ਮੁੱਖ ਮੰਤਰੀ ਵੱਲੋਂ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਹੈੱਡਕੁਆਟਰ ਸਮੇਤ ਚਾਰ ਜ਼ੋਨਲ ਦਫ਼ਤਰਾਂ ਦਾ ਕੀਤਾ ਉਦਘਾਟਨ

ਨਬਜ਼-ਏ-ਪੰਜਾਬ, ਮੁਹਾਲੀ, 29 ਫਰਵਰੀ:
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਮੰਚ ਤੋਂ ਹੀ ਵਰਚੂਅਲ ਤੌਰ ’ਤੇ ਪੰਜਾਬ ਵਿੱਚ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਸਟੇਟ ਹੈੱਡਕੁਆਟਰ ਸਮੇਤ ਚਾਰ ਜ਼ੋਨਲ ਦਫ਼ਤਰਾਂ ਦਾ ਵੀ ਉਦਘਾਟਨ ਕੀਤਾ। ਇਹ ਸਟੇਟ ਹੈੱਡਕੁਆਟਰ ਦਫ਼ਤਰ 2.63 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ਜਦਕਿ ਗੁਰਦਾਸਪੁਰ, ਜਲੰਧਰ, ਬਠਿੰਡਾ ਅਤੇ ਫਿਰੋਜ਼ਪੁਰ ਵਿੱਚ ਸਥਾਪਿਤ ਕੀਤੇ ਗਏ ਜ਼ੋਨਲ ਦਫ਼ਤਰਾਂ ’ਤੇ 2.78 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਇਸ ਤੋਂ ਇਲਾਵਾ ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਹੁਸ਼ਿਆਰਪੁਰ ਵਿੱਚ ਚਾਰ ਹੋਰ ਜ਼ੋਨਲ ਦਫ਼ਤਰ ਉਸਾਰੀ ਅਧੀਨ ਹਨ, ਜਿਨ੍ਹਾਂ ਦਾ ਨਿਰਮਾਣ ਛੇਤੀ ਹੀ ਮੁਕੰਮਲ ਹੋ ਜਾਵੇਗਾ। ਇੰਜ ਹੀ ਫਾਜ਼ਿਲਕਾ, ਮੋਗਾ, ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਵੀ ਜ਼ਿਲ੍ਹਾ ਦਫ਼ਤਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਪਰੋਕਤ ਸਰਕਾਰੀ ਦਫ਼ਤਰਾਂ ਲਈ ਲੋੜੀਂਦੀ ਜ਼ਮੀਨ ਮੁਹੱਈਆ ਕਰਵਾ ਦਿੱਤੀ ਗਈ ਹੈ ਅਤੇ 34.66 ਕਰੋੜ ਰੁਪਏ ਦੀ ਲਾਗਤ ਨਾਲ ਇਨ੍ਹਾਂ ਦਫ਼ਤਰਾਂ ਵਿੱਚ ਬੁਨਿਆਦੀ ਢਾਂਚਾ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਦਫ਼ਤਰ ਨਵੀਨਤਮ ਸੂਚਨਾ ਟੈਕਨਾਲੋਜੀ ਸਹੂਲਤਾਂ ਨਾਲ ਲੈਸ ਹੋਣਗੇ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਫੂਡ ਐਂਡ ਡਰੱਗ ਐਡਮਨਿਸਟੇ੍ਰਸ਼ਨ ਵੱਲੋਂ ਪੰਜਾਬ ਵਿੱਚ ਐਲੋਪੈਥਿਕ ਦਵਾਈਆਂ, ਕਾਸਮੈਟਿਕ ਅਤੇ ਹੋਮਿਓਪੈਥਿਕ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਅਤੇ ਡਰੱਗ ਲਾਇਸੈਂਸ ਜਾਰੀ ਕੀਤੇ ਜਾਂਦੇ ਹਨ। ਇਹ ਨਵੇਂ ਦਫ਼ਤਰ ਲੋਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨਗੇ। ਇਸ ਤੋਂ ਇਲਾਵਾ ਜ਼ਬਤ ਕੀਤੀਆਂ ਦਵਾਈਆਂ ਅਤੇ ਨਮੂਨਿਆਂ ਨੂੰ ਸਟੋਰ ਕਰਨ ਲਈ ਇਨ੍ਹਾਂ ਦਫ਼ਤਰਾਂ ਵਿੱਚ ਸਟੋਰੇਜ ਦੀ ਸਹੂਲਤ ਵੀ ਉਪਲਬਧ ਹੋਵੇਗੀ।
ਲਿਵਰ ਇੰਸਟੀਚਿਊਟ ਬਾਰੇ ਸਿਹਤ ਮੰਤਰੀ ਨੇ ਦੱਸਿਆ ਕਿ ਇਸ ਦੀ ਸਥਾਪਨਾ ਸਬੰਧੀ 2022 ਦੇ ਬਜਟ ਸੈਸ਼ਨ ਵਿੱਚ ਐਲਾਨ ਕੀਤਾ ਗਿਆ ਸੀ ਅਤੇ ਇਹ ਪੰਜਾਬ ਦੀ ਪਹਿਲੀ ਸਰਕਾਰੀ ਸਿਹਤ ਸੰਸਥਾ ਹੋਵੇਗੀ, ਜਿਸ ਵਿੱਚ ਮਰੀਜ਼ਾਂ ਨੂੰ ਐਂਡੋਸਕੋਪੀ, ਫਾਈਬਰੋਸਕੋਪੀ ਅਤੇ ਐਂਡੋਸਕੋਪਿਕ ਅਲਟਰਾਸਾਊਂਡ ਵਰਗੀਆਂ ਅਤਿ-ਆਧੁਨਿਕ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਸੰਸਥਾ ਦੇ ਮਾਹਰਾਂ ਵੱਲੋਂ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਟੈਲੀ-ਮੈਡੀਸਨ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਹੈਪੇਟੋਲੋਜੀ ਵਿੱਚ ਸਿਖਲਾਈ ਅਤੇ ਖੋਜ ਸਹੂਲਤਾਂ ਲਈ ਇਸ ਨੂੰ ਅਤਿ-ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਕੀਤਾ ਗਿਆ ਹੈ।
ਇਸ ਇੰਸਟੀਚਿਊਟ ਦੀ ਸਥਾਪਨਾ 40 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕੀਤੀ ਗਈ ਹੈ। ਜਿਸ ਵਿੱਚ 80 ਡਾਕਟਰ, 150 ਸਟਾਫ਼ ਨਰਸਾਂ ਅਤੇ 200 ਗਰੁੱਪ-ਡੀ ਕਰਮਚਾਰੀਆਂ ਸਮੇਤ 450 ਦੇ ਕਰੀਬ ਸਟਾਫ਼ ਹੋਵੇਗਾ। ਪੀਜੀਆਈ ਹੈਪੇਟੇਲੋਜੀ ਦੇ ਸਾਬਕਾ ਪ੍ਰੋਫੈਸਰ ਵਰਿੰਦਰ ਸਿੰਘ ਨੂੰ ਲਿਵਰ ਇੰਸਟੀਚਿਊਟ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਇਸ ਸੰਸਥਾ ਵਿੱਚ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਇਨਡੋਰ ਅਤੇ ਐਮਰਜੈਂਸੀ ਸੇਵਾਵਾਂ ਰਾਹੀਂ ਲਿਵਰ ਸਬੰਧੀ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ। ਇਸ ਦਾ ਉਦੇਸ਼ ਪੰਜਾਬ ਨੂੰ ਦੇਸ਼ ਭਰ ਵਿੱਚ ਮੈਡੀਕਲ ਸਿਹਤ ਸਹੂਲਤਾਂ ਦਾ ਕੇਂਦਰ ਬਣਾਉਣਾ ਹੈ। ਇਸ ਇੰਸਟੀਚਿਊਟ ਦੀ ਸਥਾਪਨਾ ਦਿ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ ਨਵੀਂ ਦਿੱਲੀ ਦੀ ਤਰਜ਼ ’ਤੇ ਕੀਤੀ ਗਈ ਹੈ।
ਭਾਵੇਂ ਇਸ ਵੱਕਾਰੀ ਸੰਸਥਾ ਦਾ ਰਸਮੀ ਉਦਘਾਟਨ ਅੱਜ ਕੀਤਾ ਗਿਆ ਹੈ ਪ੍ਰੰਤੂ ਪਿਛਲੇ 8 ਮਹੀਨਿਆਂ ਤੋਂ ਇੱਥੇ ਓਪੀਡੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਅੱਜ ਤੋਂ ਇੰਸਟੀਚਿਊਟ ਵਿੱਚ ਇੰਨਡੋਰ, ਇੰਟੈਂਸਿਵ ਕੇਅਰ ਅਤੇ ਐਮਰਜੈਂਸੀ ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਇੱਥੋਂ ਗੰਭੀਰ ਅਤੇ ਪੁਰਾਣੀ ਹੈਪੇਟਾਈਟਸ, ਸਿਰੋਸਿਸ, ਲਿਵਰ ਕੈਂਸਰ, ਅਲਕੋਹਲਿਕ ਲਿਵਰ ਡਿਜੀਜ਼, ਐਸਾਈਟਸ, ਵੱਖ-ਵੱਖ ਪੈਨਕ੍ਰੀਆਟਿਕ ਬਿਮਾਰੀਆਂ ਅਤੇ ਪਿੱਤੇ ਸਬੰਧੀ ਬਿਮਾਰੀਆਂ ਅਤੇ ਵੱਖ-ਵੱਖ ਕਿਸਮਾਂ ਦੀਆਂ ਬਿਲੀਅਰੀ ਡਿਜੀਜ਼ ਵਾਲੇ ਮਰੀਜ਼ ਇਸ ਸੰਸਥਾ ਤੋਂ ਇਲਾਜ ਕਰਵਾ ਸਕਦੇ ਹਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…