ਪੰਜਾਬ ਦੇ ਪਹਿਲੇ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ ਦਾ ਮੁੱਖ ਮੰਤਰੀ ਕਰਨਗੇ ਉਦਘਾਟਨ

ਨਵੀਂ ਦਿੱਲੀ ਦੀ ਤਰਜ਼ ’ਤੇ ਮੁਹਾਲੀ ਵਿੱਚ ਕੀਤੀ ਗਈ ਲਿਵਰ ਇੰਸਟੀਚਿਊਟ ਦੀ ਸਥਾਪਨਾ

ਇੰਸਟੀਚਿਊਟ ਵਿੱਚ ਪਹਿਲਾਂ ਹੀ ਪਿਛਲੇ 8 ਮਹੀਨਿਆਂ ਤੋਂ ਓਪੀਡੀ ਸੇਵਾਵਾਂ ਕਾਰਜਸ਼ੀਲ

ਨਬਜ਼-ਏ-ਪੰਜਾਬ, ਮੁਹਾਲੀ, 28 ਫਰਵਰੀ:
ਪੰਜਾਬ ਸਰਕਾਰ ਵੱਲੋਂ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਯਕੀਨੀ ਬਣਾਉਣ ਦੀ ਵਚਨਬੱਧਤਾ ਤਹਿਤ ਮੁਹਾਲੀ ਦੇ ਫੇਜ਼-3ਬੀ1 ਸਥਿਤ ਪੰਜਾਬ ਦਾ ਪਹਿਲਾ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ ਬਣ ਕੇ ਪੂਰੀ ਤਰ੍ਹਾਂ ਤਿਆਰ ਹੈ। ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਇਹ ਇੰਸਟੀਚਿਊਟ ਲੋਕਾਂ ਨੂੰ ਸਮਰਪਿਤ ਕਰਨਗੇ। ਸਰਕਾਰ ਨੇ ਬਜਟ ਸੈਸ਼ਨ-2022 ਵਿੱਚ ਇਸ ਸਬੰਧੀ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਲਿਵਰ ਇੰਸਟੀਚਿਊਟ ਬਣਾਉਣ ਲਈ ਮੁਹਾਲੀ ਵਾਸੀਆਂ ਤੋਂ ਕਮਿਊਨਿਟੀ ਹੈਲਥ ਸੈਂਟਰ ਖੋਹ ਲਿਆ ਗਿਆ ਹੈ। ਕਮਿਊਨਿਟੀ ਹੈਲਥ ਸੈਂਟਰ ਨੂੰ ਮੁੜ ਇੱਥੇ ਹੀ ਵਾਪਸ ਲਿਆਉਣ ਲਈ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਕਾਨੂੰਨੀ ਲੜਾਈ ਲੜ ਰਹੇ ਹਨ ਅਤੇ ਇਹ ਕੇਸ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ। ਇਸ ਕੇਸ ਦੀ ਅਗਲੀ ਸੁਣਵਾਈ 20 ਮਈ ਨੂੰ ਹੋਵੇਗੀ। ਇਸ ਸਬੰਧੀ ਉੱਚ ਅਦਾਲਤ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਅਤੇ ਹੋਰਨਾਂ ਨੂੰ ਨੋਟਿਸ ਜਾਰੀ ਕੀਤਾ ਹੋਇਆ ਹੈ, ਪ੍ਰੰਤੂ ਕੇਸ ਦੇ ਨਿਬੇੜੇ ਤੋਂ ਪਹਿਲਾਂ ਹੀ ਮੁੱਖ ਮੰਤਰੀ ਇਸ ਦਾ ਉਦਘਾਟਨ ਕਰਨ ਲਈ ਉਤਾਵਲੇ ਹਨ।
ਇਹ ਸੰਸਥਾ ਹੈਪੇਟੋਲੋਜੀ ਦੇ ਖੇਤਰ ਵਿੱਚ ਸੁਪਰ-ਸਪੈਸ਼ਲਿਟੀ ਕੇਅਰ, ਸਿਖਲਾਈ ਅਤੇ ਖੋਜ ਸਬੰਧੀ ਅਤਿ-ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਹੈ। ਇੰਸਟੀਚਿਊਟ ਦੀ ਸਥਾਪਨਾ 40 ਕਰੋੜ ਤੋਂ ਵੱਧ ਦੀ ਲਾਗਤ ਆਈ ਹੈ। ਇਸ ਵਿੱਚ 80 ਡਾਕਟਰ, 150 ਸਟਾਫ਼ ਨਰਸਾਂ ਅਤੇ 200 ਗਰੁੱਪ-ਡੀ ਕਰਮਚਾਰੀਆਂ ਸਮੇਤ 450 ਸਟਾਫ਼ ਮੈਂਬਰ ਹਨ। ਪ੍ਰੋ. ਵਰਿੰਦਰ ਸਿੰਘ (ਹੈਪੇਟੋਲੋਜੀ ਪੀਜੀਆਈ, ਚੰਡੀਗੜ੍ਹ ਦੇ ਸਾਬਕਾ ਪ੍ਰੋਫੈਸਰ ਤੇ ਮੁਖੀ) ਨੂੰ ਇਸ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਵੱਕਾਰੀ ਸੰਸਥਾ ਦੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਨਵੀਂ ਦਿੱਲੀ ਤੋਂ ਬਾਅਦ ਪੰਜਾਬ ਦੇਸ਼ ਦਾ ਅਜਿਹਾ ਦੂਜਾ ਸੂਬਾ ਹੋਵੇਗਾ, ਜਿੱਥੇ ਲਿਵਰ ਅਤੇ ਬਿਲੀਅਰੀ ਰੋਗ ਦੇ ਮਰੀਜ਼ਾਂ ਲਈ ਵਿਸ਼ੇਸ਼ ਤੌਰ ’ਤੇ ਇੰਸਟੀਚਿਊਟ ਹੋਵੇਗਾ। ਇਸ ਇੰਸਟੀਚਿਊਟ ਦੀ ਸਥਾਪਨਾ ਦਿ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ ਨਵੀਂ ਦਿੱਲੀ ਦੀ ਤਰਜ਼ ’ਤੇ ਕੀਤੀ ਗਈ ਹੈ।
ਭਾਵੇਂ ਇਸ ਵੱਕਾਰੀ ਸੰਸਥਾ ਦਾ ਰਸਮੀ ਉਦਘਾਟਨ ਹੋਣਾ ਬਾਕੀ ਹੈ ਪ੍ਰੰਤੂ ਪਿਛਲੇ 8 ਮਹੀਨਿਆਂ ਤੋਂ ਇੱਥੇ ਓਪੀਡੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਵੀਰਵਾਰ ਤੋਂ ਇੰਸਟੀਚਿਊਟ ਵਿੱਚ ਇੰਨਡੋਰ, ਇੰਟੈਂਸਿਵ ਕੇਅਰ ਅਤੇ ਐਮਰਜੈਂਸੀ ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਇੱਥੋਂ ਗੰਭੀਰ ਅਤੇ ਪੁਰਾਣੀ ਹੈਪੇਟਾਈਟਸ, ਸਿਰੋਸਿਸ, ਲਿਵਰ ਕੈਂਸਰ, ਅਲਕੋਹਲਿਕ ਲਿਵਰ ਡਿਜੀਜ਼, ਐਸਾਈਟਸ, ਵੱਖ-ਵੱਖ ਪੈਨਕ੍ਰੀਆਟਿਕ ਬਿਮਾਰੀਆਂ ਅਤੇ ਪਿੱਤੇ ਸਬੰਧੀ ਬਿਮਾਰੀਆਂ ਅਤੇ ਵੱਖ-ਵੱਖ ਕਿਸਮਾਂ ਦੀਆਂ ਬਿਲੀਅਰੀ ਡਿਜੀਜ਼ ਵਾਲੇ ਮਰੀਜ਼ ਇਸ ਸੰਸਥਾ ਤੋਂ ਇਲਾਜ ਕਰਵਾ ਸਕਦੇ ਹਨ।
ਸਿਹਤ ਮੰਤਰੀ ਨੇ ਦੱਸਿਆ ਕਿ ਇਹ ਸੂਬੇ ਦਾ ਪਹਿਲਾ ਸਰਕਾਰੀ ਹਸਪਤਾਲ ਹੋਵੇਗਾ ਜਿੱਥੇ ਯੂਜੀਆਈ ਐਂਡੋਸਕੋਪੀ, ਫਾਈਬਰੋਸਕੈਨ, ਐਂਡੋਸਕੋਪਿਕ ਅਲਟਰਾਸਾਊਂਡ ਅਤੇ ਈਆਰਸੀਪੀ ਵਰਗੀਆਂ ਬੀਮਾਰੀਆਂ ਦਾ ਇਲਾਜ ਕੀਤਾ ਜਾਵੇਗਾ। ਇਹ ਸੰਸਥਾ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਤੱਕ ਪਹੁੰਚ ਲਈ ਟੈਲੀਮੈਡੀਸਨ ਸੇਵਾਵਾਂ ਵੀ ਸ਼ੁਰੂ ਕਰੇਗੀ। ਇਸ ਸੰਸਥਾ ਵਿੱਚ ਛੇਤੀ ਹੀ ਲਿਵਰ ਟਰਾਂਸਪਲਾਂਟ ਦੀ ਸਹੂਲਤ ਸ਼ੁਰੂ ਹੋਣ ਦੀ ਉਮੀਦ ਹੈ।
ਇਸ ਮੌਕੇ ਮੁੱਖ ਮੰਤਰੀ ਵੱਲੋਂ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ਦੇ ਨਵੇਂ ਸਥਾਪਿਤ ਰਾਜ ਅਤੇ ਜ਼ੋਨਲ ਦਫ਼ਤਰਾਂ ਦਾ ਵੀ ਉਦਘਾਟਨ ਕੀਤਾ ਜਾਵੇਗਾ। ਇਨ੍ਹਾਂ ਦਫ਼ਤਰਾਂ ਵਿੱਚ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ, ਪੰਜਾਬ ਦਾ ਸਟੇਟ ਹੈੱਡਕੁਆਰਟਰ ਵੀ ਸ਼ਾਮਲ ਹੈ। ਜਿਸਦਾ ਨਾਮ ਬਦਲ ਕੇ ਕਮਿਸ਼ਨਰੇਟ, ਫੂਡ ਐਂਡ ਡਰੱਗਜ਼ ਐਡ-ਮਿਨਿਸਟ੍ਰੇਸ਼ਨ ਰੱਖਿਆ ਗਿਆ ਹੈ ਅਤੇ ਇਹ 2.63 ਕਰੋੜ ਰੁਪਏ ਦੀ ਲਾਗਤ ਨਾਲ ਫੇਜ਼-9 ਵਿੱਚ ਸਥਾਪਿਤ ਕੀਤਾ ਗਿਆ ਹੈ, ਜਦੋਂਕਿ 278.01 ਲੱਖ ਰੁਪਏ ਦੀ ਲਾਗਤ ਨਾਲ ਗੁਰਦਾਸਪੁਰ, ਜਲੰਧਰ, ਬਠਿੰਡਾ ਅਤੇ ਫਿਰੋਜ਼ਪੁਰ ਸਮੇਤ ਚਾਰ ਜ਼ੋਨਲ ਦਫ਼ਤਰ ਸਥਾਪਿਤ ਕੀਤੇ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…