਕਟਰ ਬੋਰਨ) ਵਾਇਰਸ ਜਿਵੇਂ ਡੇਂਗੂ ਚਿਕਨਗੁਨੀਆ, ਜ਼ੀਕਾ ਅਤੇ ਵਾਇਰਸ, ਜੀਆਈ ਇਨਫੈਕਸ਼ਨ ਦਾ ਕਾਰਨ ਬਣਦੇ ਵਾਇਰਸ ਜਿਵੇਂ ਹੈਪੇਟਾਈਟਸ ਵਾਇਰਸ, ਜਿਨਸੀ ਤੌਰ ’ਤੇ ਸੰਚਾਰਿਤ ਇਨਫੈਕਸ਼ਨ ਜਿਵੇਂ ਕਿ ਹਿਊਮਨ ਪੈਪੀਲੋਮਾਵਾਇਰਸ ਅਤੇ ਸੀਐਨਐਸ ਇਨਫੈਕਸ਼ਨ ਦਾ ਕਾਰਨ ਬਣਨ ਵਾਲੇ ਵਾਇਰਸ, ਦਾ ਸਮਾਂ ਰਹਿੰਦਿਆਂ ਪਤਾ ਲਗਾਉਣਾ ਹੈ। ਇਸ ਮੌਕੇ ਸੁਪਰਡੈਂਟ ਡਾ. ਨਵਦੀਪ ਸਿੰਘ ਸੈਣੀ, ਐਸਐਮਓਜ਼ ਡਾ. ਐਚਐਸ ਚੀਮਾ ਅਤੇ ਡਾ. ਵਿਜੈ ਭਗਤ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ